ਮੌੜ ਬੰਬ ਧਮਾਕੇ ਦੀ ਸੂਈ ਸਿਰਸਾ ਡੇਰੇ ਵਲ ਘੁੰਮੀ ਡੇਰੇ ਦੀ ਵਰਕਸ਼ਾਪ ‘ਚ ਕਾਰ ਨੂੰ ਰੰਗ ਰੋਗਨ ਕਰਨ ਵਾਲੇ ਡੈਂਟਰ ਤੇ ਪੇਂਟਰ ਪੁਲੀਸ ਹਿਰਾਸਤ ‘ਚ

ਮੌੜ ਬੰਬ ਧਮਾਕੇ ਦੀ ਸੂਈ ਸਿਰਸਾ ਡੇਰੇ ਵਲ ਘੁੰਮੀ ਡੇਰੇ ਦੀ ਵਰਕਸ਼ਾਪ ‘ਚ ਕਾਰ ਨੂੰ ਰੰਗ ਰੋਗਨ ਕਰਨ ਵਾਲੇ ਡੈਂਟਰ ਤੇ ਪੇਂਟਰ ਪੁਲੀਸ ਹਿਰਾਸਤ ‘ਚ

ਬੰਬ ਧਮਾਕੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਰਣਬੀਰ ਖੱਟੜਾ।
ਬਠਿੰਡਾ/ਬਿਊਰੋ ਨਿਊਜ਼:
ਇੱਕ ਸਾਲ ਪਹਿਲਾਂ ਪੰਜਾਬ ਵਿਧਾਨ ਸਭ ਦੀਆਂ ਚੋਣਾਂ ਮੌਕੇ ਮੌੜ ਮੰਡੀ ‘ਚ ਹੋਏ ਬੰਬ ਧਮਾਕੇ ਦੀ ਪੈੜ ਡੇਰਾ ਸਿਰਸਾ ਪੁੱਜ ਗਈ ਹੈ। ਪੰਜਾਬ ਪੁਲੀਸ ਨੇ ਹਰਿਆਣਾ ‘ਚੋਂ ਚਾਰ ਵਿਅਕਤੀ ਹਿਰਾਸਤ ਵਿੱਚ ਲਏ ਹਨ, ਜਿਨ੍ਹਾਂ ‘ਚੋਂ  ਦੋ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਪੇਂਟਰ ਤੇ ਡੈਂਟਰ ਦੱਸੇ ਜਾ ਰਹੇ ਹਨ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਕ੍ਰਿਸ਼ਨ ਕੁਮਾਰ (ਵਾਸੀ ਹਰਿਆਣਾ)?ਤੇ ਹਰਮੇਲ ਸਿੰਘ (ਵਾਸੀ ਗੰਗਾਨਗਰ) ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਇਸ ਬੰਬ ਧਮਾਕੇ ਲਈ ਵਰਤੀ ਗਈ ਕਾਰ ਨੂੰ ਡੇਰਾ ਸਿਰਸਾ ਦੀ ਵੀਆਈਪੀ ਵਰਕਸ਼ਾਪ ਵਿੱਚ ਰੰਗ ਹੋਇਆ ਸੀ, ਜਿਸ ਦੀ ਡੇਰੇ ਦੀ ਵਰਕਸ਼ਾਪ ਦੇ ਡੈਂਟਰ ਤੇ ਪੇਂਟਰ ਨੇ ਪੁਲੀਸ ਕੋਲ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 31 ਜਨਵਰੀ, 2017 ਦੀ ਰਾਤ ਨੂੰ ਮੌੜ ਮੰਡੀ ਵਿੱਚ ਮਾਰੂਤੀ ਕਾਰ ਵਿੱਚ ਬੰਬ ਧਮਾਕਾ ਹੋਇਆ ਸੀ, ਜਿਸ ‘ਚ ਚਾਰ ਬੱਚਿਆਂ ਸਮੇਤ ਸੱਤ ਜਣੇ ਮਾਰੇ ਗਏ ਸਨ। ਇਹ ਧਮਾਕਾ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਕਾਂਗਰਸੀ ਨੇਤਾ ਹਰਮਿੰਦਰ ਜੱਸੀ ਦੀ ਰੈਲੀ ਦੌਰਾਨ ਹੋਇਆ ਸੀ। ਧਮਾਕੇ ਵਾਲੀ ਕਾਰ ਵਿੱਚ ਵਰਤੀ ਗਈ ਬੈਂਟਰੀ ਵੀ ਸਿਰਸਾ ਤੋਂ ਖਰੀਦੀ ਗਈ ਸੀ।
ਡੀਆਈਜੀ ਰਣਬੀਰ ਖੱਟੜਾ ਦੀ ਅਗਵਾਈ ‘ਚ ਟੀਮ ਇਕ ਹਫ਼ਤੇ ਤੋਂ ਬਠਿੰਡਾ-ਮਾਨਸਾ ‘ਚ ਗੇੜੇ ਮਾਰ ਰਹੀ ਹੈ। ਸੂਤਰਾਂ ਅਨੁਸਾਰ ਧਮਾਕੇ ਵਿੱਚ ਵਰਤੀ ਗਈ ਮਾਰੂਤੀ ਕਾਰ ਦਾ ਅਸਲ ਰੰਗ ਲਾਲ (ਮੈਰੂਨ) ਸੀ, ਜਿਸ ਨੂੰ ਚਿੱਟਾ ਪੇਂਟ ਕੀਤਾ ਗਿਆ ਸੀ। ਡੀਆਈਜੀ ਖੱਟੜਾ 7 ਫਰਵਰੀ ਨੂੰ ਦੁਪਹਿਰ ਵੇਲੇ ਥਾਣਾ ਮੌੜ ਵਿੱਚ ਡੈਂਟਰ ਤੇ ਪੇਂਟਰ ਨੂੰ ਲੈ ਕੇ ਪੁੱਜੇ, ਜਿਨ੍ਹਾਂ ਨੇ ਥਾਣੇ ‘ਚ ਖੜ੍ਹੀ ਕਾਰ ਖੁਰਚ ਕੇ ਹੇਠਾਂ ਤੋਂ ਲਾਲ ਰੰਗ ਕੱਢ ਕੇ ਦਿਖਾਇਆ ਸੀ। ਥਾਣਾ ਮੌੜ ਦੇ ਮੁਖੀ ਮਨੋਜ ਕੁਮਾਰ ਨੇ ਕਿਹਾ ਕਿ ਡੀਆਈਜੀ ਤਾਂ ਕਿਸੇ ਹੋਰ ਕੇਸ ਸਬੰਧੀ ਥਾਣੇ ਆਏ ਸਨ। ਸੂਤਰਾਂ ਅਨੁਸਾਰ ਡੇਰੇ ਦੀ ਵੀਆਈਪੀ ਵਰਕਸ਼ਾਪ ‘ਚ ਡੇਰਾ ਮੁਖੀ ਦੀਆਂ ਗੱਡੀਆਂ ਮੋਡੀਫਾਈ ਹੁੰਦੀਆਂ ਸਨ। ਪੁਲੀਸ ਨੇ ਸਿਰਸਾ ਤੋਂ ਕੱਲ੍ਹ ਇੱਕ ਹੋਰ ਵਿਅਕਤੀ ਹਿਰਾਸਤ ਵਿੱਚ ਲਿਆ ਹੈ। ਫੜੇ ਗਏ ਵਿਅਕਤੀਆਂ ‘ਚ ਇੱਕ ਇਲੈਕਟ੍ਰਿਸ਼ਨ ਵੀ ਹੈ। ਸੂਤਰਾਂ ਮੁਤਾਬਕ ਸਿਰਸਾ ਦੇ ਇੱਕ ਬੈਟਰੀਆਂ ਵਾਲੇ ਦੁਕਾਨਦਾਰ ਤੋਂ ਤਫ਼ਤੀਸ਼ ਅੱਗੇ ਤੁਰੀ ਹੈ। ਉਸ ਨੇ ਮਾਨਸਾ ਜ਼ਿਲ੍ਹੇ ਦੇ ਇੱਕ ਵਿਅਕਤੀ ਨਾਲ ਤੰਦ ਜੋੜੀ, ਜੋ ਡੇਰਾ ਵਰਕਸ਼ਾਪ ਵਿੱਚ ਦੋ ਵਾਰ ਗੇੜਾ ਮਾਰ ਕੇ ਆਇਆ ਸੀ।
ਪੁਲੀਸ ਵੱਲੋਂ ਫੜੇ ਚਾਰ ਵਿਅਕਤੀਆਂ ਦੇ ਆਧਾਰ ‘ਤੇ ਬੰਬ ਧਮਾਕਾ ਕੇਸ ਵਿੱਚ ਜ਼ਿਲ੍ਹਾ ਮਾਨਸਾ ਦੇ ਅਮਰੀਕ ਸਿੰਘ ਅਤੇ ਡੱਬਵਾਲੀ ਇਲਾਕੇ ਦੇ ਕਾਲਾ ਸਿੰਘ ਨੂੰ ਨਾਮਜ਼ਦ ਕੀਤਾ ਜਾਣਾ ਹੈ।
ਗਰਮਦਲੀਆਂ ਸਿਰ ਥੋਪੀ ਜਾ ਰਹੀ ਜੁੰਮੇਵਾਰੀ
ਦੱਸਣਯੋਗ ਹੈ ਕਿ ਪੁਲੀਸ ਵੱਲੋਂ ਪਹਿਲਾਂ ਇਸ ਧਮਾਕੇ ਨੂੰ ਗਰਮਦਲੀਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਸੂਤਰਾਂ ਮੁਤਾਬਕ ਜਿਸ ਵਰਕਸ਼ਾਪ ਵਿੱਚ ਇਹ ਮਾਰੂਤੀ ਕਾਰ ਨੂੰ ਰੰਗ ਹੋਇਆ ਸੀ, ਉਸ ‘ਚ ਸਿਰਫ਼ ਡੇਰਾ ਮੁਖੀ ਅਤੇ ਹਨੀਪ੍ਰੀਤ ਦਾ ਹੀ ਦਾਖਲਾ ਸੀ। ਪੁਲੀਸ ਇਸ ਮਾਮਲੇ ‘ਚ ਡੇਰਾ ਮੁਖੀ ਤੇ ਹਨੀਪ੍ਰੀਤ ਨੂੰ ਵੀ ਘੇਰੇ ਵਿੱਚ ਲੈ ਸਕਦੀ ਹੈ। ਹਾਲਾਂਕਿ ਇਸ ਧਮਾਕੇ ਦਾ ਨਿਸ਼ਾਨਾ ਡੇਰਾ ਮੁਖੀ ਦਾ ਰਿਸ਼ਤੇਦਾਰ ਹਰਮਿੰਦਰ ਜੱਸੀ ਸੀ ਪਰ ਪੁਲੀਸ ਕਿਸੇ ਡੂੰਘੀ ਸਾਜ਼ਿਸ਼ ਦੀਆਂ ਪਰਤਾਂ ਫਰੋਲ ਰਹੀ ਹੈ। ਬਠਿੰਡਾ ਪੁਲੀਸ ਨੇ ਬੰਬ ਕਾਂਡ ਦਾ ਤਫ਼ਤੀਸ਼ੀ ਅਫਸਰ ਹੁਣ ਥਾਣਾ ਦਿਆਲਪੁਰਾ ਦੇ ਦਲਬੀਰ ਸਿੰਘ ਨੂੰ ਬਣਾਇਆ ਹੈ ਜੋ ਸਾਈਬਰ ਕਰਾਈਮ ਦਾ ਮਾਹਿਰ ਹੈ।
ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਮੌੜ ਧਮਾਕੇ ਦੀ ਜਾਂਚ ਆਖਰੀ ਪੜਾਅ ‘ਤੇ ਹੈ ਅਤੇ ਜਲਦੀ ਅਹਿਮ ਖ਼ੁਲਾਸੇ ਕੀਤੇ ਜਾਣਗੇ। ਜਦੋਂ ਡੇਰਾ ਸਿਰਸਾ ਬਾਰੇ ਪੁੱਛਿਆ ਤਾਂ ਉਹ ਟਾਲ-ਮਟੋਲ ਕਰ ਗਏ ਅਤੇ ਫੜੇ ਗਏ ਵਿਅਕਤੀਆਂ ਦੇ ਨਾਂ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ। ਸ੍ਰੀ ਖੱਟੜਾ ਨੇ ਅੱਜ ਤਖਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮਗਰੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।

ਚਾਰ ਜਣਿਆਂ ਦੇ ਬਿਆਨ ਕਲਮਬੰਦ
ਤਲਵੰਡੀ ਸਾਬੋ/ਬਿਊਰੋ ਨਿਊਜ਼:
ਪੁਲੀਸ ਨੇ ਤਲਵੰਡੀ ਸਾਬੋ ਦੇ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿੱਚ ਮੌੜ ਬੰਬ ਕਾਂਡ ਸਬੰਧੀ ਚਾਰ ਜਣਿਆਂ ਨੂੰ ਪੇਸ਼ ਕੀਤਾ ਅਤੇ ਧਾਰਾ 164 ਤਹਿਤ ਉਨ੍ਹਾਂ ਦੇ ਬਿਆਨ ਕਲਮਬੰਦ ਕਰਾਏ। ਇਨ੍ਹਾਂ ‘ਚੋਂ ਦੋ ਨੇ ਮਾਨਸਾ ਜ਼ਿਲ੍ਹੇ ਦੇ ਵਸਨੀਕ ਤੇ ਡੇਰਾ ਮੁਖੀ ਦੇ ਵਿਸ਼ੇਸ਼ ਸਕਿਉਰਿਟੀ ਗਾਰਡ ‘ਤੇ ਉਂਗਲ ਉਠਾਈ ਹੈ।