‘ਬੀਜੇਪੀ ਮੋਦੀ ਤੇ ਅਮਿਤ ਸ਼ਾਹ ਦੇ ਹੱਥਾਂ ਦੀ ਕਠਪੁਤਲੀ ਬਣੀ’

‘ਬੀਜੇਪੀ ਮੋਦੀ ਤੇ ਅਮਿਤ ਸ਼ਾਹ ਦੇ ਹੱਥਾਂ ਦੀ ਕਠਪੁਤਲੀ ਬਣੀ’

ਭਾਜਪਾ ਤੋਂ ਬਾਗੀ ਹੋਏ ਸਿਨਹਾ ਤੇ ਸ਼ਤਰੂਘਨ ਨੇ ਪਾਰਟੀ ਨੂੰ ਲਾਏ ਰਗੜੇ

ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤੀ ਜਨਤਾ ਪਾਰਟੀ ਦੇ ਬਾਗੀ ਆਗੂ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ  ਸਿਨਹਾ ਨੇ ਦੋਸ਼ ਲਾਇਆ ਕਿ ਹੁਣ ਭਾਜਪਾ ਦੋ ਬੰਦਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਦਾ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲ ਸੀ। ਇਸੇ ਦੌਰਾਨ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜੇਕਰ ਸੱਚ ਬੋਲਣਾ ਬਗਾਵਤ ਹੈ ਤਾਂ ਉਹ ਬਾਗੀ ਹੀ ਚੰਗੇ ਹਨ।
ਸਿਨਹਾ ਜੋੜੀ ਚੰਡੀਗੜ੍ਹ ਦੇ ਭਾਜਪਾ ਤੋਂ ਬਾਗੀ ਹੋਏ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦੇ ਸੱਦੇ ‘ਤੇ ਇੱਥੇ ਆਏ ਸਨ। ਉਨ੍ਹਾਂ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਦੇ ਰੁਬਰੂ ਹੁੰਦਿਆਂ ਐਲਾਨ ਕੀਤਾ ਕਿ ਅਗਲੇ 11 ਮਹੀਨਿਆਂ ਵਿੱਚ ਦੇਸ਼ ਦੇ ਸਿਆਸੀ ਸਮੀਕਰਨ ਬੜੀ ਤੇਜ਼ੀ ਨਾਲ ਬਦਲਣਗੇ ਅਤੇ ਉਨ੍ਹਾਂ ਵੱਲੋਂ ਬਣਾਇਆ ਗਿਆ ‘ਕੌਮੀ ਮੰਚ’ ਗੰਧਲੀ ਹੋ ਚੁੱਕੀ ਸਿਆਸਤ ਨੂੰ ਨਵੀਂ ਸੇਧ ਦੇਣ ਲਈ ਅੰਦੋਲਨ ਸ਼ੁਰੂ ਕਰੇਗਾ ਕਿਉਂਕਿ ਮੋਦੀ ਸਰਕਾਰ ਦੇ ਵਾਅਦੇ ਜੁਮਲੇ ਹੀ ਸਾਬਤ ਹੋਏ ਹਨ।
ਯਸ਼ਵੰਤ ਸਿਨਹਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਇੰਦਰਾ ਗਾਂਧੀ, ਡਾ. ਮਨਮੋਹਨ ਸਿੰਘ ਜਾਂ ਜਵਾਹਰ ਲਾਲ ਨਹਿਰੂ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਨਹੀਂ ਸਗੋਂ ਮੌਜੂਦਾ ਭਾਜਪਾ ਸਰਕਾਰ ਦੇ ਕੰਮਾਂ ਦੇ ਆਧਾਰ ‘ਤੇ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਜਾਂ ਲਾਲ ਕ੍ਰਿਸ਼ਨ ਅਡਾਵਨੀ ਦੇ ਵੇਲਿਆਂ ਦੇ ਉਲਟ ਹੁਣ ਪਾਰਟੀ ਵਿੱਚੋਂ ਅੰਦਰੂਨੀ ਜਮਹੂਰੀਅਤ ਖ਼ਤਮ ਹੋ ਚੁੱਕੀ ਹੈ ਅਤੇ ਦੋ ਬੰਦਿਆਂ ਦਾ ਸਿੱਕਾ ਹੀ ਚੱਲਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਮ ਲੋਕਾਂ ਵਿੱਚ ਮੋਦੀ ਸਰਕਾਰ ਬਾਰੇ ਘੋਰ ਨਿਰਾਸ਼ਾ ਹੈ। ਇਸ ਕਾਰਨ ਖੇਤਰੀ ਪਾਰਟੀਆਂ ਦੀ ਗਿਣਤੀ ਤੇ ਮਜ਼ਬੂਤੀ ਵਿਆਪਕ ਪੱਧਰ ‘ਤੇ ਹੋਈ ਹੈ ਅਤੇ ਮੋਦੀ ਦਾ ਮੁਕਾਬਲਾ ਕਰਨ ਲਈ ਜਲਦੀ ਹੀ ਕੋਈ ਨਾ ਕੋਈ ਆਗੂ ਉਭਰੇਗਾ। ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਮੁੱਖ ਮੰਤਰੀ ਤੋਂ ਬਾਅਦ ਪ੍ਰਧਾਨ ਮੰਤਰੀ ਬਣ ਸਕਦੇ ਹਨ ਤਾਂ ਕੋਈ ਹੋਰ ਮੁੱਖ ਮੰਤਰੀ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ।
ਯਸ਼ਵੰਤ ਸਿਨਹਾ ਨੇ ਕਿਹਾ ਕਿ ਮੋਦੀ ਕੋਈ ਮੁੱਦਾ ਨਹੀਂ ਹੈ ਅਤੇ ਮੁੱਖ ਲੋੜ ਲੋਕਤੰਤਰ ਨੂੰ ਬਚਾਉਣ ਦੀ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਚੁੱਕੇ ਹਨ ਅਤੇ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਦੇ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਮੰਚ ਵਿਚ ਕਿਸੇ ਵੀ ਪਾਰਟੀ ਦੇ ਉਸਾਰੀ ਸੋਚ ਵਾਲੇ ਆਗੂ ਸ਼ਾਮਲ ਹੋ ਸਕਦੇ ਹਨ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਨ੍ਹਾਂ ਹਾਲੇ ਤੱਕ ਭਾਜਪਾ ਨਹੀਂ ਛੱਡੀ। ਉਹ ਪਾਰਟੀ ਦੇ ਅੰਦਰ ਬੈਠ ਕੇ ਹੀ ਅੰਦੋਲਨ ਕਰ ਰਹੇ ਹਨ ਕਿਉਂਕਿ ਜਦੋਂ ਭਾਜਪਾ ਦੇ ਕੇਵਲ ਦੋ ਸੰਸਦ ਮੈਂਬਰ ਸਨ, ਉਹ ਉਸ ਵੇਲੇ ਦੇ ਪਾਰਟੀ ਨਾਲ ਜੁੜੇ ਹੋਏ ਹਨ। ਪਾਰਟੀ ਨੇ ਹੀ ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਉਹ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਜੇਕਰ ਸੱਚ ਪਾਰਟੀ ਨੂੰ ਬਗਾਵਤ ਜਾਪਦਾ ਹੈ ਤਾਂ ਉਹ ਬਾਗੀ ਹੀ ਚੰਗੇ ਹਨ ਕਿਉਂਕਿ ਹੁਣ ਭਾਜਪਾ ‘ਮੋਦੀ ਪਾਰਟੀ’ ਬਣ ਗਈ ਹੈ।