ਗੁਰੂ ਗੋਬਿੰਦ ਦੇ ਰੰਗ ਵਿੱਚ ਰੰਗੀ ਗਈ ਪਟਨਾ ਨਗਰੀ

ਗੁਰੂ ਗੋਬਿੰਦ ਦੇ ਰੰਗ ਵਿੱਚ ਰੰਗੀ ਗਈ ਪਟਨਾ ਨਗਰੀ

ਪਟਨਾ ਸਾਹਿਬ/ਬਿਊਰੋ ਨਿਊਜ਼:
ਸਾਹਿਬੇ-ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ 351ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ  ਗੁਰਦੁਆਰਾ ਗਊਘਾਟ ਤੋਂ ਸ਼ੁਰੂ ਹੋ ਕੇ ਦੇਰ ਰਾਤ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਆ ਕੇ ਮੁਕੰਮਲ ਹੋਇਆ। ਨਗਰ ਕੀਰਤਨ ਵਿੱਚ ਸ਼ਾਮਲ ਜਥਿਆਂ ਦਾ ਜਾਹੋ ਜਲਾਲ ਦੇਖਣ ਵਾਲਾ ਸੀ। ਨਗਰ ਕੀਰਤਨ ਨੇ ਬਾਅਦ ਦੁਪਹਿਰ ਸਵਾ ਦੋ ਕੁ ਵਜੇ ਗੁਰਦੁਆਰਾ ਗਊਘਾਟ ਤੋਂ ਚਾਲੇ ਪਾਏ। ਪਟਨਾ ਸਾਹਿਬ ਅਤੇ ਆਲੇ-ਦੁਆਲੇ ਦੇ ਇਲਾਕੇ ਪੂਰੀ ਤਰ੍ਹਾਂ ਨਾਲ ਗੋਬਿੰਦ ਦੇ ਰੰਗ ਵਿੱਚ ਰੰਗੇ ਗਏ। ਨਿਹੰਗ ਸਿੰਘਾਂ ਦੇ ਜਥਿਆਂ ਵਿੱਚ ਬਾਬਾ ਬਿਧੀਚੰਦ ਅਤੇ ਬਾਬਾ ਬੁੱਢਾ ਜੀ ਤਰਨਾ ਦਲ ਦੇ ਨਿਹੰਗ ਸਿੰਘਾਂ ਨੇ ਗੱਤਕੇ ਦੇ ਕਰਤੱਬ ਦਿਖਾਏ। ਨਿਹੰਗ ਜਥੇਬੰਦੀਆਂ ਨੇ ਘੋੜਿਆਂ ਅਤੇ ਹਾਥੀਆਂ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਇਸ ਦੀ ਰੌਣਕ ਨੂੰ ਚਾਰ ਗੁਣਾ ਕਰ ਦਿੱਤਾ। ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਆਪਣੇ ਲਾਮ-ਲਸ਼ਕਰ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਏ। ਪਟਨਾ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਜਦੋਂ ਨਗਰ ਕੀਰਤਨ ਲੰਘ ਰਿਹਾ ਸੀ ਤਾਂ ਸਥਾਨਕ ਲੋਕਾਂ ਨੇ ਸੰਗਤਾਂ ਲਈ ਚਾਹ ਅਤੇ ਦੁੱਧ ਦੇ ਖੁੱਲ੍ਹੇ ਲੰਗਰ ਲਾਏ ਹੋਏ ਸਨ। ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਨਗਰ ਕੀਰਤਨ ਦੇ ਜਾਹੋ ਜਲਾਲ ਨੂੰ ਮਾਣ ਰਹੇ ਸਨ। ਨਗਰ ਕੀਰਤਨ ਦੇ ਸਵਾਗਤ ਲਈ ਲੋਕਾਂ ਵੱਲੋਂ ਕਈ ਥਾਵਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਾਅਦ ਦੁਪਹਿਰ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਇਥੇ ਪਹੁੰਚ ਗਏ ਸਨ। ਤਖ਼ਤ ਪਟਨਾ ਸਾਹਿਬ ਤਕ ਨਗਰ ਕੀਰਤਨ ਪਹੁੰਚਣ ਨੂੰ ਕਾਫੀ ਸਮਾਂ ਲੱਗਾ। ਜਿਨ੍ਹਾਂ ਬਾਜ਼ਾਰਾਂ ਵਿੱਚੋਂ ਦੀ ਹੋ ਕੇ ਨਗਰ ਕੀਰਤਨ ਨਿਕਲ ਰਿਹਾ ਸੀ, ਉਨ੍ਹਾਂ ਬਾਜ਼ਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਹੋਇਆ ਸੀ। ਕੇਂਦਰੀ ਮੰਤਰੀ ਐਸ ਐਸ ਆਹਲੂਵਾਲੀਆ ਆਪ ਸੰਗਤਾਂ ਵਿੱਚ ਜਾ ਕੇ ਸੇਵਾ ਕਰ ਰਹੇ ਸਨ। ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਗਊਘਾਟ ਵਿੱਚ ਹੋਏ ਇਕੱਠ ਦੌਰਾਨ ਪੰਥ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਕੇਂਦਰੀ ਮੰਤਰੀ ਐਸ ਐਸ ਆਹਲੂਵਾਲੀਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ, ਪਦਮਸ੍ਰੀ ਬਲਬੀਰ ਸਿੰਘ ਸੀਚੇਵਾਲ, ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਦਇਆ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਘਾਲਾ ਸਿੰਘ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਸ਼ਖ਼ਸੀਅਤਾਂ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਪਵਿੱਤਰ ਧਰਤੀ ਤੋਂ  ਨੌਜਵਾਨੀ ਨੂੰ ਨਸ਼ਿਆਂ ਤੋਂ  ਬਚਾਉਣ ਦਾ ਸੁਨੇਹਾ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਉਨ੍ਹਾਂ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਦੇ ਪਹਿਲੇ 6 ਮਹੀਨਿਆਂ ਵਿੱਚ ਹੀ ਚਾਰ ਸ਼ਤਾਬਦੀ ਸਮਾਗਮ ਆ ਗਏ ਸਨ, ਜਿਹੜੇ ਉਨ੍ਹਾਂ ਸਿੱਖ ਕੌਮ ਦੀ ਅਗਵਾਈ ਹੇਠ ਬੜੀ ਕਾਮਯਾਬੀ ਨਾਲ ਮਨਾਏ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਅਤੇ ਪੰਥ ਦੇ ਸਿਰਮੌਰ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।