ਬਹਿਬਲ ਗੋਲੀ ਕਾਂਡ ਦੀ ਜਾਂਚ ਹਾਲੇ ਤੱਕ ਕਿਸੇ ਨਤੀਜੇ ਤੱਕ ਨਾ ਪਹੁੰਚੀ

ਬਹਿਬਲ ਗੋਲੀ ਕਾਂਡ ਦੀ ਜਾਂਚ ਹਾਲੇ ਤੱਕ ਕਿਸੇ ਨਤੀਜੇ ਤੱਕ ਨਾ ਪਹੁੰਚੀ

ਗੋਲੀਆਂ ਚਲਾਉਣ ਵਾਲਿਆਂ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਨਾ ਹੋਈ
‘ ਗੋਲੀਆਂ ਨਾਲ ਛੇੜਾਖਾਨੀ ਕਰਕੇ ਸਬੂਤ ਮਿਟਾ ਦਿੱਤੇ ਗਏ ਤਾਂ ਜੋ ਪਤਾ ਨਾ ਲੱਗ ਸਕੇ ਗੋਲੀਆਂ ਕਿਸ ਹਥਿਆਰ ਤੋਂ ਚੱਲੀਆਂ 
‘ਚੰਡੀਗੜ੍ਹ ਤੇ ਪੰਜਾਬ ਦੀਆਂ ਫਾਰੈਂਸਿਕ ਲੈਬ ਰਿਪੋਰਟਾਂ ਵੱਖੋ ਵੱਖ, ਕਮਿਸ਼ਨ ਸ਼ਸ਼ੋਪੰਜ ‘ਚ 
‘ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ 8 ਫਰਵਰੀ 2017 ਨੂੰ ਫਰੀਦਕੋਟ ਕੋਰਟ ਵਿਚ ਪੁਲੀਸ ਦੇ ਖ਼ਿਲਾਫ਼ ਇਸਤਗਾਸਾ ਦਾਇਰ ਕੀਤਾ 
‘ ਆਈਜੀ ਪਰਮਰਾਜ ਉਮਰਾਨੰਗਲ, ਐੱਸ. ਐੱਸ. ਪੀ. ਮੋਗਾ ਚਰਨਜੀਤ ਸ਼ਰਮਾ, ਐੱਸਪੀ ਫਰੀਦਕੋਟ ਵਿਕਰਮਜੀਤ ਸਿੰਘ, ਐੱਸ. ਐੱਚ. ਓ. ਥਾਣਾ ਬਾਜਾਖਾਨਾ ਅਮਰਜੀਤ ਸਿੰਘ ਕੁਲਾਰ ਨੂੰ ਦੋਸ਼ੀ ਬਣਾਇਆ

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੀ ਸਿਆਸਤ ਵਿਚ ਤੂਫ਼ਾਨ ਲਿਆਉਣ ਵਾਲੀ ਸਭ ਤੋਂ ਚਰਚਿਤ ਘਟਨਾ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਦੋ ਸਾਲ ਬਾਅਦ ਵੀ ਕਿਸੇ ਨਤੀਜੇ ਤੱਕ ਨਹੀਂ ਪਹੁੰਚੀ, ਸਬੂਤ ਜ਼ਰੂਰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੋ ਨਿਆਂਇਕ ਕਮਿਸ਼ਨ ਬਣੇ, ਐੱਸਆਈਟੀ ਨੂੰ ਜਾਂਚ ਸੌਂਪੀ ਗਈ ਪਰ ਗੋਲੀ ਚਲਾਉਣ ਵਾਲਿਆਂ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ। ਕੇਸ ਦੀ ਸਭ ਤੋਂ ਅਹਿਮ ਗੱਲ ਲਾਸ਼ਾਂ ‘ਚੋਂ ਮਿਲੀਆਂ ਗੋਲੀਆਂ, ਜੋ ਚਲਾਉਣ ਵਾਲੇ ਪੁਲੀਸ ਵਾਲਿਆਂ ਦੀ ਸ਼ਨਾਖ਼ਤ ਕਰਨ ਦਾ ਸਭ ਤੋਂ ਅਹਿਮ ਸਬੂਤ ਸਨ, ਉਨ੍ਹਾਂ ਨਾਲ ਹੀ ਛੇੜਖਾਨੀ ਕਰ ਦਿੱਤੀ ਗਈ।

ਬੁਲੇਟ ਨਾਲ ਛੇੜਖਾਨੀ
ਚੰਡੀਗੜ੍ਹ ਸਥਿਤ ਕੇਂਦਰ ਦੀ ਫਾਰੈਂਸਿਕ ਲੈਬ ਨੇ ਜਾਂਚ ਕਮਿਸ਼ਨ ਨੂੰ ਦਿੱਤੀ ਰਿਪੋਰਟ ਵਿਚ ਕਿਹਾ ਕਿ ਜਿਹੜੀ ਗੋਲੀ ਜਾਂਚ ਲਈ ਆਈ ਸੀ, ਉਹ ਐੱਸਐ<ਲਆਰ ਤੋਂ ਹੀ ਚਲੀ ਸੀ, ਪਰ ਕਿਸ ਦੇ ਹਥਿਆਰ ਤੋਂ ਚੱਲੀ ਇਹ ਕਹਿਣਾ ਮੁਸ਼ਕਲ ਹੈ, ਕਿਉਂਕਿ ਬੁਲੇਟ ਨਾਲ ਬੁਰੀ ਤਰ੍ਹਾਂ ਛੇੜਖਾਨੀ ਹੋਈ ਹੈ। ਉਨ੍ਹਾਂ ਨੇ ਅਜਿਹਾ ਕਰਨ ਵਾਲਿਆਂ ‘ਤੇ ਕਾਰਵਾਈ ਦੀ ਸਿਫਾਰਸ਼ ਵੀ ਕੀਤੀ ਹੈ। ਇਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਨੇ ਇਸ ਮਾਮਲੇ ਵਿਚ ਡੀਜੀਪੀ ਸੁਰੇਸ਼ ਅਰੋੜਾ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ।

ਪੱਖਪਾਤੀ ਪੰਜਾਬ ਰਿਪੋਰਟ
ਬੁਲੇਟ ਦੀ ਜਾਂਚ ਤੋਂ ਬਾਅਦ ਪੰਜਾਬ ਦੀ ਫਾਰੈਂਸਿਕ ਲੈਬ ਨੇ ਹੈਰਾਨ ਕਰਨ ਵਾਲੀ ਰਿਪੋਰਟ ਦਿੱਤੀ ਹੈ। ਉਸ ਨੇ ਦੱਸਿਆ ਕਿ ਜੋ ਬੁਲੇਟ ਤੇ ਐੱਸ ਐੱਲ. ਆਰ. ਜਾਂਚ ਲਈ ਦਿੱਤੀਆਂ ਗਈਆਂ ਸਨ, ਉਹ ਸਬੰਧਿਤ ਐੱਸ. ਐੱਲ. ਆਰ. ਤੋਂ ਚੱਲੇ ਹੀ ਨਹੀਂ ਸਨ। ਜਦ ਕਿ ਉਨ੍ਹਾਂ ਨੇ ਬੁਲੇਟ ਨਾਲ ਛੇੜਖਾਨੀ ਹੋਣ ਦੀ ਕੋਈ ਗੱਲ ਨਹੀਂ ਕੀਤੀ। ਅਜਿਹੇ ਵਿਚ ਪੰਜਾਬ ਐੱਸ. ਐੱਫ. ਐੱਲ. ਦੀ ਇਹ ਰਿਪੋਰਟ ਵੀ ਸਵਾਲਾਂ ਦੇ ਘੇਰੇ ਵਿਚ ਹੈ। ਰਿਪੋਰਟ ਵਿਚ ਟੈਂਪਰਿੰਗ ਦਾ ਵੀ ਕੋਈ ਜ਼ਿਕਰ ਨਹੀਂ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੋ ਬੁਲੇਟ ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਲੱਗੇ ਹਨ, ਉਸ ਦਾ ਪਤਾ ਨਹੀਂ ਕਿਸ ਨੇ ਗੋਲੀ ਚਲਾਈ। ਇਹ ਇੱਕ ਤਰ੍ਹਾਂ ਨਾਲ ਕਲੀਨਚਿੱਟ ਦੇ ਦਿੱਤੀ ਗਈ।
ਸਵਾਲ ਇਹ ਖੜ੍ਹਾ ਹੈ ਕਿ ਇੱਕ ਹੀ ਸਬੂਤ ਦੀ ਜਾਂਚ ਵਿਚ ਦੋ ਫਾਰੈਂਸਿਕ ਲੈਬ ਦੀਆਂ ਵੱਖ-ਵੱਖ ਰਿਪੋਰਟਾਂ ਤੋਂ ਇਸ ਮਾਮਲੇ ਵਿਚ ਜਾਂਚ ਕਮਿਸ਼ਨ ਵੀ ਸ਼ਸ਼ੋਪੰਜ ਵਿਚ ਪੈ ਗਿਆ ਹੈ। ਕਮਿਸ਼ਨ ਦੇ ਸਾਹਮਣੇ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਉਹ ਕਿਸ ਰਿਪੋਰਟ ਨੂੰ ਸਹੀ ਮੰਨੇ।

ਗੋਲੀ ਕਿਸ ਐੱਸ. ਐੱਲ. ਆਰ. ਤੋਂ ਚਲੀ ?
ਕੇਂਦਰ ਦੀ ਰਿਪੋਰਟ ਅਨੁਸਾਰ ਜਾਂਚ ਵਿਚ ਇਹ ਤਾਂ ਸਾਹਮਣੇ ਆਇਆ ਹੈ ਕਿ ਗੋਲੀ ਐੱਸ. ਐੱਲ. ਆਰ. ਤੋਂ ਹੀ ਚੱਲੀ ਸੀ, ਪਰ ਕਿਸ ਐੱਸ. ਐੱਲ. ਆਰ. ਤੋਂ ਚੱਲੀ, ਇਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੋ ਬੁਲੇਟਸ ਦਿੱਤੇ ਗਏ, ਉਨ•ਾਂ ਦੇ ਨਾਲ ਏਨੀ ਛੇੜਖਾਨੀ ਕੀਤੀ ਜਾ ਚੁੱਕੀ ਹੈ ਕਿ ਪਤਾ ਲਗਾਉਣਾ ਮੁਸ਼ਕਲ ਹੈ।

ਮਾਮਲੇ ਦੀ ਸੁਣਵਾਈ 29 ਫਰਵਰੀ ਨੂੰ
ਪੁਲੀਸ ਫਾਇਰਿੰਗ ਵਿਚ ਸ਼ਹੀਦ ਹੋਏ ਸਰਾਵਾਂ ਪਿੰਡ ਦੇ ਸੁਰਜੀਤ ਸਿੰਘ ਦੇ ਭਰਾ ਤੇ ਨਿਯਾਮੀ ਵਾਲਾ ਦੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਪ੍ਰਭਦੀਪ ਨੂੰ ਸਰਕਾਰ ਨੇ ਮੁਆਵਜ਼ੇ ਦੇ ਤੌਰ ‘ਤੇ ਨੌਕਰੀ ਦੇ ਦਿੱਤੀ। ਪਰ ਇਨਸਾਫ਼ ਨਹੀਂ ਦਿੱਤਾ। ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ 8 ਫਰਵਰੀ 2017 ਨੂੰ ਫਰੀਦਕੋਟ ਕੋਰਟ ਵਿਚ ਪੁਲੀਸ ਦੇ ਖ਼ਿਲਾਫ਼ ਇਸਤਗਾਸਾ ਦਾਇਰ ਕੀਤਾ ਸੀ। ਇਸ ਵਿਚ ਉਨ੍ਹਾਂ ਨੇ ਆਪਣੇ ਭਰਾ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਉਸ ਵੇਲੇ ਦੇ ਆਈਜੀ ਪਰਮਰਾਜ ਉਮਰਾਨੰਗਲ, ਐੱਸ. ਐੱਸ. ਪੀ. ਮੋਗਾ ਚਰਨਜੀਤ ਸ਼ਰਮਾ, ਐੱਸਪੀ ਫਰੀਦਕੋਟ ਵਿਕਰਮਜੀਤ ਸਿੰਘ, ਐੱਸ. ਐੱਚ. ਓ. ਥਾਣਾ ਬਾਜਾਖਾਨਾ ਅਮਰਜੀਤ ਸਿੰਘ ਕੁਲਾਰ ਨੂੰ ਦੋਸ਼ੀ ਬਣਾਇਆ ਸੀ। ਇਸ ਮਾਮਲੇ ਵਿਚ ਸੁਣਵਾਈ ਦੌਰਾਨ ਕੋਰਟ ਨੇ 29 ਨਵੰਬਰ 2017 ਨੂੰ ਸਰਕਾਰ ਤੇ ਪੁਲੀਸ ਨੂੰ ਸਟੇਟਸ ਰਿਪੋਰਟ ਫਾਈਲ ਕਰਨ ਲਈ ਕਿਹਾ। 29 ਨਵੰਬਰ ਨੂੰ ਪੁਲੀਸ ਨੇ ਸਟੇਟਸ ਰਿਪੋਰਟ ਤਾਂ ਫਾਈਲ ਕੀਤੀ, ਪਰ ਉਸ ਵਿਚ ਦੋਸ਼ੀਆਂ ਨੂੰ ਫਿਰ ਤੋਂ ਅਣਪਛਾਤਾ ਪੁਲੀਸ ਮੁਲਾਜ਼ਮ ਦੱਸਿਆ।
ਇਸ ‘ਤੇ ਅਦਾਲਤ ਨੇ ਪੁਲੀਸ ਦੀ ਸਟੇਟਸ ਰਿਪੋਰਟ ਤੋਂ ਅਸੰਤੁਸ਼ਟੀ ਜਤਾਉਂਦਿਆਂ 29 ਫਰਵਰੀ 2018 ਨੂੰ ਸਟੇਟਸ ਰਿਪੋਰਟ ਦੋਸ਼ੀਆਂ ਦੇ ਨਾਂਵਾਂ ਸਮੇਤ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਹੁਣ ਇਸ ਕੇਸ ਵਿਚ ਪੁਲੀਸ ਦੁਬਾਰਾ ਰਿਪੋਰਟ ਪੇਸ਼ ਕਰੇਗੀ।

ਹੁਣ ਤੱਕ ਇਹ ਕੁਝ ਹੋਇਆ
-12 ਅਕਤੂਬਰ 2015 ਨੂੰ ਕੋਟਕਪੂਰਾ ਦੇ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ।
-14 ਅਕਤੂਬਰ 2015 ਨੂੰ ਬੇਅਦਬੀ ਦੇ ਰੋਸ ਵਿਚ ਪਿੰਡ ਬਹਿਬਲਕਲਾਂ ਵਿਚ ਸੜਕ ‘ਤੇ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ‘ਤੇ ਪੁਲੀਸ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਵਿਚ ਸੁਰਜੀਤ ਸਿੰਘ ਨਿਵਾਸੀ ਸਰਾਵਾਂ, ਕ੍ਰਿਸ਼ਨ ਭਗਵਾਨ ਸਿੰਘ ਨਿਵਾਸੀ ਨਿਯਾਮੀਵਾਲਾ ਦੀ ਮੌਤ ਹੋ ਗਈ ਸੀ, ਜਦ ਕਿ 3 ਹੋਰ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਸਨ।
– 18 ਅਕਤੂਬਰ 2015 ਨੂੰ ਐੱਸਆਈਟੀ ਦੀ ਰਿਪੋਰਟ ‘ਤੇ ਅਣਪਛਾਤੇ ਪੁਲੀਸ ਮੁਲਾਜ਼ਮਾਂ ‘ਤੇ ਹੱਤਿਆ ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ। ਇਸ ਵਿਚ ਐੱਫ ਆਈ ਆਰ ਵਿਚ ਇਹ ਤਾਂ ਲਿਖਿਆ ਗਿਆ ਕਿ ਪੁਲੀਸ ਟੀਮ ਦੀ ਅਗਵਾਈ ਉਸ ਸਮੇਂ ਦੇ ਮੋਗਾ ਦੇ ਐੱਸਐੱਸਪੀ ਚਰਨਜੀਤ ਸ਼ਰਮਾ ਕਰ ਰਹੇ ਸਨ, ਪਰ ਰਿਪੋਰਟਰ ਵਿਚ ਅਣਪਛਾਤੇ ਪੁਲੀਸ ਮੁਲਾਜ਼ਮ ਹੀ ਦਿਖਾਏ ਗਏ।
-18 ਅਕਤੂਬਰ 2015 ਨੂੰ ਹੀ ਸਰਕਾਰ ਨੇ ਮਾਮਲੇ ਦੀ ਨਿਆਂਇਕ ਜਾਂਚ ਵੀ ਬਿਠਾ ਦਿੱਤੀ ਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਗਠਿਤ ਕੀਤਾ ਗਿਆ। ਇਸ ਵਿਚ 1 ਜੂਨ 2016 ਨੂੰ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ, ਪਰ ਗੋਲੀਆਂ ਚਲਾਉਣ ਵਾਲਿਆਂ ਦੇ ਚਿਹਰੇ ਫਿਰ ਵੀ ਸਾਫ਼ ਨਹੀਂ ਹੋਏ।
– ਅਪ੍ਰੈਲ 2017 ਵਿਚ ਕੈਪਟਨ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਕੇਸ ਦੀ ਜਾਂਚ ਲਈ ਇੱਕ ਨਵਾਂ ਕਮਿਸ਼ਨ ਜਸਟਿਸ ਰਣਜੀਤ ਸਿੰਘ ਦੀ ਅਗਵਾਈ ‘ਚ ਬਣਾ ਦਿੱਤਾ। ਇਸ ਕਮਿਸ਼ਨ ਨੇ ਹੁਣ ਤੱਕ 241 ਲੋਕਾਂ ਦੇ ਬਿਆਨ ਦਰਜ ਕਰ ਲਏ ਹਨ। ਜਾਂਚ ਹਾਲੇ ਤੱਕ ਜਾਰੀ ਹੈ।

ਕਮਿਸ਼ਨ ਵੱਲੋਂ ਜਾਂਚ ਦੇ ਹੁਕਮ
ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਬੁਲੇਟਸ ਨਾਲ ਛੇੜਖਾਨੀ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਹੁਕਮ ਦਿੱਤਾ ਹੈ ਕਿ ਜਿਸ ਨੇ ਵੀ ਬੁਲੇਟ ਨਾਲ ਛੇੜਖਾਨੀ ਕੀਤੀ ਹੈ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਸਿੱਖਾਂ ਨੂੰ ਇਨਸਾਫ਼ ਨਹੀਂ ਮਿਲੇਗਾ-ਗੁਰਤੇਜ ਸਿੰਘ ਆਈਏਐਸ
ਚੰਡੀਗੜ੍ਹ:
ਉੱਘੇ ਸਿੱਖ ਵਿਦਵਾਨ ਗੁਰਤੇਜ ਸਿੰਘ ਆਈਏਐਸ ਨੇ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਨਾਲ ਗੁਲਾਮਾਂ ਵਰਗਾ ਵਿਹਾਰ ਕਰ ਰਹੀ ਹੈ। ਅੱਜ ਤੱਕ ਜਿੰਨ੍ਹੇ ਵੀ ਸਿੱਖਾਂ ਉੱਪਰ ਸਰਕਾਰੀ ਅਟੈਕ ਹੋਏ ਹਨ, ਉਸ ਵਿਚ ਕਿਸੇ ਵੀ ਕਾਂਡ ਦੌਰਾਨ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਚਾਹੇ ਉਹ ਜੰਮੂ-ਕਸ਼ਮੀਰ ਵਿਚ ਹੋਇਆ, ਚਿੱਟੀਸਿੰਘਪੁਰਾ ਦਾ ਸਿੱਖ ਕਤਲੇਆਮ ਸੀ, ਜਿਸ ਵਿਚ ਸਰਕਾਰੀ ਕੈਟਾਂ ਦੁਆਰਾ ਸਿੱਖਾਂ ਦਾ ਕਤਲ ਕੀਤਾ ਗਿਆ ਤੇ ਨਾਮ ਕਸ਼ਮੀਰੀ ਖਾੜਕੂਆਂ ਦਾ ਲਗਾ ਦਿੱਤਾ ਗਿਆ। ਉਸ ਸਮੇਂ ਵਾਜਪਾਈ ਦੀ ਸਰਕਾਰ ਸੀ। ਦਿੱਲੀ ਸਿੱਖ ਕਤਲੇਆਮ, ਨਵੰਬਰ 84 ਤੇ ਜੂਨ 84 ਤੋਂ ਬਾਅਦ ਝੂਠੇ ਪੁਲੀਸ ਮੁਕਾਬਲੇ ਤੋਂ ਬਾਅਦ ਸਿੱਖਾਂ ਦੀਆਂ ਕੀਤੀਆਂ ਹੱਤਿਆਵਾਂ, ਲਾਵਾਰਸ ਲਾਸ਼ਾਂ ਵਿਚ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਹ ਕੋਈ ਅਰਥ ਨਹੀਂ ਰੱਖਦਾ ਕਿ ਪੰਜਾਬ ‘ਤੇ ਰਾਜ ਕੌਣ ਕਰ ਰਿਹਾ ਹੈ। ਬਾਦਲ ਦਲ ਦੇ ਰਾਜ ਦੌਰਾਨ ਸਿੱਖਾਂ ਉੱਪਰ ਜ਼ੁਲਮ ਤੇਜ਼ ਹੋਏ ਹਨ। 2012 ਦੌਰਾਨ ਗੁਰਦਾਸਪੁਰ ਵਿਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਮਾਮਲੇ ਦੌਰਾਨ ਜਸਪਾਲ ਸਿੰਘ ਆਪਣੇ ਸਾਥੀਆਂ ਨਾਲ ਗੁਰਦਾਸਪੁਰ ਵਿਚ ਸ਼ਾਂਤਮਈ ਸੰਘਰਸ਼ ਕਰ ਰਿਹਾ ਸੀ ਤੇ ਉਸ ਉੱਪਰ ਪੁਲੀਸ ਨੇ ਗੋਲੀਆਂ ਚਲਾਈਆਂ, ਜਾਂਚ ਦੌਰਾਨ ਪੁਲੀਸ ਨੂੰ ਅਣਪਛਾਤੀ ਕਰਾਰ ਦਿੱਤੀ, ਗੋਲੀਆਂ ਦੇ ਨਿਸ਼ਾਨ ਮਿਟਾ ਦਿੱਤੇ ਗਏ। ਬਾਦਲ ਰਾਜ ਦੌਰਾਨ ਦੂਸਰਾ ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੈ। ਬੜੇ ਸਾਜ਼ਿਸ਼ੀ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ‘ਤੇ ਬਹਿਬਲ ਕਲਾਂ ਵਿਚ ਗੋਲੀ ਚਲਾਈ ਗਈ, ਜਿਸ ਵਿਚ ਦੋ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸ਼ਹੀਦ ਕਰ ਦਿੱਤੇ ਗਏ। ਹੁਣ ਤੱਕ ਦੋਸ਼ੀ ਲੱਭੇ ਨਹੀਂ ਗਏ। ਕਿਹਾ ਗਿਆ ਕਿ ਇਹ ਅਣਪਛਾਤੀ ਪੁਲੀਸ ਦਾ ਕਾਰਾ ਹੈ। ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਪੁਲੀਸ ਵੀ ਅਣਪਛਾਤੀ ਹੋ ਗਈ ਤੇ ਹਥਿਆਰ ਲੁਕੋ ਦਿੱਤੇ ਗਏ, ਗੋਲੀਆਂ ਨਿਸ਼ਾਨ ਮਿਟਾ ਦਿੱਤੇ ਗਏ। ਇਸ ਨੂੰ ਵਰਦੀ ਤੇ ਸਟੇਟ ਦੀ ਦਹਿਸ਼ਤਗਰਦੀ ਕਹੀ ਜਾ ਸਕਦੀ ਹੈ। ਕੀ ਅਸੀਂ ਇਕ ਆਜ਼ਾਦ ਦੇਸ਼ ਵਿਚ ਰਹਿ ਰਹੇ ਹਾਂ, ਜਿੱਥੇ ਸਾਡੀ ਗੁਲਾਮਾਂ ਨਾਲ ਮਾੜੀ ਹਾਲਾਤ ਤੇ ਦਾਸਤਾਨ ਹੈ। ਇਹ ਸਭ ਕਿਸ ਦੇ ਇਸ਼ਾਰੇ ‘ਤੇ ਹੋ ਰਿਹਾ ਹੈ? ਕੇਂਦਰ ਸਰਕਾਰ ਦੇ, ਪੰਜਾਬ ਸਰਕਾਰ ਦੇ ਜਾਂ ਕੋਈ ਤੀਸਰੀ ਏਜੰਸੀ ਹੈ। ਇਸ ਦੀ ਕੋਈ ਜਾਂਚ ਨਹੀਂ ਹੋਵੇਗੀ। ਜੇ ਜਾਂਚ ਕਰਨੀ ਹੈ ਤਾਂ ਸੁਹਿਰਦ ਪੱਤਰਕਾਰਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਸ ਸੱਚ ਨੂੰ ਫਰੋਲਣ ਲਈ ਅੱਗੇ ਵਧਣਾ ਪਵੇਗਾ। ਪਰ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲੇਗਾ।