ਭਾਰਤ ਹੀ ਹੈ ਅਫ਼ਗਾਨਸਿਤਾਨ ਦਾ ਸੱਚਾ ਦੋਸਤ-ਅਸ਼ਰਫ਼ ਗ਼ਨੀ

ਭਾਰਤ ਹੀ ਹੈ ਅਫ਼ਗਾਨਸਿਤਾਨ ਦਾ ਸੱਚਾ ਦੋਸਤ-ਅਸ਼ਰਫ਼ ਗ਼ਨੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਫ਼ੋਨ ਸੁਣਨ ਤੋਂ ਕੀਤੀ ਨਾਂਹ
ਕਾਬਲ/ਬਿਊਰੋ ਨਿਊਜ਼:
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖੱਕਾਨ ਅੱਬਾਸੀ ਨਾਲ ਟੈਲੀਫ਼ੋਨ ‘ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਤਵਾਦੀ ਪਨਾਹਗਾਹਾਂ ਨੂੰ ਸਮਾਪਤ ਕਰਨ ਦੀ ਜ਼ਰੂਰਤ ‘ਤੇ ਚਰਚਾ ਕੀਤੀ। ਗ਼ਨੀ ਨੇ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਾਨਵਤਾ ਦੇ ਦੁਸ਼ਮਣਾਂ ਵਲੋਂ ਨਾਗਰਿਕਾਂ ਦੀਆਂ ਮੂਰਖਤਾਪੂਰਨ ਹੱਤਿਆਵਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਮੀਡੀਆ ਰਿਪੋਰਟਾਂ ‘ਚ ਹਾਲਾਂਕਿ ਦੱਸਿਆ ਗਿਆ ਹੈ ਕਿ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅੱਬਾਸੀ ਨੇ ਉਨ੍ਹਾਂ ਨੂੰ ਇਸ ਸਬੰਧ ‘ਚ ਫ਼ੋਨ ‘ਤੇ ਗੱਲਬਾਤ ਕਰਨੀ ਚਾਹੀ, ਤਾਂ ਗ਼ਨੀ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫ਼ੋਨ ਕੱਟ ਦਿੱਤਾ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੇ ਸਪੱਸ਼ਟ ਰੂਪ ‘ਚ ਪਾਕਿਸਤਾਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਆਪਣੇ ਗੁਆਂਢੀ ਨੂੰ ਅੱਤਵਾਦੀ ਪਨਾਹਗਾਹਾਂ ਨੂੰ ਸਮਾਪਤ ਕਰਨ ਦੀ ਜ਼ਰੂਰਤ ਦੇ ਸਬੰਧ ‘ਚ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਅਫ਼ਗਾਨਿਸਤਾਨ ਦਾ ਚੰਗਾ ਦੋਸਤ ਰਿਹਾ ਹੈ, ਜੋ ਸਾਡੇ ਨਾਲ ਦੁੱਖ ਅਤੇ ਹਮਦਰਦੀ ਨੂੰ ਸਾਂਝਾ ਕਰਦਾ ਹੈ। ਟੋਲੋ ਨਿਊਜ਼ ਅਨੁਸਾਰ ਅੱਬਾਸੀ ਨੇ ਗ਼ਨੀ ਨੂੰ ਅਫ਼ਗਾਨਿਸਤਾਨ ‘ਚ ਹਾਲ ਹੀ ‘ਚ ਹੋਏ ਅੱਤਵਾਦੀ ਹਮਲਿਆਂ ਦੇ ਸਬੰਧ ‘ਚ ਫ਼ੋਨ ਕੀਤਾ ਸੀ। ਗ਼ਨੀ ਨੇ ਕਾਬਲ ‘ਚ ਹਾਲ ਹੀ ‘ਚ ਹੋਏ ਹਮਲਿਆਂ ਦੇ ਸਬੰਧ ‘ਚ ਸਬੂਤਾਂ ਨੂੰ ਪਾਕਿਸਤਾਨੀ ਫ਼ੌਜ ਨਾਲ ਸਾਂਝਾ ਕਰਨ ਲਈ ਆਪਣਾ ਇਕ ਪ੍ਰਤੀਨਿਧੀ ਮੰਡਲ ਇਸਲਾਮਾਬਾਦ ਭੇਜਿਆ ਹੈ। ਕਾਬਲ ਇਸਲਾਮਾਬਾਦ ‘ਤੇ ਅਫ਼ਗਾਨਿਸਤਾਨ ‘ਚ ਅੱਤਵਾਦੀ ਗਰੁੱਪਾਂ ਨੂੰ ਸਮਰਥਨ ਦੇਣ ਦੇ ਦੋਸ਼ ਲਗਾਉਂਦਾ ਰਿਹਾ ਹੈ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਇਕ ਸੀਨੀਅਰ ਰਾਜਦੂਤ ਨੇ ਦੋਸ਼ ਲਗਾਇਆ ਕਿ ਇੰਟਰਕੌਂਟੀਨੈਂਟਲ ਹੋਟਲ ‘ਤੇ ਅੱਤਵਾਦੀ ਹਮਲਾ ਕਰਨ ‘ਚ ਸ਼ਾਮਿਲ ਇਕ ਅੱਤਵਾਦੀ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨੇ ਸਿਖਲਾਈ ਦਿੱਤੀ ਸੀ। ਇਸ ਹਮਲੇ ‘ਚ ਲਗਪਗ 25 ਲੋਕਾਂ ਦੀ ਮੌਤ ਹੋ ਗਈ ਸੀ। ਸੰਯੁਕਤ ਰਾਸ਼ਟਰ ‘ਚ ਅਫ਼ਗਾਨਿਸਤਾਨ ਦੇ ਸਥਾਈ ਪ੍ਰਤੀਨਿਧੀ ਮਹਿਮੂਦ ਸੈਕਲ ਨੇ ਇੰਟਰ-ਸਰਵਿਸ ਇੰਟੈਲੀਜੈਂਸ (ਆਈ. ਐਸ. ਆਈ.) ਖ਼ਿਲਾਫ਼ 29 ਜਨਵਰੀ ਦੀ ਰਾਤ ਇਕ ਟਵੀਟ ‘ਚ ਗੰਭੀਰ ਦੋਸ਼ ਲਗਾਏ ਸਨ। ਸੈਕਲ ਨੇ ਟਵੀਟ ਕੀਤਾ ਸੀ ਕਿ ਕਾਬਲ ਇੰਟਰਕੋਂਟੀਨੈਂਟਲ ਹੋਟਲ ‘ਤੇ ਵੀ ਪਿਛਲੇ ਹਫ਼ਤੇ ਹੋਏ ਹਮਲੇ ‘ਚ ਸ਼ਾਮਿਲ ਇਕ ਅੱਤਵਾਦੀ ਦੇ ਪਿਤਾ ਅਬਦੁਲ ਕਾਹਰ ਨੇ ਵੀ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਨੇ ਬਲੋਚਿਸਤਾਨ ‘ਚ ਸਿਖਲਾਈ ਦਿੱਤੀ ਸੀ। 26 ਜਨਵਰੀ ਨੂੰ ਤਾਲਿਬਾਨੀ ਅੱਤਵਾਦੀਆਂ ਨੇ ਇਸ ਹੋਟਲ ‘ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ‘ਚ ਕਰੀਬ 25 ਲੋਕਾਂ ਦੀ ਮੌਤ ਹੋ ਗਈ ਸੀ।