ਇਕੋ ਪਰਿਵਾਰ ਦੀਆਂ ਤਿੰਨ ਔਰਤਾਂ ਦਾ ਕਤਲ

ਇਕੋ ਪਰਿਵਾਰ ਦੀਆਂ ਤਿੰਨ ਔਰਤਾਂ ਦਾ ਕਤਲ

(ਅਜਨਾਲਾ)/ਬਿਊਰੋ ਨਿਊਜ਼ :

ਪਿੰਡ ਮਾਕੋਵਾਲ ਵਿਖੇ ਇੱਕ ਘਰ ਵਿਚੋਂ ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ, ਜਿਸ ਨਾਲ ਇਲਾਕੇ ਵਿਚ ਸਹਿਮ ਫੈਲ ਗਿਆ। ਮੌਕੇ ‘ਤੇ ਪਹੁੰਚੇ ਐਸ.ਪੀ. ਜਸਵੰਤ ਕੌਰ, ਐਸਪੀਡੀ ਹਰਪਾਲ ਸਿੰਘ, ਡੀਐਸਪੀ ਡੀ ਹਰਪ੍ਰੀਤ ਸਿੰਘ, ਐਸਐਚਓ ਅਜਨਾਲਾ ਪਰਮਬੀਰ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਪੀਡੀ ਹਰਪਾਲ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਤਾ ਕਰਤਾਰ ਕੌਰ (85) ਪਤਨੀ ਸਵਰਗੀ ਤੇਗਾ ਸਿੰਘ ਆਪਣੀ ਬੇਟੀ ਹਰਮੀਤ ਕੌਰ (50) ਵਿਧਵਾ ਨਿਰਮਲ ਸਿੰਘ ਅਤੇ ਦੋਹਤੀ ਦਿਲਪ੍ਰੀਤ ਕੌਰ ਨਾਲ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਸ਼ਾਮ ਦੇ ਸਮੇਂ ਗੁਆਂਢੀਆਂ ਦੇ ਘਰੋਂ ਪੱਖਾ ਲੈ ਕੇ ਆਏ ਸਨ ਅਤੇ ਸਾਰਾ ਦਿਨ ਕੋਈ ਨਜ਼ਰ ਨਹੀਂ ਆਇਆ।
ਸਵੇਰੇ ਰਿਸ਼ਤੇਦਾਰਾਂ ਦਾ ਗੁਆਂਢੀਆਂ ਨੂੰ ਫੋਨ ਆਇਆ ਕਿ ਮਾਤਾ ਕਰਤਾਰ ਕੌਰ ਦੇ ਘਰ ਕੋਈ ਫੋਨ ਨਹੀਂ ਚੁੱਕ ਰਿਹਾ, ਜਾ ਕੇ ਪਤਾ ਕਰੋ ਤਾਂ ਜਦ ਗੁਆਂਢੀਆਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਆਵਾਜ਼ ਨਹੀਂ ਦਿੱਤੀ। ਉਨ੍ਹਾਂ ਅੰਦਰ ਜਾ ਕੇ ਵੇਖਿਆ ਤਿੰਨੇ ਔਰਤਾਂ ਮ੍ਰਿਤਕ ਹਾਲਤ ਵਿਚ ਪਈਆਂ ਹੋਈਆਂ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਕਰਤਾਰ ਕੌਰ ਪਹਿਲਾਂ ਆਪਣੇ ਪੁੱਤਰ ਕੁਲਵੰਤ ਸਿੰਘ ਨਾਲ ਰਹਿੰਦੀ ਸੀ, ਜਿਸ ਦੀ ਸ਼ਾਦੀ ਨਹੀਂ ਸੀ ਹੋਈ। ਕੁਲਵੰਤ ਸਿੰਘ ਦੀ ਦੋ ਤਿੰਨ ਮਹੀਨੇ ਪਹਿਲਾਂ ਮੌਤ ਹੋ ਜਾਣ ਕਾਰਨ ਕਰਤਾਰ ਕੌਰ ਦੀ ਬੇਟੀ ਹਰਮੀਤ ਕੌਰ ਅਤੇ ਦੋਹਤੀ ਦਿਲਪ੍ਰੀਤ ਕੌਰ ਆਪਣੀ ਮਾਤਾ ਨਾਲ ਰਹਿਣ ਲਈ ਆ ਗਈਆਂ ਸਨ।
ਐਸਪੀ ਡੀ ਹਰਪਾਲ ਸਿੰਘ ਨੇ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦਾ ਜ਼ਮੀਨ ਦਾ ਕੋਈ ਵਿਵਾਦ ਵੀ ਹੈ, ਜਿਸ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐਸਐਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਕਰਤਾਰ ਕੌਰ ਦੇ ਤਿੰਨ ਪੁੱਤਰ ਗੁਰਦਿਆਲ ਸਿੰਘ, ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਹਨ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ, ਜਦੋਂਕਿ ਗੁਰਦਿਆਲ ਸਿੰਘ ਰਿਸ਼ੀਕੇਸ਼ ਵਿਖੇ ਹੈ। ਜਸਵਿੰਦਰ ਸਿੰਘ ਦੇ ਦੋ ਬੇਟੇ ਵੀ ਇਸੇ ਪਿੰਡ ਵਿਚ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਸਰੀਰ ‘ਤੇ ਗਲਾ ਘੁੱਟਣ ਦੇ ਨਿਸ਼ਾਨ ਹਨ ਪਰ ਘਰ ਵਿਚ ਜਬਰੀ ਦਾਖਲੇ ਦਾ ਕੋਈ ਚਿੰਨ੍ਹ ਨਹੀਂ ਹੈ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਨੇ ਵੀ ਮੌਕੇ ‘ਤੇ ਪੁੱਜ ਕੇ ਕੰਮ ਕੀਤਾ ਹੈ ਅਤੇ ਵੱਖ ਵੱਖ ਥਾਵਾਂ ਤੋਂ ਫਿੰਗਰ ਪ੍ਰਿੰਟ ਆਦਿ ਲਏ ਹਨ।