ਭਾਈ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਦੀ ਰੁਲਦਾ ਸਿੰਘ ਕਤਲ ਮਾਮਲੇ ‘ਚ ਪੇਸ਼ੀ

ਭਾਈ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਦੀ ਰੁਲਦਾ ਸਿੰਘ ਕਤਲ ਮਾਮਲੇ ‘ਚ ਪੇਸ਼ੀ

ਪਟਿਆਲਾ ਅਦਾਲਤ ਵਿਚ ਭਾਈ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਨੂੰ ਪੇਸ਼ ਕਰਨ ਲਿਜਾਂਦੀ ਹੋੲੀ ਪੁਲੀਸ।

ਪਟਿਆਲਾ/ਬਿਊਰੋ ਨਿਊਜ਼ :

ਆਰਐਸਐਸ ਦੀ ਹੱਥਠੋਕਾ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਸੂਬਾਈ ਪ੍ਰਧਾਨ ਰਹੇ ਰੁਲਦਾ ਸਿੰਘ ਦੇ ਕਤਲ ਦੀ ਸੁਣਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲ਼ਡੀ ਨੂੰ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤੀ ਕਾਰਵਾਈ ਦੌਰਾਨ ਪਟਿਆਲਾ ਦੇ ਡੀਐੱਸਪੀ (ਆਰ) ਗੁਰਦੇਵ ਸਿੰਘ ਧਾਲੀਵਾਲ ਅਤੇ  ਬਰਨਾਲਾ ਦੇ ਡੀਐੱਸਪੀ ਰਾਜੇਸ਼ ਛਿੱਬੜ ਦੇ ਬਿਆਨ ਵੀ ਦਰਜ ਹੋਏ।
ਗੌਰਤਲਬ ਹੈ ਕਿ ਨਵੰਬਰ 2014 ਵਿਚ ਭਾਈ ਰਮਨਦੀਪ ਸਿੰਘ ਗੋਲਡੀ ਦੇ ਮਲੇਸ਼ੀਆ ਅਤੇ ਜਨਵਰੀ 2015 ਵਿਚ ਭਾਈ ਜਗਤਾਰ ਸਿੰਘ ਤਾਰਾ ਦੇ ਥਾਈਲੈਂਡ ਵਿਚ ਫੜੇ ਜਾਣ ‘ਤੇ ਤਫ਼ਤੀਸ਼ੀ ਅਫਸਰ ਡੀਐੱਸਪੀ ਗੁਰਦੇਵ ਧਾਲੀਵਾਲ ਨੇ ਹੀ ਦੋਵਾਂ ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ ਵੀ ਕੀਤੀ ਸੀ। ਭਾਈ ਤਾਰਾ ਦੇ ਫੜੇ ਜਾਣ ਮੌਕੇ ਰਾਜੇਸ਼ ਛਿੱਬੜ ਥਾਣਾ ਤ੍ਰਿਪੜੀ ਦੇ  ਮੁਖੀ ਸਨ। ਇਸੇ ਕਰਕੇ ਦੋਵਾਂ ਪੁਲੀਸ ਅਫ਼ਸਰਾਂ ਨੂੰ ਗਵਾਹੀ ਲਈ ਸੱਦਿਆ ਗਿਆ ਸੀ। ਇਸ ਤੋਂ ਇਲਾਵਾ ਨਵਦੀਪ ਸਿੰਘ ਅਤੇ  ਯੋਗੇਸ਼ ਸ਼ਰਮਾ ਦੇ ਵੀ ਗਵਾਹਾਂ ਵਜੋਂ  ਬਿਆਨ ਦਰਜ ਹੋਏੇ। ਇਸ ਮੌਕੇ ਭਾਈ ਤਾਰਾ ਤੇ ਭਾਈ ਗੋਲਡੀ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਵੀ ਅਦਾਲਤ ਵਿਚ ਹਾਜ਼ਰ ਸਨ।
ਜਾਣਕਾਰੀ ਅਨੁਸਾਰ 30 ਜੁਲਾਈ 2009 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਦੀਆਂ ਗੋਲ਼ੀਆਂ ਦਾ ਸ਼ਿਕਾਰ ਹੋਏ ਰੁਲਦਾ ਸਿੰਘ ਦੀ ਦੋ ਹਫਤਿਆਂ ਬਾਅਦ ਮੌਤ ਹੋ ਗਈ ਸੀ। ਕਤਲ ਦਾ ਇਹ ਕੇਸ ਥਾਣਾ ਤ੍ਰਿਪੜੀ ਵਿਖੇ ਦਰਜ ਹੈ।
ਇਸੇ ਕੇਸ ਵਿੱਚ ਪਾਕਿਸਤਾਨ ਰਹਿ ਰਹੇ ਖਾੜਕੂ ਆਗੂ ਭਾਈ ਪਰਮਜੀਤ ਸਿੰਘ ਪੰਜਵੜ ਸਮੇਤ ਇੰਗਲੈਂਡ ਜਾ ਵਸੇ ਨੌਜਵਾਨ ਆਗੂ ਪਰਮਜੀਤ ਸਿੰਘ ਪੰਮਾ ਵੀ ਨਾਮਜ਼ਦ ਹਨ। ਐਡਵੋਕੇਟ ਬਰਜਿੰਦਰ ਸਿੰਘ ਸੋਢੀ ਦਾ ਕਹਿਣਾ ਸੀ ਕਿ ਹੁਣ 16 ਅਗਸਤ ਨੂੰ ਸੁਣਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ।