ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਨੂੰ ਚੇਤਾਵਨੀ

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਨੂੰ ਚੇਤਾਵਨੀ

ਕਿਹਾ, ਕਾਨੂੰਨ ਨੂੰ ਹੱਥਾਂ ‘ਚ ਲੈਣ ਦੀ ਕੋਸ਼ਿਸ਼ ਨਾ ਕਰੋ 
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ  ਵੀਡੀਓ ‘ਤੇ ਢੁਕਵੀਂ ਕਾਰਵਾਈ ਦੇ ਹੁਕਮ
ਚੰਡੀਗੜ੍ਹ/ ਬਿÀਰੂ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਥਿਤ ਧਮਕੀਆਂ ਦੇਣ ਬਾਰੇ ਦਮਦਮੀ ਟਕਸਾਲ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਉਨਾਂਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਕਿਸੇ ਵੀ ਕੋਸ਼ਿਸ਼ ਖ਼ਿਲਾਫ਼ ਸਾਵਧਾਨ ਕੀਤਾ ਹੈ। ਮੁੱਖ ਮੰਤਰੀ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੁਰੱਖਿਆ ਵਧਾਉਣ ਅਤੇ ਉਸ ਉਕਸਾਊ ਵੀਡੀਓ ਦੀ ਵਿਸਥਾਰ ਸਹਿਤ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਵਿਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਪਦੀ ਹੈ।
ਸਰਕਾਰੀ ਬੁਲਾਰੇ ਅਨੁਸਾਰ ਇਹ ਵੀਡੀਓ 20 ਮਈ ਨੂੰ ਵਾਇਰਲ ਹੋਈ ਹੈ, ਜਿਸ ਵਿਚ ਦਮਦਮੀ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁੱਖ ਮੰਤਰੀ ਨੇ ਜੱਸੋਵਾਲ ਦੀ ਵੀਡੀਓ ਨਾਲ ਸਬੰਧਤ ਰਿਪੋਰਟਾਂ ਦਾ ਖ਼ੁਦ ਨੋਟਿਸ ਲਿਆ ਹੈ। ਇਸ ਮਾਮਲੇ ਸਬੰਧੀ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਆਪਣੀਆਂ ਧਾਰਮਿਕ ਹੱਦਾਂ ਨਾ ਟੱਪਣ ਲਈ ਆਖਿਆ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਜਿਹੀ ਕਿਸੇ ਵੀ ਕਾਰਵਾਈ ਨੂੰ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਖਤਰਾ ਸਮਝਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਦਹਿਸ਼ਤ ਫੈਲਾਉਣ ਜਾਂ ਨਿੱਜੀ ਵਾਹ-ਵਾਹ ਖੱਟਣ ਲਈ ਧਰਮ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਠੱਲ੍ਹ ਨਾ ਪਾਈ ਤਾਂ ਉਹ ਇਸ ਨੂੰ ਟਕਰਾਅ ਵਾਲੀ ਕਾਰਵਾਈ ਮੰਨਣਗੇ ਅਤੇ ਇਸੇ ਮੁਤਾਬਕ ਹੀ ਜੁਆਬ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਧਾਰਮਿਕ ਸੰਸਥਾਵਾਂ ਵੱਲੋਂ ਆਪਣੇ ਧਰਮ ਦਾ ਪ੍ਰਚਾਰ ਕਰਨ ਅਤੇ ਕਦਰਾਂ-ਕੀਮਤਾਂ ‘ਤੇ ਪਹਿਰਾ ਦੇਣ ਲਈ ਪੂਰਨ ਆਜ਼ਾਦੀ ਦੇ ਹੱਕ ਵਿੱਚ ਹਨ ਪਰ ਉਹ ਇਨ੍ਹਾਂ ਲੋਕਾਂ ਨੂੰ ਸੂਬੇ ਦੀ ਅਮਨ-ਸ਼ਾਂਤੀ ਅਤੇ ਏਕਤਾ ਵਿੱਚ ਵਿਘਨ ਪਾਉਣ ਵਾਲੀ ਕਿਸੇ ਵੀ ਕਾਰਵਾਈ ਸ਼ਾਮਲ ਹੋਣ ਦੀ ਆਗਿਆ ਨਹੀਂ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਭੜਕਾਊ ਤਕਰੀਰਾਂ ਅਤੇ ਨਫ਼ਰਤ ਫੈਲਾਉਣ ਵਾਲੀਆਂ ਕਾਰਵਾਈਆਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ। ਸੂਬਾ ਪਹਿਲਾਂ ਹੀ ਬਹੁਤ ਵੱਡਾ ਖਮਿਆਜ਼ਾ ਭੁਗਤ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੁਲੀਸ ਨੂੰ ਧਾਰਮਿਕ ਤੌਰ ‘ਤੇ ਨਫ਼ਰਤ ਪੈਦਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਤੇਜ਼ ਕਰਨ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਪੁਲੀਸ ਨੂੰ ਇਸ ਵੀਡੀਓ ਦੀ ਸ਼ਨਾਖਤ ਤੇ ਪੜਤਾਲ ਕਰਨ ਲਈ ਆਖਿਆ ਹੈ ਜਿਸ ਵਿੱਚ ਦਮਦਮੀ ਟਕਸਾਲ ਦਾ ਬੁਲਾਰਾ ਕਥਿਤ ਤੌਰ ‘ਤੇ ਸੰਤ ਢੱਡਰੀਆਂ ਵਾਲੇ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਿਹਾ ਹੈ। ਮੁੱਖ ਮੰਤਰੀ ਨੇ ਪੁਲੀਸ ਨੂੰ ਹੁਕਮ ਦਿੱਤੇ ਕਿ ਸੰਤ ਢੱਡਰੀਆਂ ਵਾਲੇ ਜੋ ਦੋ ਸਾਲ ਪਹਿਲਾਂ ਜਾਨੀ ਹਮਲੇ ਵਿੱਚ ਬਚ ਗਏ ਸਨ, ਵਿਰੁੱਧ ਵੀਡੀਓ ਬਣਾਉਣ ਵਾਲੇ ਲੋਕਾਂ ਖਿਲਾਫ਼ ਕਾਨੂੰਨ ਤਹਿਤ ਢੁਕਵੀਂ ਕਾਰਵਾਈ ਕੀਤੀ ਜਾਵੇ।

ਮੁੱਖ ਮੰਤਰੀ ਦਾ ਬਿਆਨ ਟਕਸਾਲ ਨੂੰ ਢਾਹ ਲਾਉਣ ਵਾਲਾ ਕਰਾਰ : ਦਮਦਮੀ ਟਕਸਾਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਟਕਸਾਲ ਦੇ ਸਤਿਕਾਰ ਨੂੰ ਸੱਟ ਮਾਰਨ ਦੀ ਕਾਰਵਾਈ ਬਰਾਬਰ ਹੈ। ਟਕਸਾਲ ਦੇ ਆਗੂ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਹਰਦੀਪ ਸਿੰਘ ਆਨੰਦਪੁਰ ਅਤੇ ਸਰਚਾਂਦ ਸਿੰਘ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਆਖਿਆ ਕਿ ਮੁੱਖ ਮੰਤਰੀ ਵੱਲੋਂ ਟਕਸਾਲ ਨੂੰ ਚੇਤਾਵਨੀ ਦੇ ਕੇ ਜਥੇਬੰਦੀ ਦੇ ਸਤਿਕਾਰ ਨੂੰ ਸੱਟ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ ਜਿਸ ਲਹਿਜ਼ੇ ਵਿੱਚ ਚਿਤਾਵਨੀ ਦਿੱਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਟਕਸਾਲ ਤੇ ਉਸ ਦੇ ਮੁਖੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜੇ ਟਕਸਾਲ ਮੁਖੀ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਤੋਂ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਖ਼ੁਦ ਮੁੱਖ ਮੰਤਰੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਟਕਸਾਲ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਦੇ ਹੱਕ  ਵਿੱਚ ਹੈ।
ਦਮਦਮੀ ਟਕਸਾਲ ਨੇ ਆਪਣੇ ਮੁਖੀ ਹਰਨਾਮ ਸਿੰਘ ਖਾਲਸਾ ਦਾ ਸਬੰਧ ਚਰਨਜੀਤ ਸਿੰਘ ਜੱਸੋਵਾਲ ਦੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਬਿਆਨ ਦੇ ਨਾਲੋਂ ਤੋੜ ਲਿਆ ਹੈ। ਦਮਦਮੀ ਟਕਸਾਲ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਜੱਸੋਵਾਲ ਦੀ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਵੀਡੀਓ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ।
ਇਸ ਵੀਡੀਓ ਦੇ ਜਵਾਬ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ 30 ਮਿੰਟ ਲੰਬੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਹੈ, ਜਿਸ ਵਿੱਚ ਚੇਤਾਵਨੀਆਂ ਨੂੰ ਧਾਰਮਿਕ ਗੁੰਡਾਗਰਦੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਧਾਰੀ ਚੁੱਪ ਉੱਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਚਾਰ ਗੁਰਬਾਣੀ ਦੇ ਹਵਾਲਿਆਂ ਉੱਤੇ ਅਧਾਰਤ ਹੈ।
ਦੂਜੇ ਪਾਸੇ ਖ਼ੁਫੀਆ ਏਜੰਸੀਆਂ ਕਥਾਵਾਚਕ ਅਮਰੀਕ ਸਿੰਘ ਚੰਡੀਗੜ੍ਹ ਉੱਤੇ ਲੰਡਨ ਵਿੱਚ ਕੀਤੇ ਹਮਲੇ ਅਤੇ ਦਮਦਮੀ ਟਕਸਾਲ ਦੇ ਚਰਨਜੀਤ ਸਿੰਘ ਜੱਸੋਵਾਲ ਦੇ ਬਿਆਨ ਨੂੰ ਆਪਸ ਜੋੜ ਕੇ ਦੇਖ ਰਹੀਆਂ ਹਨ। ਇਹ ਸਮਝਿਆ ਰਿਹਾ ਹੈ ਕਿ ਗਰਮ ਖਿਆਲੀ ਜਥੇਬੰਦੀਆਂ ਪੰਜਾਬ ਦੀ ਸਿੱਖ ਸਿਆਸਤ ਵਿੱਚ ਆਪਣੀ ਥਾਂ ਬਣਾਉਣ ਲਈ ਸਰਗਰਮ ਹਨ।
ਉਧਰ, ਦਮਦਮੀ ਟਕਸਾਲ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਟਕਸਾਲ ਦੇ ਸਤਿਕਾਰ ਨੂੰ ਸੱਟ ਮਾਰਨ ਦੀ ਕਾਰਵਾਈ ਬਰਾਬਰ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ ਜਿਸ ਲਹਿਜ਼ੇ ਵਿੱਚ ਚਿਤਾਵਨੀ ਦਿੱਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਟਕਸਾਲ ਤੇ ਉਸ ਦੇ ਮੁਖੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।