ਹਿੰਸਾ ਫੈਲਾਉਣ ਵਾਲੀ ‘ਹਿੰਦੂਤਵ’ ਵਿਚਾਰਧਾਰਾ ਨੂੰ ਨਕਾਰੇ ਜਾਣ ਦੀ ਲੋੜ: ਨਯਨਤਾਰਾ ਸਹਿਗਲ

ਹਿੰਸਾ ਫੈਲਾਉਣ ਵਾਲੀ ‘ਹਿੰਦੂਤਵ’ ਵਿਚਾਰਧਾਰਾ ਨੂੰ ਨਕਾਰੇ ਜਾਣ ਦੀ ਲੋੜ: ਨਯਨਤਾਰਾ ਸਹਿਗਲ

ਕੋਲਕਾਤਾ/ਬਿਊਰੋ ਨਿਊਜ਼
ਮੌਜੂਦਾ ਸਿਆਸੀ ਹਾਲਾਤ ਦੇ ਕਿਸੇ ਦੇ ਹਿੱਤ ‘ਚ ਨਾ ਹੋਣ ਦਾ ਦਾਅਵਾ ਕਰਦਿਆਂ ਉੱਘੀ ਲੇਖਿਕਾ ਨਯਨਤਾਰਾ ਸਹਿਗਲ ਨੇ ‘ਹਿੰਦੂਤਵ’ ਵਿਚਾਰਧਾਰਾ ਨੂੰ ਨਕਾਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵ ਨਾਲ ਹਿੰਸਾ ਫੈਲ ਰਹੀ ਹੈ ਅਤੇ ਉਸ ਦਾ ਹਿੰਦੂਵਾਦ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,”ਇਹ ਵੱਖਰੇ ਹਾਲਾਤ ਹਨ। ਮੌਜੂਦਾ ਸਿਆਸੀ ਹਾਲਾਤ ‘ਚ ਤਾਕਤਾਂ ਵੱਲੋਂ ਨਾਰਾਜ਼ਗੀ ਅਤੇ ਅਸਹਿਮਤੀ ਜਤਾਉਣ ਵਾਲਿਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਿਹੜੇ ਲੋਕ ਉਨ੍ਹਾਂ ਤੋਂ ਅਸਹਿਮਤ ਹਨ, ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ। ਗੌਰੀ ਲੰਕੇਸ਼ ਦੀ ਵੀ ਇਸੇ ਕਰਕੇ ਹੱਤਿਆ ਹੋਈ। ਨਾ ਸਿਰਫ਼ ਲੇਖਕ ਸਗੋਂ ਜਿਹੜੇ ਲੋਕ ਪਸ਼ੂਆਂ ਨੂੰ ਢੋਹ ਰਹੇ ਹਨ, ਉਨ੍ਹਾਂ ਨੂੰ ਵੀ ਮਾਰਿਆ ਜਾ ਰਿਹਾ ਹੈ। ਬੀਫ਼ ਰੱਖਣ ਦੇ ਸ਼ੱਕ ਹੇਠ ਲੋਕਾਂ ਦੀ ਹੱਤਿਆ ਹੋ ਰਹੀ ਹੈ।” ਏਪੀਜੇ ਕੋਲਕਾਤਾ ਸਾਹਿਤ ਮੇਲਾ 2018 ਦੌਰਾਨ ਸਨਿੱਚਰਵਾਰ ਸ਼ਾਮ ਨੂੰ ਨਯਨਤਾਰਾ ਸਹਿਗਲ ਨੇ ਕਿਹਾ ਕਿ ਇਸ ਦਾ ਹੱਲ ਇਹੋ ਹੈ ਕਿ ਹਿੰਦੂਤਵ ਨੂੰ ਉਖਾੜ ਸੁੱਟੋ ਕਿਉਂਕਿ ਇਹ ਹਿੰਸਾ ਫੈਲਾ ਰਹੀ ਹੈ। ‘ਇਹ ਬਹੁਤ ਖ਼ਤਰਨਾਕ ਵਿਚਾਰਧਾਰਾ ਹੈ ਅਤੇ ਇਸ ਦਾ ਹਿੰਦੂਵਾਦ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਕਈ ਲੇਖਕ ਇਸ ਵਿਚਾਰਧਾਰਾ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਹਿੰਦੂਵਾਦ ਕੋਈ ਦਹਿਸ਼ਤੀ ਮਜ਼ਹਬ ਨਹੀਂ ਹੈ ਅਤੇ ਇਹ ਹਿੰਸਾ ਦੀ ਵਕਾਲਤ ਨਹੀਂ ਕਰਦਾ। ਲੇਖਿਕਾ ਨੇ ਕਿਹਾ ਕਿ ਆਜ਼ਾਦੀ ਮੌਕੇ ਜਮਹੂਰੀਅਤ ਨੂੰ ਵਿਕਾਸ ਤੋਂ ਪਹਿਲਾਂ ਤਰਜੀਹ ਦਿੱਤੀ ਗਈ ਅਤੇ ਧਰਮ ਨਿਰਪੱਖ ਰਹਿਣ ਦਾ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਮਰਦਾਂ ਅਤੇ ਔਰਤਾਂ ‘ਚ ਫਰਕ ਦੇ ਰੁਝਾਨ ਦੀ ਵੀ ਨਿਖੇਧੀ ਕੀਤੀ। ਰੂ-ਬ-ਰੂ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨਾਲੋਂ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਨਾਈਜੀਰੀਆ ਦੇ ਲੇਖਕ ਸਿਆਸੀ ਹਾਲਾਤ ਨਾਲ ਕਿਤੇ ਵੱਧ ਜੁੜੇ ਹੋਏ ਹਨ।