ਸ਼ਿਲਾਂਗ ਵਿਚੋਂ ਸਿੱਖਾਂ ਨੂੰ ਉਜਾੜਨ ਦੇ ਰਾਹ ਪਈ ਮੇਘਾਲਿਆ ਸਰਕਾਰ

ਸ਼ਿਲਾਂਗ ਵਿਚੋਂ ਸਿੱਖਾਂ ਨੂੰ ਉਜਾੜਨ ਦੇ ਰਾਹ ਪਈ ਮੇਘਾਲਿਆ ਸਰਕਾਰ

ਚੰਡੀਗੜ੍ਹ/ਬਿਊਰੋ ਨਿਊਜ਼ :

ਸ਼ਿਲਾਂਗ ਦੇ ਪੰਜਾਬੀ ਲੇਨ ਇਲਾਕੇ ਵਿਚ ਪਿਛਲੀਆਂ ਦੋ ਸਦੀਆਂ ਤੋਂ ਰਹਿ ਰਹੇ ਸਿੱਖਾਂ ਨੂੰ ਉਜਾੜਨ ਲਈ ਮੇਘਾਲਿਆ ਸਰਕਾਰ ਨੇ ਪੱਕਾ ਮਨ ਬਣਾ ਲਿਆ ਲਗਦਾ ਹੈ। ਸਰਕਾਰ ਨੇ ਕਥਿਤ ਮੁੜ ਵਸੇਬਾ ਸਰਵੇਖਣ ਦਾ ਦੂਜਾ ਗੇੜ ਵੀ ਮੁਕੰਮਲ ਕਰਾ ਲਿਆ ਹੈ ਜਿਸ ਵਿਚ ਸਰਕਾਰੀ ਅਫਸਰਾਂ ਨੇ ਪੰਜਾਬੀ ਲੇਨ ਇਲਾਕੇ ਵਿਚ ਰਹਿੰਦੇ ਸਿੱਖਾਂ ਦੀ ਗਿਣਤੀ ਕੀਤੀ, ਉਨ੍ਹਾਂ ਦੇ ਘਰਾਂ ਤੇ ਹੋਰ ਜਾਇਦਾਦ ਦੀ ਨਿਸ਼ਾਨਦੇਹੀ ਕੀਤੀ।
ਯੂਐਨਆਈ ਖ਼ਬਰ ਅਦਾਰੇ ਵਲੋਂ ਛਾਪੀ ਗਈ ਖ਼ਬਰ ਮੁਤਾਬਿਕ ਸਥਾਨਕ ਸਿੱਖਾਂ ਨੇ ਇਸ ਸਰਵੇਖਣ ਵਿਚ ਸ਼ਿਲਾਂਗ ਮਿਊਂਸੀਪਲ ਬੋਰਡ ਦੇ ਅਫਸਰਾਂ ਦਾ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਕ ਹੋਰ ਖ਼ਬਰ ਮੁਤਾਬਿਕ ਮੇਘਾਲਿਆ ਸਰਕਾਰ ਵਲੋਂ ਇਸ ਮਾਮਲੇ ਸਬੰਧੀ ਬਣਾਈ ਗਈ ਉੱਚ ਪੱਧਰੀ ਕਮੇਟੀ ਪਿਛਲੇ ਹਫਤੇ ਨਿਰਦੇਸ਼ਨ ਜ਼ਮੀਨੀ ਸਿੱਖ ਕਲੋਨੀ ਵਿਚ ਕੀਤੇ ਜ਼ਮੀਨੀ ਦਸਤਾਵੇਜ ਅਤੇ ਸਰਵੇਖਣ ਬਾਰੇ ਨਿਰਦੇਸ਼ਕ ਦੇ ਲੇਖੇ ਦੀ ਉਡੀਕ ਕਰ ਰਹੀ ਹੈ।
ਸ਼ਿਲਾਂਗ ਟਾਈਮਜ਼ ਦੀ ਖ਼ਬਰ ਮੁਤਾਬਿਕ ਮੇਘਾਲਿਆ ਦੀ ਸਰਕਾਰ ਵਿਚ ਭਾਈਵਾਲ ਪਾਰਟੀ ਯੂਡੀਪੀ ਦੇ ਸੀਨੀਅਰ ਕਾਰਜਕਾਰੀ ਪ੍ਰਧਾਨ ਬਿੰਡੋ ਲਨੋਂਗ ਨੇ ਕਿਹਾ ਕਿ ਇਸ ਲੜਾਈ ਨੂੰ ਹੱਲ ਕਰਨ ਲਈ ਸਿੱਖਾਂ ਨੂੰ ਸਰਕਾਰ ਵਲੋਂ ਦਿੱਤੀ ਜਾ ਰਹੀ ਮੁੜ ਵਸੇਬੇ ਦੀ ਤਜ਼ਵੀਜ਼ ਨੂੰ ਮੰਨ ਲੈਣਾ ਚਾਹੀਦਾ ਹੈ।
ਲਨੋਂਗ ਨੇ ਕਿਹਾ ਕਿ ਸਿੱਖਾਂ ਨੂੰ ਸਥਾਨਕ ਸੰਸਥਾਵਾਂ ਨਾਲ ਚੱਲ ਰਹੇ ਇਸ ਝਗੜੇ ਨੂੰ ਆਪਸੀ ਸਹਿਮਤੀ ਨਾਲ ਹਮੇਸ਼ਾ ਲਈ ਹੱਲ ਕਰ ਲੈਣਾ ਚਾਹੀਦਾ ਹੈ, ਬਜਾਇ ਕਿ ਇਸ ਹਾਰੀ ਹੋਈ ਜੰਗ ਨੂੰ ਲੜਨ ਦੇ, ਕਿਉਂਕਿ ਉਨ੍ਹਾਂ ਕੋਲ ਹੁਣ ਤਕ ਇੱਥੇ ਸਿਰਫ ਮਿਊਂਸੀਪਲ ਕਾਮਿਆਂ ਦਾ ਹੀ ਦਰਜਾ ਹੈ।
ਗੌਰਤਲਬ ਹੈ ਕਿ ਸਿੱਖਾਂ ਵਲੋਂ ਸਰਕਾਰ ਦੀ ਮੁੜ ਵਸੇਬਾ ਨੀਤੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਹ ਝਗੜਾ 2 ਏਕੜ ਦੇ ਕਰੀਬ ਜ਼ਮੀਨ ਬਾਰੇ ਹੈ ਜੋ ਸ਼ਹਿਰ ਦੇ ਬਿਲੁਕਲ ਵਿਚਕਾਰ ਹੈ ਤੇ ਜਿਸ ਦੀ ਕੀਮਤ ਬਹੁਤ ਉੱਚੀ ਹੈ।