ਮੋਦੀ ਸਰਕਾਰ ਦੇ ਰਾਜ ਚ ਆਮ ਲੋਕ ਬੇਹਾਲ : ਰਾਹੁਲ

ਮੋਦੀ ਸਰਕਾਰ ਦੇ ਰਾਜ ਚ ਆਮ ਲੋਕ ਬੇਹਾਲ : ਰਾਹੁਲ

ਬੰਗਲੌਰ/ ਬਿਊਰੋ ਨਿਊਜ਼ : ਕਰਨਾਟਕ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਕੋਲਾਰ ਜ਼ਿਲ੍ਹੇ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਨੂੰ ਦੱਬ ਕੇ ਰਗੜੇ ਲਾਏ। ਰਾਹੁਲ ਗਾਂਧੀ ਨੇ ਤੇਲ ਦੀਆਂ ਅਸਮਾਨੀ ਪੁੱਜੀਆਂ ਕੀਮਤਾਂ ਖ਼ਿਲਾਫ਼ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਨ ਲਈ ਪਹਿਲਾਂ ਸਾਈਕਲ ਦੀ ਸਵਾਰੀ ਕੀਤੀ ਅਤੇ ਬਾਅਦ ਚ ਬੈਲਗੱਡੀ ‘ਤੇ ਖੜ੍ਹੇ ਹੋ ਕੇ ਇਕੱਠ ਨੂੰ ਸੰਬੋਧਨ ਕੀਤਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਮ ਆਦਮੀ ਤੋਂ ਪੈਸਾ ਲੈ ਕੇ ਆਪਣੇ ‘ਅਮੀਰ ਦੋਸਤਾਂ’ ਨੂੰ ਦੇ ਰਹੀ ਹੈ। ਉਨ੍ਹਾਂ ਭਾਜਪਾ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਮੁਲਕ ਵਿਚ ਤੇਲ ਦੀਆਂ ਕੀਮਤਾਂ ਨਾ ਘਟਾਏ ਜਾਣ ਬਾਰੇ ਲੋਕਾਂ ਨੂੰ ਦੱਸੇ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਵਿੱਚ ਤੇਲ ਕੀਮਤਾਂ ਘੱਟ ਰਹੀਆਂ ਹਨ, ਪਰ ਭਾਰਤ ਵਿੱਚ ਅਜੇ ਵੀ ਅਸਮਾਨੀ ਚੜ੍ਹੀਆਂ ਬੈਠੀਆਂ ਹਨ। ਉਨ੍ਹਾਂ ਕਿਹਾ, ‘ਪਹਿਲਾਂ ਕੌਮਾਂਤਰੀ ਮਾਰਕੀਟ ਵਿੱਚ ਕੱਚੇ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਸੀ, ਜੋ ਕਿ ਹੁਣ 70 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ। ਲਿਹਾਜ਼ਾ ਮੋਦੀ ਸਰਕਾਰ ਨੇ ਲੱਖਾਂ ਕਰੋੜਾਂ ਰੁਪਏ ਬਚਾਏ ਹਨ। ਇਹ ਪੈਸਾ ਕਿੱਥੇ ਜਾ ਰਿਹੈ?’
ਜਿਕਰਯੋਗ ਹੈ ਕਿ ਰਾਹੁਲ ਗਾਂਧੀ ਕਰਨਾਟਕ ਵਿਧਾਨ ਸਭਾ ਲਈ 12 ਮਈ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਤਿੰਨ-ਦਿਨਾ ਫੇਰੀ ਲਈ ਇਥੇ ਪੁੱਜੇ ਸਨ। ਰਾਹੁਲ ਨੇ ਕੋਲਾਰ ਜ਼ਿਲ੍ਹੇ ਦੇ ਮਲੁਰੂ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਮੋਦੀ ਸਰਕਾਰ ਲੋਕਾਂ ਨੂੰ ਇਹ ਕਿਉਂ ਨਹੀਂ ਦੱਸ ਰਹੀ ਕਿ ਉਹ ਪੈਟਰੋਲ ਤੇ ਡੀਜ਼ਲ ‘ਤੇ ਜੀਐਸਟੀ ਨਹੀਂ ਲਾਉਣਾ ਚਾਹੁੰਦੀ? ਉਨ੍ਹਾਂ ਮੋਦੀ ‘ਤੇ ਦੋਸ਼ ਲਾਇਆ ਕਿ ਦਰਅਸਲ ਤੁਸੀਂ ਆਮ ਆਦਮੀ ਤੋਂ ਪੈਸਾ ਲਿਜਾ ਕੇ ਆਪਣੇ ਪੰਜ ਜਾਂ ਦਸ ਸਨਅਤਕਾਰਾਂ ਦੋਸਤਾਂ ਦੀਆਂ ਝੋਲੀਆਂ ਭਰਨਾ ਚਾਹੁੰਦੇ ਹੋ। ਤੁਸੀਂ ਮੁਲਕ ਵਿੱਚ ਸਕੂਟਰ, ਟਰੱਕ, ਬੱਸ ਤੇ ਹੋਰ ਵਾਹਨ ਚਲਾਉਣ ਵਾਲੇ ਲੋਕਾਂ ਦੀਆਂ ਜੇਬ੍ਹਾਂ ‘ਚੋਂ ਪੈਸਾ ਕੱਢ ਕੇ ਆਪਣੇ ਅਮੀਰ ਦੋਸਤਾਂ ਨੂੰ ਦੇਣਾ ਚਾਹੁੰਦੇ ਹੋ।

ਇਸੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਨਤਾ ਦਲ (ਐਸ) ‘ਤੇ ਨਵੇਂ ਸਿਰਿਓਂ ਹੱਲਾ ਬੋਲਦਿਆਂ ਇਸ ਨੂੰ ‘ਜਨਤਾ ਦਲ ਸੰਘ ਪਰਿਵਾਰ’ ਦੱਸਿਆ ਹੈ। ਰਾਹੁਲ ਨੇ ਜੇਡੀਐਸ ਆਗੂਆਂ ਨੂੰ ਕਿਹਾ ਕਿ ਉਹ ਇਹ ਸਪਸ਼ਟ ਕਰਨ ਕਿ ਉਹ ਇਨ੍ਹਾਂ ਚੋਣਾਂ, ਜੋ ਕਿ ਵਿਚਾਰਧਾਰਾਵਾਂ ਦੀ ਜੰਗ ਹੈ, ਵਿੱਚ ਉਹ ਕਿੱਥੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਜਪਾ, ਦੂਜੇ ਪਾਸੇ ਕਾਂਗਰਸ ਪਾਰਟੀ ਤੇ ਦੋਵਾਂ ਵਿਚਾਲੇ ਜਨਤਾ ਦਲ (ਐਸ) ਖੜ੍ਹੀ ਹੈ।