ਪਿੰਡ ਬਾਦਲ ਦਾ ਸਭ ਤੋਂ ਵੱਡੀ ਉਮਰ ਦਾ ਸਿਆਸਤਦਾਨ ਹੁਣ ਛੋਟੀਆਂ ਵਾਟਾਂ ਦਾ ਪਾਂਧੀ ਬਣਿਆ

ਪਿੰਡ ਬਾਦਲ ਦਾ ਸਭ ਤੋਂ ਵੱਡੀ ਉਮਰ ਦਾ ਸਿਆਸਤਦਾਨ ਹੁਣ ਛੋਟੀਆਂ ਵਾਟਾਂ ਦਾ ਪਾਂਧੀ ਬਣਿਆ

ਬਠਿੰਡਾ/ਬਿਊਰੋ ਨਿਊਜ਼ :
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਵੱਡੀ ਉਮਰ ਹੰਭਾਉਣ ਲੱਗੀ ਹੈ। ਡਾਕਟਰੀ ਟੀਮ ਨੇ ਸ੍ਰੀ ਬਾਦਲ ਨੂੰ ਗਰਮੀ ‘ਚ ਬਾਹਰ ਘੱਟ ਨਿਕਲਣ ਦਾ ਮਸ਼ਵਰਾ ਦਿੱਤਾ ਹੈ। ਭਾਵੇਂ ਉਨ੍ਹਾਂ ਕਦੇ ਉਮਰ ਤੋਂ ਹਾਰ ਨਹੀਂ ਮੰਨੀ ਪਰ ਹੁਣ ਜ਼ਿੰਦਗੀ ਦਾ ਦਸਵਾਂ ਦਹਾਕਾ ਹੰਢਾ ਰਹੇ ਸਾਬਕਾ ਮੁੱਖ ਮੰਤਰੀ ਨੂੰ ਉਮਰ ਹੰਭਾਉਣ ਲੱਗੀ ਹੈ। ਪਹਿਲਾਂ-ਪਹਿਲ ਸ੍ਰੀ ਬਾਦਲ ਨੇ ਆਪਣੇ ਆਪ ਨੂੰ ਲੰਬੀ ਹਲਕੇ ਤਕ ਹੀ ਸੀਮਤ ਕਰ ਲਿਆ ਸੀ ਤੇ ਰੋਜ਼ਾਨਾ ਲਾਗਲੇ ਪਿੰਡਾਂ ‘ਚ ਲੋਕਾਂ ਦੁੱਖ-ਸੁੱਖ ਵੰਡਾਉਂਦੇ ਸਨ। ਪਰ ਹੁਣ ਉਨ੍ਹਾਂ 12 ਜੂਨ ਤੋਂ ਪਿੰਡਾਂ ਵਿਚ ਜਾਣਾ ਵੀ ਬੰਦ ਕਰ ਦਿੱਤਾ ਹੈ ਤੇ ਸਿਆਸੀ ਸਰਗਰਮੀ ਵੀ ਘਟਾ ਦਿੱਤੀ ਹੈ। ਜਾਣਕਾਰ ਸੂਤਰਾਂ ਮੁਤਾਬਕ ਕਰੀਬ ਦੋ ਦਿਨਾਂ ਤੋਂ ਬਾਦਲ ਬਾਲਾਸਰ ਫਾਰਮ ਹਾਊਸ ‘ਚ ਆਰਾਮ ਕਰ ਰਹੇ ਹਨ ਅਤੇ ਡਾਕਟਰੀ ਟੀਮ ਵੀ ਉਨ੍ਹਾਂ ਦੇ ਨਾਲ ਹੀ ਗਈ ਹੋਈ ਹੈ। ਅੱਠ ਦਸੰਬਰ 1927 ਨੂੰ ਜਨਮੇ ਸ੍ਰੀ ਬਾਦਲ ਹੁਣ ਕਰੀਬ 91 ਵਰ੍ਹਿਆਂ ਦੇ ਹੋ ਗਏ ਹਨ ਤੇ ਸਿਆਸਤ ਵਿਚ ਕਰੀਬ 50 ਵਰ੍ਹਿਆਂ ਦੀ ਲੰਮੀ ਵਾਟ ਉਨ੍ਹਾਂ ਤੈਅ ਕੀਤੀ ਹੈ। ਸੱਤਾ ਬਦਲੀ ਮਗਰੋਂ ਹੁਣ ਸਾਬਕਾ ਮੁੱਖ ਮੰਤਰੀ ਨੇ ਜਨਤਕ ਤੇ ਸਿਆਸੀ ਸਮਾਗਮਾਂ ਤੋਂ ਕਿਨਾਰਾਕਸ਼ੀ ਹੀ ਕੀਤੀ ਹੈ। ਸ਼ਾਹਕੋਟ ਜ਼ਿਮਨੀ ਚੋਣ ਦੇ ਸਿਆਸੀ ਰੌਲੇ-ਰੱਪੇ ਤੋਂ ਵੀ ਉਹ ਦੂਰ ਹੀ ਰਹੇ। ਭੋਗਾਂ ਅਤੇ ਵਿਆਹਾਂ ਉੱਤੇ ਜਾਣ ਤੋਂ ਵੀ ਉਹ ਹੁਣ ਗੁਰੇਜ਼ ਕਰਦੇ ਹਨ। ਜਦਕਿ ਆਪਣੀ ਚਾਚੀ ਦੇ ਭੋਗ ਸਮਾਗਮਾਂ ਵਿਚ ਉਨ੍ਹਾਂ ਜ਼ਰੂਰ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਮਹੀਨੇ ‘ਚ ਉਹ ਦੋ ਦਿਨ ਚੰਡੀਗੜ੍ਹ ਵੀ ਜਾਂਦੇ ਸਨ ਪਰ ਐਤਕੀਂ ਉਨ੍ਹਾਂ ਰਾਜਧਾਨੀ ਦਾ ਗੇੜਾ ਵੀ ਨਹੀਂ ਲਾਇਆ।
ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਬਹੁਤਾ ਸਮਾਂ ਪਿੰਡ ਬਾਦਲ ਵਿੱਚ ਆਪਣੀ ਰਿਹਾਇਸ਼ ‘ਤੇ ਹੀ ਗੁਜ਼ਾਰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਆਈ ਫਲੂ ਦੀ ਸਮੱਸਿਆ ਵੀ ਆਈ ਸੀ। ਕੈਪਟਨ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਨਾਲ ਤਿੰਨ ਡਾਕਟਰਾਂ ਅਤੇ ਇੱਕ ਫਾਰਮਾਸਿਸਟ ਦੀ ਟੀਮ ਪੱਕੇ ਤੌਰ ‘ਤੇ ਤਾਇਨਾਤ ਕੀਤੀ ਹੋਈ ਹੈ। ਪਿੰਡ ਬਾਦਲ ਦੇ ਹਸਪਤਾਲ ਦੇ ਡਾ. ਪ੍ਰਭਜੀਤ ਸਿੰਘ ਗੁਲਾਟੀ ਅਤੇ ਫਾਰਮਾਸਿਸਟ ਰਿਸ਼ੀ ਦੀ ਆਰਜ਼ੀ ਡਿਊਟੀ ਵੀ ਲੱਗੀ ਹੋਈ ਹੈ। ਇਸ ਤੋਂ ਇਲਾਵਾ ਫਿਜ਼ੀਓਥੈਰੇਪਿਸਟ ਵੀ ਸ੍ਰੀ ਬਾਦਲ ਨੂੰ ਸੇਵਾਵਾਂ ਦੇ ਰਹੇ ਹਨ। ਵੇਰਵਿਆਂ ਮੁਤਾਬਕ ਐੱਸਐਮਓ ਡਾ. ਅਨੁਰਾਗ ਵਸ਼ਿਸ਼ਟ ਨੂੰ 31 ਮਾਰਚ 2017 ਅਤੇ ਐੱਸਐਮਓ ਡਾ. ਜਸਤੇਜ ਸਿੰਘ ਕੁਲਾਰ ਨੂੰ 11 ਨਵੰਬਰ 2017 ਤੋਂ ਉਨ੍ਹਾਂ ਨਾਲ ਤਾਇਨਾਤ ਕੀਤਾ ਹੋਇਆ ਹੈ। ਡਾ. ਗੁਰਪ੍ਰੀਤ ਸਿੰਘ ਤੋਂ ਇਲਾਵਾ ਫਾਰਮਾਸਿਸਟ ਅਮਨ ਪ੍ਰਭਾਕਰ ਨੂੰ ਮਾਰਚ 2017 ਤੋਂ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪੀ.ਜੀ.ਆਈ ਦੇ ਡਾ. ਤਲਵਾੜ ਸ੍ਰੀ ਬਾਦਲ ਦੀ ਸਿਹਤ ਸਬੰਧੀ ਮੈਡੀਕਲ ਟੀਮ ਨੂੰ ਹਦਾਇਤਾਂ ਦਿੰਦੇ ਰਹਿੰਦੇ ਹਨ।  ਡਾ. ਜਸਤੇਜ ਸਿੰਘ ਦਾ ਕਹਿਣਾ ਸੀ ਕਿ ਸਾਬਕਾ ਮੁੱਖ ਮੰਤਰੀ ਦਾ ਰੋਜ਼ਾਨਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ਤੇ ਹੋਰ ਟੈੱਸਟ ਵੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਹੈ ਤੇ ਸਾਬਕਾ ਮੁੱਖ ਮੰਤਰੀ ਬਿਲਕੁਲ ਤੰਦਰੁਸਤ ਹਨ। ਪਿੰਡ ਬਾਲਾਸਰ (ਹਰਿਆਣਾ) ਦੇ ਸਰਪੰਚ ਧਰਮਪਾਲ ਨੇ ਦੱਸਿਆ ਕਿ ਇੱਥੇ ਸਾਬਕਾ ਮੁੱਖ ਮੰਤਰੀ ਰੋਜ਼ਾਨਾ ਹਲਕੀ ਵਰਜਿਸ਼ ਕਰ ਰਹੇ ਹਨ ਅਤੇ ਪਿੰਡ ਦੇ ਲੋਕਾਂ ਨੂੰ ਵੀ ਮਿਲਦੇ ਹਨ। ਲੰਬੀ ਦੇ ਆਗੂ ਆਖਦੇ ਹਨ ਕਿ ਬਾਦਲ ਸਾਦਾ ਖਾਣਾ ਲੈਂਦੇ ਹਨ ਅਤੇ ਰਿਹਾਇਸ਼ ‘ਤੇ ਲੋਕਾਂ ਨੂੰ ਮਿਲਦੇ ਹਨ। ਉਂਝ ਉਨ੍ਹਾਂ ਨੂੰ ਚੱਲਣ ਵੇਲੇ ਦੋ ਮੁਲਾਜ਼ਮਾਂ ਦੇ ਸਹਾਰੇ ਦੀ ਲੋੜ ਪੈਂਦੀ ਹੈ।ਪਿੰਡ ਬਾਦਲ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪਿੰਡ ਦੇ ਸਭ ਤੋਂ ਵੱਡੀ ਉਮਰ ਦੇ ਬਾਸ਼ਿੰਦੇ ਹਨ।