ਆਸ਼ਾ ਕੁਮਾਰੀ ਦੇ ਥੱਪੜ ਨੂੰ ਟਕਰਿਆ ਥੱਪੜ

ਆਸ਼ਾ ਕੁਮਾਰੀ ਦੇ ਥੱਪੜ ਨੂੰ ਟਕਰਿਆ ਥੱਪੜ

ਆਪਸ ‘ਚ ਖਹਿਬੜੀਆਂ ਕਾਂਗਰਸ ਵਿਧਾਇਕ ਆਸ਼ਾ ਕੁਮਾਰੀ ਤੇ ਮਹਿਲਾ ਸਿਪਾਹੀ ਨੂੰ ਰੋਕਦੇ ਹੋਏ ਕਾਂਗਰਸੀ ਆਗੂ ਤੇ ਪੁਲੀਸ ਮੁਲਾਜ਼ਮ।
ਸ਼ਿਮਲਾ/ਬਿਊਰੋ ਨਿਊਜ਼:
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਸ਼ੁੱਕਰਵਾਰ ਸ਼ਿਮਲਾ ਆਏ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰੋਗਰਾਮ ਤੋਂ ਪਹਿਲਾਂ ਹੰਗਾਮਾ ਹੋ ਗਿਆ ਜਦੋਂ ਪਾਰਟੀ ਦੀ ਕੌਮੀ ਸਕੱਤਰ ਆਸ਼ਾ ਕੁਮਾਰੀ ਨੇ ਮਹਿਲਾ ਸਿਪਾਹੀ ਨੂੰ ਥੱਪੜ ਮਾਰ ਦਿੱਤਾ। ਇਸ ਦੇ ਜਵਾਬ ‘ਚ ਮਹਿਲਾ ਸਿਪਾਹੀ ਨੇ ਵੀ ਆਸ਼ਾ ਕੁਮਾਰੀ ਨੂੰ ਥੱਪੜ ਜੜਿਆ। ਮਹਿਲਾ ਸਿਪਾਹੀ ਦੀ ਸ਼ਿਕਾਇਤ ‘ਤੇ ਕਾਂਗਰਸ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਇਹ ਘਟਨਾ ਕਾਂਗਰਸ ਦਫ਼ਤਰ ਦੇ ਮੁੱਖ ਗੇਟ ‘ਤੇ ਉਸ ਸਮੇਂ ਵਾਪਰੀ ਜਦੋਂ ਰਾਹੁਲ ਗਾਂਧੀ ਦੇ ਆਉਣ ਮਗਰੋਂ ਪਾਰਟੀ ਆਗੂ ਮੀਟਿੰਗ ਲਈ ਦਫ਼ਤਰ ਅੰਦਰ ਜਾਣ ਲੱਗੇ। ਵਿਧਾਇਕ ਮਕੇਸ਼ ਅਗਲੀਹੋਤਰੀ ਦੇ ਅੰਦਰ ਜਾਣ ਮਗਰੋਂ ਆਸ਼ਾ ਕੁਮਾਰੀ ਤੇ ਕਰਨਲ ਧਨੀ ਰਾਮ ਸ਼ਾਂਡਿਲ ਅੰਦਰ ਜਾਣ ਲੱਗੇ ਤਾਂ ਮਹਿਲਾ ਸਿਪਾਹੀ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ‘ਤੇ ਆਸ਼ਾ ਕੁਮਾਰੀ ਤੇ ਕਾਂਸਟੇਬਲ ਵਿਚਾਲੇ ਬਹਿਸ ਹੋ ਗਈ। ਗੁੱਸੇ ‘ਚ ਆਈ ਵਿਧਾਇਕਾ ਨੇ ਪੁਲੀਸ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ, ਜਿਸ ਦਾ ਜਵਾਬ ‘ਚ ਮਹਿਲਾ ਸਿਪਾਹੀ ਵੱਲੋਂ ਥੱਪੜ ਮਾਰ ਦੇ ਹੀ ਦਿੱਤਾ ਗਿਆ।
ਇਸ ਘਟਨਾ ਤੋਂ ਰਾਹੁਲ ਗਾਂਧੀ ਖਾਸੇ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਮੀਟਿੰਗ ਦੌਰਾਨ ਮੰਚ ਤੋਂ ਕਿਹਾ, ‘ਆਸ਼ਾ ਜੀ ਥੱਪੜ ਮਾਰਨਾ ਸਾਡਾ ਸੱਭਿਆਚਾਰ ਨਹੀਂ ਹੈ। ਅਸੀਂ ਗਾਂਧੀਵਾਦੀ ਵਿਚਾਰਧਾਰਾ ‘ਚ ਵਿਸ਼ਵਾਸ ਰੱਖਦੇ ਹਾਂ ਅਤੇ ਇਹ ਵਿਚਾਰਧਾਰਾ ਅਹਿੰਸਾ ਦੀ ਹੈ।’ ਉਨ੍ਹਾਂ  ਕਿਹਾ ਕਿ ਜੋ ਹੋਇਆ ਉਹ ਠੀਕ ਨਹੀਂ ਹੈ। ਕੁੱਟ-ਮਾਰ ਦਾ ਸੱਭਿਆਚਾਰ ਭਾਜਪਾ ਦਾ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਪੁਲੀਸ ਕਲਿਆਣ ਸੰਘ ਦੇ ਪ੍ਰਧਾਨ ਰਮੇਸ਼ ਚੌਹਾਨ ਨੇ ਕਿਹਾ ਕਿ ਜੇਕਰ ਡੀਜੀਪੀ ਨੇ ਵਿਧਾਇਕ ਖ਼ਿਲਾਫ਼ ਪੁਲੀਸ ਡਿਊਟੀ ‘ਚ ਅੜਿੱਕਾ ਪਾਉਣ ਦਾ ਕੇਸ ਦਰਜ ਨਾ ਕੀਤਾ ਤਾਂ ਉਹ ਅਦਾਲਤ ਜਾਣਗੇ। ਇਸੇ ਦੌਰਾਨ ਮਹਿਲਾ ਸਿਪਾਹੀ ਨੇ ਕਾਂਗਰਸ ਵਿਧਾਇਕਾ ਆਸ਼ਾ ਕੁਮਾਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸ਼ਿਮਲਾ ਦੇ ਐੱਸਪੀ ਸੌਮਿਆ ਨੇ ਦੱਸਿਆ ਕਿ ਕਾਂਗਰਸ ਆਗੂ ਖ਼ਿਲਾਫ਼ ਆਈਪੀਸੀ ਦੀ ਧਾਰਾ 353 ਤੇ 332 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਆਸ਼ਾ ਕੁਮਾਰੀ ਨੇ ਇਸ ਘਟਨਾ ‘ਤੇ ਦੁਖ ਜ਼ਾਹਰ ਕੀਤਾ, ਪਰ ਮਹਿਲਾ ਸਿਪਾਹੀ ਤੋਂ ਨਿੱਜੀ ਤੌਰ ‘ਤੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਸ ਘਟਨਾ ਲਈ ਮਹਿਲਾ ਪੁਲੀਸਕਰਮੀ ਨੂੰ ਦੋਸ਼ੀ ਠਹਿਰਾਇਆ।

ਰਾਹੁਲ ਵੱਲੋਂ ਹਿਮਾਚਲ ‘ਚ ਹਾਰ ਦਾ ਲੇਖ ਜੋਖਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਨਵੇਂ ਚੁਣੇ ਵਿਧਾਇਕਾਂ ਤੇ ਹਾਰੇ ਉਮੀਦਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹੋਈ ਹਾਰ ਦੇ ਕਾਰਨਾਂ ਦੀ ਜਾਣਕਾਰੀ ਲਈ। ਪਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਬਣਨ ਮਗਰੋਂ ਪਹਿਲੇ ਦੌਰੇ ‘ਤੇ ਇੱਥੇ ਪਹੁੰਚੇ ਸ੍ਰੀ ਗਾਂਧੀ ਨੇ ਪਾਰਟੀ ਆਗੂਆਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਕਮਰ ਕੱਸੇ ਕਰਨ ਦੀ ਨਸੀਹਤ ਦਿੱਤੀ। ਸ੍ਰੀ ਗਾਂਧੀ ਨੇ ਕਿਹਾ ਕਿ ਸਮਰਪਿਤ, ਈਮਾਨਦਾਰ ਤੇ ਵਫ਼ਦਾਰ ਵਰਕਰਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।