ਰਾਜ ਸਭਾ ਟਿਕਟਾਂ ਦੀ ਵੰਡ ਵਿਰੁਧ ‘ਆਪ’ ਦੀ ਪੰਜਾਬ ਇਕਾਈ ਦੇ ਵਿਧਾਇਕਾਂ ਨੇ ਨਰਾਜ਼ਗੀ ਪ੍ਰਗਟਾਈ

ਰਾਜ ਸਭਾ ਟਿਕਟਾਂ ਦੀ ਵੰਡ ਵਿਰੁਧ ‘ਆਪ’ ਦੀ ਪੰਜਾਬ ਇਕਾਈ ਦੇ ਵਿਧਾਇਕਾਂ ਨੇ ਨਰਾਜ਼ਗੀ ਪ੍ਰਗਟਾਈ

ਚੰਡੀਗੜ੍ਹ/ਬਿਊਰੋ ਨਿਊਜ਼ :
ਵਿਵਾਦਤ ਕਾਰੋਬਾਰੀ ਨੂੰ ਰਾਜ ਸਭਾ ਲਈ ਨਾਮਜ਼ਦ ਕਰਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆਈ ਆਮ ਆਦਮੀ ਪਾਰਟੀ (ਆਪ) ਨੂੰ ਹੁਣ ਪੰਜਾਬ ‘ਚ ਆਪਣੇ ਵਿਧਾਇਕਾਂ ਦੀ ਨਾਰਾਜ਼ਗੀ ਵੀ ਸਹੇੜਨੀ ਪੈ ਰਹੀ ਹੈ। ਪੰਜਾਬ ‘ਚ 12 ਦੇ ਕਰੀਬ ਵਿਧਾਇਕਾਂ ਨੇ ਪਾਰਟੀ ਦੀ ਚੋਣ ‘ਤੇ ਨਾਰਾਜ਼ਗੀ ਜਤਾਈ ਹੈ। ਇਹ ਤੱਥ ਉਸ ਸਮੇਂ ਸਾਹਮਣੇ ਆਇਆ ਜਦੋਂ ‘ਆਪ’ ਦੇ ਉੱਘੇ ਆਗੂਆਂ ‘ਚ ਸ਼ੁਮਾਰ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ‘ਗੁਪਤ’ ਪੱਤਰ ਭੇਜਿਆ। ਸ੍ਰੀ ਸੰਧੂ ਨੇ ਕਿਹਾ ਕਿ ਰਾਜ ਸਭਾ ਦੀਆਂ ਵਿਵਾਦਤ ਨਾਮਜ਼ਦਗੀਆਂ ਮਗਰੋਂ ਅਸੀਂ ਸਿਆਸੀ ਸੂਝ ਪੱਖੋਂ ਪਛੜਦੇ ਨਜ਼ਰ ਆ ਰਹੇ ਹਾਂ। ਉਨ੍ਹਾਂ ਕਿਹਾ, ‘ਇਸ ਮਾਮਲੇ ਦਾ ਭਾਵੇਂ ਪਾਰਟੀ ਦੀ ਪੰਜਾਬ ਇਕਾਈ ਨਾਲ ਸਿੱਧੇ ਤੌਰ ‘ਤੇ ਕੋਈ ਸਬੰਧ ਨਹੀਂ ਹੈ ਪਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਵਿਧਾਇਕਾਂ ਅਤੇ ਵਾਲੰਟੀਅਰਜ਼ ਦੇ ਨਾਲ ਹੀ ਪਰਵਾਸੀ ਭਾਰਤੀਆਂ ਦੇ ਜਜ਼ਬਾਤ ਤੋਂ ਸੀਨੀਅਰ ਲੀਡਰਸ਼ਿਪ ਨੂੰ ਜਾਣੂ ਕਰਵਾਉਣਾ ਬਣਦਾ ਹੈ।’ ਸ੍ਰੀ ਸੰਧੂ ਨੇ ਕਿਹਾ ਕਿ ਕਰੀਬ ਛੇ ਵਿਧਾਇਕ ਸੁਸ਼ੀਲ ਗੁਪਤਾ ਅਤੇ ਐਨ ਡੀ ਗੁਪਤਾ ਦੀ ਨਾਮਜ਼ਦਗੀ ਤੋਂ ਨਿਰਾਸ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੁਮਾਰ ਵਿਸ਼ਵਾਸ ਅਤੇ ਆਸ਼ੂਤੋਸ਼ ਨੂੰ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ ਸੀ। ਪੱਤਰ ‘ਚ ਉਨ੍ਹਾਂ ਸਿਸੋਦੀਆ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮੁੱਦੇ ਨੂੰ ਮੀਡੀਆ ‘ਚ ਨਹੀਂ ਲੈ ਕੇ ਜਾਣਗੇ ਪਰ ਸਾਰੇ ਅਖ਼ਬਾਰਾਂ ਦੀਆਂ ਸੰਪਾਦਕੀਆਂ ਨੇ ਪਾਰਟੀ ਦੀ ਲਾਹ-ਪਾਹ ਕੀਤੀ ਹੈ। ਇਥੋਂ ਤਕ ਕਿ ਟੀਵੀ ਚੈਨਲਾਂ ‘ਤੇ ਪਾਰਟੀ ਦੇ ਮੈਂਬਰਾਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਹੈ। ਸ੍ਰੀ ਸੰਧੂ ਨੇ ਚੇਤੇ ਕਰਵਾਇਆ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ‘ਚ ਕੱਢਣ ਵੇਲੇ ਵੀ ਉਨ੍ਹਾਂ ਦੀ ਗੱਲ ਨੂੰ ਨਹੀਂ ਮੰਨਿਆ ਗਿਆ ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦਾ ਨਿਘਾਰ ਆਉਣਾ ਸ਼ੁਰੂ ਹੋਇਆ ਸੀ। ਜਦੋਂ ਸ੍ਰੀ ਸੰਧੂ ਨਾਲ ਇਸ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਅਤੇ ਪਾਰਟੀ ਵਿਚਕਾਰ ਹੈ।

‘ਆਪ’ ਦੇ ਤਿੰਨੇ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਤਿੰਨੋਂ ਉਮੀਦਵਾਰ ਸੰਜੈ ਸਿੰਘ, ਸੁਸ਼ੀਲ ਗੁਪਤਾ ਅਤੇ ਐਨ ਡੀ ਗੁਪਤਾ ਸੋਮਵਾਰ ਨੂੰ ਬਿਨਾਂ ਮੁਕਾਬਲੇ ਰਾਜ ਸਭਾ ਲਈ ਚੁਣ ਲਏ ਗਏ। ਮੁਕਾਬਲੇ ‘ਚ ਕੋਈ ਹੋਰ ਉਮੀਦਵਾਰ ਨਾ ਹੋਣ ਕਰਕੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਜੇਤੂ ਕਰਾਰ ਦਿੱਤਾ। ਸ੍ਰੀ ਸੰਜੈ ਸਿੰਘ ਨੇ ਕਿਹਾ ਕਿ ਦਿੱਲੀ ਦੇ ਹੱਕਾਂ ਅਤੇ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਉਹ ਰਾਜ ਸਭਾ ‘ਚ ਆਵਾਜ਼ ਬੁਲੰਦ ਕਰਨਗੇ।