ਫੈਡਰੇਸ਼ਨ ਆਗੂ ਪੀਰ ਮੁਹੰਮਦ ਦੇ ਘਰ ‘ਤੇ ਹਮਲਾ

ਫੈਡਰੇਸ਼ਨ ਆਗੂ ਪੀਰ ਮੁਹੰਮਦ ਦੇ ਘਰ ‘ਤੇ ਹਮਲਾ

ਜ਼ੀਰਾ/ਬਿਊਰੋ ਨਿਊਜ਼ :
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੇ ਪੁਸ਼ਤੈਨੀ ਮਕਾਨ ਨੂੰ ਅਣਪਛਾਤੇ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਹੈ। ਘਰ ਦੇ ਬਾਹਰੀ ਗੇਟ ‘ਤੇ ਹਥਿਆਰਬੰਦਾਂ ਵਲੋਂ ਫਾਇਰਿੰਗ ਕੀਤੇ ਜਾਣ ਦੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੇ ਪਿਤਾ ਜਥੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਤੋਂ ਵਾਪਸ ਆਏ ਤਾਂ ਉਸ ਵਕਤ ਦਿਨ ਚੜ੍ਹਿਆ ਹੋਇਆ ਸੀ ਤਾਂ ਉਨ੍ਹਾਂ ਦੇਖਿਆ ਕਿ ਕੋਠੀ ਦੇ ਮੁੱਖ ਗੇਟ ‘ਤੇ ਗੋਲੀਆਂ ਦੇ ਨਿਸ਼ਾਨ ਸਨ ਅਤੇ ਗੋਲੀਆਂ ਦੇ ਸ਼ਰ੍ਹੇ ਵੀ ਪਏ ਸਨ। ਇਸ ਤੋਂ ਬਾਅਦ ਜਦੋਂ ਨਾਲ ਦੇ ਘਰਾਂ ਤੋਂ ਜਾਣਕਾਰੀ ਹਾਸਲ ਕੀਤੀ ਤਾਂ ਸਾਹਮਣੇ ਰਹਿੰਦੇ ਪਰਿਵਾਰ ਦੇ ਪੁਰਸ਼ ਤੇ ਔਰਤ ਮੈਂਬਰਾਂ ਨੇ ਦੱਸਿਆ ਕਿ ਰਾਤ ਪਟਾਕਿਆਂ ਦੀ ਆਵਾਜ਼ ਸਮਝ ਕੇ ਅਸੀਂ ਜ਼ਿਆਦਾ ਧਿਆਨ ਨਹੀਂ ਦਿੱਤਾ। ਜਥੇਦਾਰ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਮੇਰੇ ਦੋ ਬੇਟੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਾਫ਼ੀ ਸਾਲਾਂ ਤੋਂ ਚੰਡੀਗੜ੍ਹ ਰਹਿੰਦਾ ਹੈ ਜਦਕਿ ਛੋਟਾ ਬੇਟਾ ਡਿਪਟੀ ਸੁਪਰਡੈਂਟ ਕਪੂਰਥਲਾ ਜੇਲ੍ਹ ਵਿਖੇ ਡਿਊਟੀ ‘ਤੇ ਹੈ।
ਉਨ੍ਹਾਂ ਇਸ ਗੱਲ ‘ਤੇ ਬੇਹੱਦ ਹੈਰਾਨੀ ਪ੍ਰਗਟ ਕੀਤੀ ਕਿ ਸਾਡੇ ਘਰ ਉੱਪਰ ਰਾਤ ਵਕਤ ਫਾਇਰਿੰਗ ਕਰਨ ਵਾਲਿਆਂ ਦਾ ਕੀ ਮਨੋਰਥ ਹੋ ਸਕਦਾ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਦ ਇਸ ਸਬੰਧੀ ਐੱਸ.ਐੱਚ.ਓ ਹਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਬਾਰਾਂ ਬੋਰ ਦੇ ਫਾਇਰਾਂ ਦੇ ਨਿਸ਼ਾਨ ਹਨ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।