ਭਾਈ ਰਾਜੋਆਣਾ ਵੱਲੋਂ ਆਪਣੀ ਫਾਂਸੀ ਬਾਰੇ ਐਸਜੀਪੀਸੀ ਦੀ ਅਰਜ਼ੀ ‘ਤੇ ਫੈਸਲਾ ਕਰਨ ‘ਚ ਦੇਰੀ ਖਿਲਾਫ ਭੁੱਖ ਹੜਤਾਲ ਦਾ ਐਲਾਨ

ਭਾਈ ਰਾਜੋਆਣਾ ਵੱਲੋਂ ਆਪਣੀ ਫਾਂਸੀ ਬਾਰੇ ਐਸਜੀਪੀਸੀ ਦੀ ਅਰਜ਼ੀ ‘ਤੇ ਫੈਸਲਾ ਕਰਨ ‘ਚ ਦੇਰੀ ਖਿਲਾਫ ਭੁੱਖ ਹੜਤਾਲ ਦਾ ਐਲਾਨ

ਪਟਿਆਲਾ/ਬਿਊਰੋ ਨਿਊਜ਼ :
ਸਿਆਸੀ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਫਾਂਸੀ ਦੀ ਸਜ਼ਾ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਭਾਰਤੀ ਰਾਸ਼ਟਰਪਤੀ ਕੋਲ ਪਾਈ ਅਰਜ਼ੀ ‘ਤੇ ਭਾਰਤ ਸਰਕਾਰ ਵੱਲੋਂ ਫੈਸਲਾ ਲੈਣ ਵਿਚ ਕੀਤੀ ਜਾ ਰਹੀ ਦੇਰੀ ਦੇ ਮੱਦੇਨਜ਼ਰ ਪਟਿਆਲਾ ਜੇਲ੍ਹ ਵਿਚ ਭੁੱਖ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਖਬਰਾਂ ਨਸ਼ਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਹਰਕਤ ਵਿਚ ਆ ਗਏ ਹਨ।

ਅਨੰਦਪੁਰ ਸਾਹਿਬ ਤੋਂ ‘ਮੈਂਬਰ ਪਾਰਲੀਮੈਂਟ’ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋ.ਗੁ.ਪ੍ਰ.ਕ. ਪਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਉਹ 18 ਜੁਲਾਈ ਨੂੰ ਭਾਰਤ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਰਾਜਨਾਥ ਸਿੰਘ ਨੂੰ ਮਿਲਣ ਜਾ ਰਹੇ ਹਨ। ਇਨ੍ਹਾਂ ਆਗੂਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਦੇ ਐਲਾਨ ‘ਤੇ ਅਮਲ ਨਾ ਕਰਨ ਲਈ ਵੀ ਕਿਹਾ ਹੈ। ਖਬਰਾਂ ਮੁਤਾਬਕ ਸ਼੍ਰ.ਅ.ਦ (ਬਾਦਲ) ਦੇ ਆਗੂ ਭਾਰਤੀ ਵਜ਼ੀਰ ਨੂੰ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਬਦਲ ਦੇਣ ਲਈ ਕਹਿਣਗੇ।

ਜ਼ਿਕਰਯੋਗ ਹੈ ਕਿ ਇਕ ਭਾਰਤੀ ਅਦਾਲਤ ਨੇ ਭਾਈ ਬਲਵੰਤ ਸਿੰਘ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ‘ਸੋਧਾ ਲਾਉਣ’ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਸਾਲ 2012 ਵਿਚ ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ “ਕਾਲੇ ਵਰੰਟ” ਜਾਰੀ ਹੋਏ ਸਨ ਜਿਨ੍ਹਾਂ ਤਹਿਤ ਉਸਨੂੰ 31 ਮਾਰਚ 2012 ਨੂੰ ਫਾਂਸੀ ਦੇ ਦਿੱਤੀ ਜਾਣੀ ਸੀ। ਪਰ ਉਸ ਵੇਲੇ ਉੱਭਰੇ ਪੰਥਕ ਰੋਹ ਤੋਂ ਬਾਅਦ ਤਤਕਾਲੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਰਾਹੀਂ ਭਾਰਤੀ ਰਾਸ਼ਟਰਪਤੀ ਕੋਲ ‘ਸੰਵਿਧਾਨਕ ਪੁਨਰਵਿਚਾਰ ਅਰਜ਼ੀ’ ਦਾਖਲ ਕਰਵਾ ਦਿੱਤੀ ਸੀ ਜਿਸ ਤਹਿਤ ਸ਼੍ਰੋ.ਗੁ.ਪ੍ਰ.ਕ. ਨੇ ਰਾਸ਼ਟਰਪਤੀ ਨੂੰ ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਬਦਲਣ ਲਈ ਕਿਹਾ ਸੀ।

ਸਾਲ 2012 ਤੋਂ ਹੁਣ ਤੱਕ ਕਈ ਵਾਰ ਸ਼੍ਰੋ.ਅ.ਦ (ਬਾਦਲ) ਅਤੇ ਸ਼੍ਰੋ.ਗੁ.ਪ੍ਰ.ਕ. ਦੇ ਆਗੂ ਕੇਂਦਰ ਨੂੰ ਇਸ ਅਰਜ਼ੀ ‘ਤੇ ਫੈਸਲਾ ਲੈਣ ਲਈ ਬੇਨਤੀਆਂ ਕਰ ਚੁੱਕੇ ਹਨ ਪਰ ਕੇਂਦਰ ਨੇ ਉਨ੍ਹਾਂ ਦੀ ਗੱਲ ਹਮੇਸ਼ਾਂ ਅਣਗੌਲੀ ਹੀ ਕੀਤੀ ਹੈ। ਕੇਂਦਰ ਇਸ ਮਾਮਲੇ ‘ਤੇ ਸਮਾਂ ਲੰਘਾਉਣ ਦੀ ਨੀਤੀ ‘ਤੇ ਚੱਲਦਾ ਆ ਰਿਹਾ ਹੈ ਤੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਪਾਈ ਅਰਜ਼ੀ ਨਾ ਤਾਂ ਮਨਜ਼ੂਰ ਕੀਤੀ ਜਾ ਰਹੀ ਹੈ ਤੇ ਨਾ ਹੀ ਰੱਦ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਨਵੰਬਰ 2016 ਵਿਚ ਵੀ ਭਾਈ ਰਾਜੋਆਣਾ ਨੇ ਇਸ ਮਸਲੇ ‘ਤੇ ਭੁੱਖ ਹੜਤਾਲ ਰੱਖੀ ਸੀ ਪਰ ਉਸ ਵੇਲੇ ਸ਼੍ਰੋ.ਗੁ.ਪ੍ਰ.ਕ. ਦੇ ਤਤਕਾਲੀ ਪਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉਨ੍ਹਾਂ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਮਨਾ ਲਿਆ ਸੀ ਤੇ ਕਿਹਾ ਸੀ ਕਿ ਉਹ ਕੇਂਦਰ ਕੋਲੋਂ ਫਾਂਸੀ ਤੋੜਨ ਵਾਲੀ ਅਰਜ਼ੀ ‘ਤੇ ਛੇਤੀ ਹੀ ਫੈਸਲਾ ਕਰਵਾ ਲੈਣਗੇ। ਭਾਵੇਂ ਕਿ ਉਨ੍ਹਾਂ ਇਸ ਮਾਮਲੇ ‘ਤੇ ਕੁਝ ਸਰਗਰਮੀ ਵੀ ਕੀਤੀ ਸੀ ਪਰ ਕੇਂਦਰ ਦੀ ਡੰਗ ਲੰਘਾਊ ਨੀਤੀ ਵਿਚ ਕੋਈ ਤਬਦੀਲੀ ਨਾ ਆਈ।

ਭਾਈ ਰਾਜੋਆਣਾ ਦੇ ਮੁੜ ਭੁੱਖ ਹੜਤਾਲ ‘ਤੇ ਬੈਠਣ ਦੇ ਐਲਾਨ ਤੋਂ ਬਾਅਦ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਨੂੰ ਇਸ ਮਾਮਲੇ ਵਿਚ ਮੁੜ ਕੇਂਦਰ ਕੋਲ ਪਹੁੰਚ ਕਰਨੀ ਚਾਹੀਦੀ ਹੈ।