ਬਠਿੰਡਾ ਦੇ ਪਿੰਡ ਘੁੰਮਣ ਕਲਾਂ ‘ਚ ਔਰਤ ਨੂੰ ਨਿਰਵਸਤਰ ਕਰਕੇ ਮਾਰਕੁੱਟ

ਬਠਿੰਡਾ ਦੇ ਪਿੰਡ ਘੁੰਮਣ ਕਲਾਂ ‘ਚ ਔਰਤ ਨੂੰ ਨਿਰਵਸਤਰ ਕਰਕੇ ਮਾਰਕੁੱਟ

ਹਸਪਤਾਲ ਵਿਚ ਜ਼ੇਰੇ-ਇਲਾਜ ਪਿੰਡ ਘੁੰਮਣ ਕਲਾਂ ਦੀ ਪੀੜਤ ਬਿਰਧ ਮਹਿਲਾ।
ਬਠਿੰਡਾ/ਮੌੜ ਮੰਡੀ/ਬਿਊਰੋ ਨਿਊਜ਼ :
ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ‘ਚ ਅੱਧੀ ਦਰਜਨ ਵਿਅਕਤੀਆਂ ਨੇ ਇੱਕ ਬਿਰਧ ਔਰਤ ਨੂੰ ਨਿਰਵਸਤਰ ਕਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇੱਥੇ ਹੀ ਬੱਸ ਨਹੀਂ, ਹਮਲਾਵਰਾਂ ਨੇ ਬਜ਼ੁਰਗ ਮਹਿਲਾ ਤੇ ਉਸ ਦੇ ਸੰਭਾਲਕਰਤਾ ਦੀ ਨਗਨ ਹਾਲਤ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਨਸ਼ਰ ਵੀ ਕਰ ਦਿੱਤੀ। ਇਸ ਮਾਮਲੇ ‘ਚ ਥਾਣਾ ਮੌੜ ਦੀ ਪੁਲੀਸ ਨੇ ਛੇ ਜਣਿਆਂ ਖ਼ਿਲਾਫ਼ ਧਾਰਾ 354ਬੀ ਤਹਿਤ ਕੇਸ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮਾਂ ਵਿੱਚ ਪਿੰਡ ਘੁੰਮਣ ਕਲਾਂ ਦੇ ਜੁਗਰਾਜ ਸਿੰਘ, ਨਿਰਮਲ ਸਿੰਘ, ਜਗਪਾਲ ਸਿੰਘ, ਰਣਧੀਰ ਸਿੰਘ, ਲਵਦੀਪ ਸਿੰਘ ਅਤੇ ਜਸਪਾਲ ਸਿੰਘ ਸ਼ਾਮਲ ਹਨ। ਪੀੜਤਾ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ, ਜਿੱਥੋਂ ਉਸ ਨੂੰ ਬਠਿੰਡਾ ਸਿਵਲ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ।   ਵੇਰਵਿਆਂ ਅਨੁਸਾਰ ਪਿੰਡ ਘੁੰਮਣ ਕਲਾਂ ਦੀ ਕਰੀਬ 65 ਸਾਲਾ ਔਰਤ ਆਪਣੇ ਬਿਮਾਰ ਤੇ ਅਪਾਹਜ ਪਤੀ ਨਾਲ ਰਹਿੰਦੀ ਹੈ। ਇਸ ਔਰਤ ਨੇ ਬਿਮਾਰ ਪਤੀ ਦੀ ਦੇਖਭਾਲ ਲਈ ਜਦੋਂ ਪਿੰਡ ਦੇ 40 ਵਰ੍ਹਿਆਂ ਦੇ ਵਿਅਕਤੀ ਨੂੰ ਬੁਲਾ ਲਿਆ ਤਾਂ ਗੁਆਂਢੀਆਂ ਨੂੰ ਔਰਤ ਦੇ ਚਰਿੱਤਰ ‘ਤੇ ਸ਼ੱਕ ਹੋ ਗਿਆ। ਪੁਲੀਸ ਅਨੁਸਾਰ ਗੁਆਂਢੀਆਂ ਨੇ ਇਕੱਠੇ ਹੋ ਕੇ ਔਰਤ ਦੇ ਘਰ ‘ਤੇ ਹੱਲਾ ਬੋਲ ਦਿੱਤਾ। ਔਰਤ ਅਤੇ ਦੇਖਭਾਲ ਲਈ ਸੱਦੇ ਵਿਅਕਤੀ ਨੂੰ ਮੰਜੇ ‘ਤੇ ਪਾ ਕੇ ਨਿਰਵਸਤਰ ਕਰ ਦਿੱਤਾ ਤੇ ਔਰਤ ਦੀ ਕੁੱਟਮਾਰ ਕੀਤੀ।
ਹਮਲਾਵਰ ਇੱਕ ਪਰਿਵਾਰ ‘ਚੋਂ ਚਾਚੇ-ਤਾਏ ਦੇ ਘਰਾਂ ਚੋਂ ਹੀ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਪਿੱਛੋਂ ਪੁਲੀਸ ਨੂੰ ਇਸ ਦਾ ਪਤਾ ਲੱਗਾ। ਸਿਵਲ ਹਸਪਤਾਲ ਵਿਚ ਪੀੜਤਾ ਦੇ ਪਤੀ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਵੀਡੀਓ ਸ਼ਰਮਸਾਰ ਕਰਨ ਵਾਲੀ ਹੈ ਅਤੇ ਇਸ ਘਟਨਾ ਤੋਂ ਪਿੰਡ ਵਾਸੀ ਸ਼ਰਮਿੰਦਾ ਹਨ। ਪਤਾ ਲੱਗਾ ਹੈ ਕਿ ਜਦੋਂ ਰਾਤੀਂ ਰੌਲਾ ਪਿਆ ਤਾਂ ਹੋਰ ਲੋਕ ਵੀ ਇਕੱਠੇ ਹੋ ਗਏ ਸਨ।
ਥਾਣਾ ਮੌੜ ਦੇ ਐਸਐਚਓ ਹਰਬੰਸ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੇ ਸ਼ੱਕ ਦੇ ਆਧਾਰ ‘ਤੇ ਅਜਿਹਾ ਕੀਤਾ। ਉਨ੍ਹਾਂ ਕਿਹਾ ਕਿ ਬਿਰਧ ਦੇ ਹੱਥਾਂ-ਪੈਰਾਂ ‘ਤੇ ਸੱਟਾਂ ਦੇ ਨਿਸ਼ਾਨ ਹਨ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੀ ਬਿਰਧ ਔਰਤ ਦੇ ਪਰਿਵਾਰ ਨਾਲ ਕੋਈ ਪੁਰਾਣੀ ਰੰਜਸ਼ ਵਗ਼ੈਰਾ ਫ਼ਿਲਹਾਲ ਸਾਹਮਣੇ ਨਹੀਂ ਆਈ ਹੈ।
ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਮੌੜ ਵਿਚ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਪਿੱਛੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਵੀਡੀਓ ਵਾਇਰਲ ਹੋਣ ਪਿੱਛੋਂ ਫ਼ੌਰੀ ਸਖ਼ਤ ਐਕਸ਼ਨ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।