ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬਣੇਗੀ ਦਸਤਾਵੇਜੀ ਫ਼ਿਲਮ

ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬਣੇਗੀ ਦਸਤਾਵੇਜੀ ਫ਼ਿਲਮ

ਸਿਆਟਲ/ਹਰਮਨਪ੍ਰੀਤ ਸਿੰਘ):
ਅਮਰੀਕਾ ਦੇ ਦੋ ਪ੍ਰਸਿੱਧ ਟੀ.ਵੀ. ਚੈਨਲ ਸੀ. ਐਨ. ਐਨ. ਅਤੇ ਫੋਕਸ ਨਿਊਜ਼ ਅਤੇ ਏ. ਕੇ. ਪੀ. ਡੀ. ਕੰਪਨੀ ਵਲੋਂ ਪਿਛਲੇ ਸਮੇਂ ਦੌਰਾਨ ਸਿੱਖਾਂ ਦੀ ਪਛਾਣ ਨੂੰ ਲੈ ਕੇ ਬਣਾਈ ਡਾਕੂਮੈਂਟਰੀ ਚੱਲਣ ਨਾਲ ਅਮਰੀਕਾ ਦੇ 59 ਫ਼ੀਸਦੀ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਲੱਗਾ ਤੇ ਉਨ੍ਹਾਂ ਦਾ ਭੁਲੇਖਾ ਦੂਰ ਹੋਇਆ ਹੈ । ਇਸ ਡਾਕੂਮੈਂਟਰੀ ਦੇ ਚੱਲਣ ਤੋਂ ਪਹਿਲਾਂ ਅਮਰੀਕਾ ਦੇ ਸਿਰਫ਼ 11 ਫ਼ੀਸਦੀ ਲੋਕਾਂ ਨੂੰ ਹੀ ਸਿੱਖਾਂ ਬਾਰੇ ਪਤਾ ਸੀ । ਦਸਿਆ ਗਿਆ ਹੈ ਕਿ ਹੁਣ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਕ 30 ਮਿੰਟ ਦੀ ਡਾਕੂਮੈਂਟਰੀ ਫ਼ਿਲਮ ਤਿਆਰ ਹੋ ਰਹੀ ਹੈ, ਜਿਸ ਵਿਚ ਇਹ ਦੱਸਿਆ ਜਾਵੇਗਾ ਕਿ ਸਿੱਖ ਧਰਮ ਬਾਕੀ ਧਰਮਾਂ ਤੋਂ ਅਲੱਗ ਕਿਉਂ ਹੈ ਅਤੇ ਇਹ ਫ਼ਿਲਮ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਵੇਗੀ ।
ਇਸ ਫ਼ਿਲਮ ਨੂੰ ਪ੍ਰਸਿੱਧ ਨਿਰਦੇਸ਼ਕ ਮੈਡਮ ਸਕਰੈਲ ਨਿਰਦੇਸ਼ਤ ਕਰੇਗੀ ਤੇ ਇਹ ਫ਼ਿਲਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਭਾਵ 2019 ਵਿਚ ਰਿਲੀਜ਼ ਹੋਵੇਗੀ । ਇਸ ‘ਤੇ ਲਗਪਗ 5 ਲੱਖ ਡਾਲਰ ਖ਼ਰਚ ਆਵੇਗਾ । ਸੰਸਥਾ ਦੇ ਆਗੂਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ‘ਨੈਸ਼ਨਲ ਸਿੱਖ ਕੰਪੇਨ’ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ.