ਅਲਬਰਟਾ ਸੂਬੇ ਵਿੱਚ ਸਿੱਖ ਮੋਟਰ ਚਾਲਕਾਂ ਨੂੰ ਹੈਲਮਟ ਤੋਂ ਮਿਲੀ ਛੋਟ

ਅਲਬਰਟਾ ਸੂਬੇ ਵਿੱਚ ਸਿੱਖ ਮੋਟਰ ਚਾਲਕਾਂ ਨੂੰ ਹੈਲਮਟ ਤੋਂ ਮਿਲੀ ਛੋਟ

ਕੈਲਗਰੀ/ਬਿਊਰੋ ਨਿਊਜ਼:
ਕੈਨੇਡਾ ਦੇ ਸੂਬੇ ਅਲਬਰਟਾ ਦੀ ਐਨਡੀਪੀ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ 18 ਸਾਲ ਤੋਂ ਵੱਧ ਉਮਰ ਦੇ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੇ ਟਰਾਂਸਪੋਰਟ ਮੰਤਰੀ ਬਰਾਇਨ ਮੈਸਨ ਨੇ ਐਲਾਨ ਕੀਤਾ ਕਿ ਇਹ ਛੋਟ 12 ਅਪਰੈਲ ਤੋਂ ਲਾਗੂ ਹੋ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਅਤੇ ਮੌਨੀਟੌਬਾ ਤੋਂ ਬਾਅਦ ਅਲਬਰਟਾ ਮੁਲਕ ਦਾ ਤੀਜਾ ਸੂਬਾ ਬਣ ਗਿਆ ਹੈ ਜਿੱਥੇ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ  ਦੀ ਬਜਾਏ ਪੱਗੜੀ ਬੰਨ੍ਹਣ ਦੀ ਖੁੱਲ੍ਹ ਹੋਵੇਗੀ। ਮੈਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਦੀ ਸ਼ਾਨ ਪੱਗੜੀ ਨੂੰ ਹੋਰ ਵੀ ਅਹਿਮੀਅਤ ਮਿਲੇਗੀ। ਫ਼ੈਸਲੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਸਰਕਾਰ ਵੱਲੋਂ ਆਪਣੇ ਟਰੈਫਿਕ ਅਤੇ ਸੇਫਟੀ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ। ਇਸ ਸਬੰਧੀ ਕਿਆਸਅਰਾਈਆਂ ਉਸ ਸਮੇਂ ਤੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਸਿੱਖ ਜਥੇਬੰਦੀਆਂ ਨੇ ਕੁਝ ਦਿਨ ਪਹਿਲਾਂ ਸੂਬੇ ਦੀ ਮੁੱਖ ਮੰਤਰੀ ਰਿਚਲੇ ਨੋਟਲੀ ਨਾਲ ਮੁਲਾਕਾਤ ਕੀਤੀ ਸੀ। ਸਾਲ 2014 ਵਿੱਚ ਓਂਟਾਰੀਓ ਦੀ ਮੁੱਖ ਮੰਤਰੀ ਕੈਥਲੀਨ ਵਾਈਨੇ ਨੇ ਕਿਹਾ ਸੀ ਕਿ ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ।
ਸਿੱਖ ਮੋਟਰਸਾਈਕਲ ਕਲੱਬ ਐਡਮੰਟਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਅਲਬਰਟਾ ਸਰਕਾਰ ਦੇ ਫ਼ੈਸਲੇ ਨੂੰ ਇਤਿਹਾਸਕ ਦੱਸਿਆ ਹੈ। ਸਿੱਖ ਮੋਟਰਸਾਈਕਲ ਕਲੱਬ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਅਵਤਾਰ ਸਿੰਘ, ਸਿੱਖ ਮੋਟਰਸਾਈਕਲ ਕਲੱਬ ਓਂਟਾਰੀਓ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ ਅਤੇ ਸਿੱਖ ਮੋਟਰਸਾਈਕਲ ਕਲੱਬ ਮੌਨੀਟੌਬਾ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਨੇ ਸਾਂਝੇ ਬਿਆਨ ਰਾਹੀਂ ਅਲਬਰਟਾ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਓਂਟਾਰੀਓ ਸਰਕਾਰ ਨੂੰ ਵੀ ਇਸੇ ਤਰ੍ਹਾਂ ਦੀ ਛੋਟ ਦੇਣ ਦੀ ਅਪੀਲ ਕੀਤੀ ਹੈ। ਕੈਨੇਡਾ ਦੀ ਕੌਮੀ ਪੁਲੀਸ ਆਰਸੀਐਮਪੀ ਦੇ ਪਹਿਲੇ ਪੱਗੜੀਧਾਰੀ ਪੁਲੀਸ ਅਫ਼ਸਰ ਬਲਤੇਜ ਸਿੰਘ ਢਿੱਲੋਂ ਨੇ ਵੀ ਅਲਬਰਟਾ ਸੂਬੇ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ