ਗੁਰੂਆਂ ਦੀ ਧਰਤੀ ਤੋਂ ਰੁੱਸਿਆ ”ਗੁਰੂ ਦਾ ਬਾਜ਼”

ਗੁਰੂਆਂ ਦੀ ਧਰਤੀ ਤੋਂ ਰੁੱਸਿਆ ”ਗੁਰੂ ਦਾ ਬਾਜ਼”

ਪਟਿਆਲਾ/ਬਿਊਰੋ ਨਿਊਜ਼ :
ਨਾਮਵਰ ਪੰਛੀ ਬਾਜ਼ ਦਾ ਸਿੱਖਾਂ ਅਤੇ ਪੰਜਾਬ ਦੀ ਧਰਤੀ ਨਾਲ ਇਤਿਹਾਸਕ ਤੇ ਜਜ਼ਬਾਤੀ ਰਿਸ਼ਤਾ ਹੈ। ਇਸੇ ਕਰਕੇ ਇਸ ਪੰਛੀ ਨੂੰ ਜਿੱਥੇ ਪੰਜਾਬ ‘ਚ ਸਰਕਾਰੀ ਸਰਪ੍ਰਸਤੀ ਪ੍ਰਾਪਤ ਹੈ ਉੱਥੇ ਹੀ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਮੇਸ਼ਾ ਨਾਲ ਰਹਿਣ ਕਾਰਨ ਸਿੱਖ ਧਰਮ ਅਤੇ ਇਤਿਹਾਸ ‘ਚ ਵੀ ਇਸ ਦੀ ਕਾਫ਼ੀ ਜ਼ਿਆਦਾ ਅਹਿਮੀਅਤ ਹੈ। ਪਿਛਲੇ ਸਮੇਂ ਤੋਂ ਇਸ ਪੰਛੀ ਦੇ ਸੂਬੇ ਚੋਂ ਤਕਰੀਬਨ ਅਲੋਪ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਕੁਦਰਤ ਨਾਲ ਮਨੁੱਖ ਵਲੋਂ ਕੀਤੀ ਛੇੜਛਾੜ ਕਾਰਨ ਵਾਤਾਵਰਣ ‘ਚ ਆਈਆਂ ਤਬਦੀਲੀਆਂ ਨਾਲ ਜਿਥੇ ਬਹੁਤ ਸਾਰੇ ਜੀਵ ਜੰਤੂਆਂ ਦੀ ਹੋਂਦ ਨੂੰ ਖ਼ਤਰਾ ਬਣਿਆ ਹੋਇਆ ਹੈ, ਉਥੇ ਹੀ ਪੰਜਾਬ ‘ਚ ਰਾਜ ਪੰਛੀ ਦਾ ਦਰਜਾ ਪ੍ਰਾਪਤ ਬਾਜ਼ ਪਿਛਲੇ ਲੰਮੇ ਸਮੇਂ ਤੋਂ ਦਿਖਾਈ ਨਹੀਂ ਦੇ ਰਿਹਾ। ਇਸ ਦੀ ਹੋਂਦ ਨੂੰ ਸੂਬੇ ‘ਚ ਮੁੜ ਬਰਕਰਾਰ ਕਰਨ ਲਈ ਸਬੰਧਿਤ ਵਿਭਾਗ ਵਲੋਂ ਪਿਛਲੇ ਲੰਮੇ ਸਮੇਂ ਤੋਂ ਜੱਦੋ-ਜਹਿਦ ਕੀਤੀ ਜਾ ਰਹੀ ਹੈ ਪਰ ਅਜੇ ਤਕ ਇਸ ਪੰਛੀ ਦੀ ਸੂਬੇ ‘ਚ ਗਿਣਤੀ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਬਹੁਤਾ ਬੂਰ ਪਿਆ ਦਿਖਾਈ ਨਹੀਂ ਦਿੰਦਾ।
ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਤਕਰੀਬਨ ਸੰਨ 2011-12 ਤੋਂ ਇਸ ਪੰਛੀ ਨੂੰ ਸਾਂਭਣ ਲਈ ਵਿਭਾਗ ਵਲੋਂ ਜੀਅ ਤੋੜ ਯਤਨ ਆਰੰਭੇ ਹੋਏ ਹਨ। ਜੰਗਲਾਤ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਚੀਫ਼ ਕੰਜਰਵੇਟਰ ਡਾ. ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਛੱਤ ਬੀੜ ਵਿਖੇ ਬਾਜ਼ ਦੀ ਫਾਲਕਨ ਪ੍ਰਜਾਤੀ ਨੂੰ ਪ੍ਰਫੁੱਲਿਤ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਜਿਸ ਦਾ ਬੁਨਿਆਦੀ ਢਾਂਚਾ ਵੀ ਤਿਆਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਜਾਤੀ ‘ਚ ਬਾਜ਼, ਸਾਇਨ ਆਦਿ ਪ੍ਰਜਾਤੀਆਂ ਦੀ ਗਿਣਤੀ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਛੱਤਬੀੜ ਦੀ ਫ਼ੀਲਡ ਡਾਇਰੈਕਟਰ ਡਾ. ਐਮ. ਸੁਦਾਗਰ ਦਾ ਕਹਿਣਾ ਹੈ ਕਿ ਇਸ ਪ੍ਰਜਾਤੀ ਦੀ ਸਾਂਭ ਸੰਭਾਲ ਅਤੇ ਹੋਂਦ ਬਣਾਈ ਰੱਖਣ ਲਈ ਪਿੰਜਰਾ ਤਿਆਰ ਹੋ ਚੁੱਕਾ ਹੈ ਅਤੇ ਅੰਡਿਆਂ ਦੀ ਸਾਂਭ ਸੰਭਾਲ ਅਤੇ ਬੱਚੇ ਤਿਆਰ ਕਰਨ ਲਈ ਹੈਚਰੀ ਦਾ ਪ੍ਰਬੰਧ ਵੀ ਹੋ ਚੁੱਕਾ ਹੈ ਪਰ ਅਜੇ ਤੱਕ ਇਸ ਵਿਚ ਪੰਛੀ ਨੂੰ ਛੱਡਿਆ ਨਹੀਂ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਇਸ ਪੰਛੀ ਦੀ ਆਮਦ ਛੱਤਬੀੜ ‘ਚ ਹੋਵੇਗੀ।