ਟਰੈਵਲ ਏਜੰਟਾਂ ਵਲੋਂ ‘ਕਨੇਡਾ ਭੇਜੇ’ ਨੌਜਵਾਨ ਦਾ ਬੰਗਲੌਰ ‘ਚ ਕਤਲ

ਟਰੈਵਲ ਏਜੰਟਾਂ ਵਲੋਂ ‘ਕਨੇਡਾ ਭੇਜੇ’ ਨੌਜਵਾਨ ਦਾ ਬੰਗਲੌਰ ‘ਚ ਕਤਲ

ਟਾਂਡਾ/ਬਿਊਰੋ ਨਿਊਜ਼:
ਟਰੈਵਲ ਏਜੰਟਾਂ ਵੱਲੋਂ ਕਨੇਡਾ ਭੇਜਣ ਦੀ ਬਜਾਏ ਬੰਗਲੌਰ ‘ਚ ਬੰਦੀ ਬਣਾ ਕੇ ਰੱਖੇ ਗਏ ਨੇੜਲੇ ਪਿੰਡ ਕਲਿਆਣਪੁਰ ਦੇ ਨੌਜਵਾਨ ਸੁਰਿੰਦਰਪਾਲ ਸਿੰਘ ਪਾਲੀ ਦਾ ਕਤਲ ਹੋ ਗਿਆ ਹੈ। ਪਿਛਲੇ ਮਹੀਨੇ ਟਾਂਡਾ ਪੁਲੀਸ ਨੇ ਬੰਦੀ ਬਣਾਉਣ ਵਾਲੇ ਚਾਰ ਵਿਅਕਤੀਆਂ ਖਿਲਾਫ਼ ਅਗਵਾ, ਠੱਗੀ, ਅਸਲਾ ਐਕਟ ਅਤੇ ਹੋਰ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਸਨ। ਪਾਲੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ ਲਾਸ਼ 6 ਦਸੰਬਰ ਨੂੰ ਬੰਗਲੌਰ ਵਿਖੇ ਝਾੜੀਆਂ ਵਿੱਚੋਂ ਮਿਲੀ ਸੀ। ਉਥੋਂ ਦੇ ਥਾਣਾ ਰਾਮ ਨਗਰ ਦੇ ਖੇਤਰ ਵਿੱਚ ਇਕ ਚਰਵਾਹੇ ਦੀ ਸੂਚਨਾ ਦੇ ਆਧਾਰ ‘ਤੇ ਜਦੋਂ ਪੁਲੀਸ ਨੇ ਲਾਸ਼ ਬਰਾਮਦ ਕੀਤੀ ਤਾਂ ਪਾਲੀ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਬੰਗਲੌਰ ਪੁਲੀਸ ਨੇ ਮਾਮਲਾ ਦਰਜ ਕਰਕੇ 72 ਘੰਟੇ ਬਾਅਦ ਅਣਪਛਾਤੀ ਲਾਸ਼ ਸਮਝ ਕੇ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਸੀ। ਪਾਲੀ ਦੀ ਭਾਲ ਵਿੱਚ ਲੱਗੇ ਪਰਿਵਾਰ ਨੂੰ ਇਸ ਦੀ ਸੂਚਨਾ ਬੰਗਲੌਰ ਪੁੱਜ ਕੇ ਮਿਲੀ ਅਤੇ ਬੀਤੇ ਦਿਨੀਂ ਇਸ ਅਣਹੋਣੀ ਦਾ ਪਤਾ ਲੱਗਾ। ਟਾਂਡਾ ਪੁਲੀਸ ਨੇ 15 ਜਨਵਰੀ 2018 ਨੂੰ ਪਾਲੀ ਦੇ ਸਾਲੇ ਗੋਬਿੰਦ ਸਿੰਘ ਦੇ ਬਿਆਨਾਂ  ਦੇ ਆਧਾਰ ‘ਤੇ ਹਰਮਿੰਦਰ ਸਿੰਘ ਸ਼ੈਲੀ ਨਿਵਾਸੀ ਚੱਕ ਸ਼ਰੀਫ, ਜੇ ਡੀ ਪਟੇਲ, ਸੰਜੀਵ ਅਤੇ ਨਰੇਸ਼ ਪਟੇਲ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਗੋਬਿੰਦ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਸ਼ੈਲੀ ਉਸ ਦੇ ਜੀਜੇ ਨੂੰ 3 ਦਸੰਬਰ 2017 ਨੂੰ ਕਨੇਡਾ ਭੇਜਣ ਲਈ ਘਰੋਂ ਲੈ ਕੇ ਗਿਆ ਸੀ ਅਤੇ ਕਿਹਾ ਸੀ ਕਿ ਅੰਮ੍ਰਿਤਸਰ ਤੋਂ ਮੁੰਬਈ, ਫਿਰ ਬੰਗਲੌਰ ਤੋਂ ਕੈਨੇਡਾ ਲਈ ਉਡਾਣ ਜਾਣੀ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਪਾਲੀ ਨੂੰ ਕੈਨੇਡਾ ਭੇਜਣ ਦੀ ਬਜਾਏ ਬੰਗਲੌਰ ਵਿੱਚ ਹੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਜਾਣਕਾਰੀ ਜੀਜੇ ਦੇ ਨਾਲ ਗਏ ਦੋ ਨੌਜਵਾਨਾਂ ਨੇ ਫੋਨ ‘ਤੇ ਉਸ ਨੂੰ ਦਿੱਤੀ ਸੀ, ਜੋ 22 ਲੱਖ ਰੁਪਏ ਅਤੇ 21 ਲੱਖ ਰੁਪਏ ਬੰਦੂਕ ਦੀ ਨੋਕ ‘ਤੇ ਦੇ ਕੇ ਛੁੱਟ ਕੇ ਆਏ ਹਨ। ਗੋਬਿੰਦ ਨੇ ਆਪਣੇ ਬਿਆਨਾਂ ਵਿੱਚ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਮੁਲਜ਼ਮਾਂ ਨੇ ਉਸ ਦੇ ਜੀਜੇ ਦਾ ਕੋਈ ਸਰੀਰਕ ਨੁਕਸਾਨ ਕੀਤਾ ਹੈ। ਉਸ ਨੇ ਦੱਸਿਆ ਕਿ ਪਾਲੀ ਨਾਲ ਉਸ ਦੀ ਆਖਰੀ ਵਾਰ 5 ਦਸੰਬਰ 2017 ਦੀ ਰਾਤ ਨੂੰ ਗੱਲ ਹੋਈ ਸੀ। ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਅਤੇ ਭੈਣਾਂ ਨੇ ਪਾਲੀ ਦੇ ਕਾਤਲਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਟਾਂਡਾ ਥਾਣੇ ਦੇ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨਾਲ ਏਐਸਆਈ ਲਖਵਿੰਦਰ ਸਿੰਘ ਬੰਗਲੌਰ ਗਏ ਸਨ। ਟਾਂਡਾ ਵਿੱਚ ਦਰਜ ਮਾਮਲੇ ਸਬੰਧੀ ਜਾਣਕਾਰੀ ਵੀ ਬੰਗਲੌਰ ਪੁਲੀਸ ਨਾਲ ਸਾਂਝੀ ਕੀਤੀ ਜਾਵੇਗੀ।