ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਦੇਣ ਪਿਆ ਅਸਤੀਫ਼ਾ

ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਦੇਣ ਪਿਆ  ਅਸਤੀਫ਼ਾ

ਜੌਹੈੱਨਸਬਰਗ/ਬਿਊਰੋ ਨਿਊਜ਼:
ਭਾਰਤੀ ਮੂਲ ਦੇ ਕਾਰੋਬਾਰੀ ਗੁਪਤਾ ਭਰਾਵਾਂ ਨਾਲ ਸਬੰਧਾਂ ਕਰਕੇ ਘੁਟਾਲੇ/ਵਿਵਾਦਾਂ ‘ਚ ਘਿਰੇ ਰਾਸ਼ਟਰਪਤੀ ਜੈਕਬ ਜ਼ੂਮਾ ਨੇ ਸੱਤਾਧਾਰੀ ਅਫਰੀਕਨ ਨੈਸ਼ਨਲ ਕਾਂਗਰਸ (ਏਐਨਸੀ) ਪਾਰਟੀ ਨਾਲ ਬਣੇ ਜਮੂਦ ਨੂੰ ਤੋੜਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਵੇਂ ਰਾਸ਼ਟਰਪਤੀ ਦੀ ਚੋਣ ਤਕ ਉਪ ਰਾਸ਼ਟਰਪਤੀ ਤੇ ਸਾਬਕਾ ਕਾਰੋਬਾਰੀ ਰਾਮਾਫੋਸਾ ਅੰਤਰਿਮ ਰਾਸ਼ਟਰਪਤੀ ਹੋਣਗੇ। ਜ਼ੂਮਾ (75 ਸਾਲ) ਨੇ ਅਸਤੀਫ਼ੇ ਦਾ ਐਲਾਨ ਵੀਰਵਾਰ ਰਾਤੀਂ ਕੌਮੀ ਟੈਲੀਵਿਜ਼ਨ ‘ਤੇ ਆਪਣੇ ਸੰਬੋਧਨ ਦੌਰਾਨ ਕੀਤਾ। ਅਸਤੀਫ਼ੇ ਨਾਲ ਜ਼ੂਮਾ ਦਾ ਨੌਂ ਸਾਲ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਉਂਜ ਰਾਸ਼ਟਰਪਤੀ ਵਜੋਂ ਜ਼ੂਮਾ ਦੇ ਦੂਜੇ ਕਾਰਜਕਾਲ ਦੀ ਮਿਆਦ ਅਗਲੇ ਸਾਲ ਕੌਮੀ ਚੋਣਾਂ ਤਕ ਸੀ। ਚੇਤੇ ਰਹੇ ਕਿ ਏਐਨਸੀ ਨੇ ਦੋ ਮਹੀਨੇ ਪਹਿਲਾਂ ਜ਼ੂਮਾ ਦੀ ਥਾਂ ਸਿਰਿਲ ਰਾਮਾਫੋਸਾ ਦੀ ਨਵੇਂ ਪਾਰਟੀ ਪ੍ਰਧਾਨ ਵਜੋਂ ਚੋਣ ਕੀਤੀ ਸੀ। ਇਸ ਚੋਣ ਨੂੰ ਲੈ ਕੇ ਉਨ੍ਹਾਂ ਦੇ ਪਾਰਟੀ ਨਾਲ ਮਤਭੇਦ ਚੱਲ ਰਹੇ ਸਨ। ਏਐਨਸੀ ਵਿਰੋਧੀ ਪਾਰਟੀਆਂ ਦੀ ਹਮਾਇਤ ਨਾਲ ਸੰਸਦ ‘ਚ ਰਾਸ਼ਟਰਪਤੀ ਖ਼ਿਲਾਫ਼ ਬੋਭਰੋਸਗੀ ਮਤਾ ਲਿਆ ਕੇ ਜ਼ੂਮਾ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਤਿਆਰੀ ਵਿੱਚ ਸੀ।