ਪੰਜਾਬ ‘ਚ ਮੌਨਸੂਨ ਦੀ ਦਸਤਕ, ਭਰਵਾਂ ਮੀਂਹ ਪਿਆ

ਪੰਜਾਬ ‘ਚ ਮੌਨਸੂਨ ਦੀ ਦਸਤਕ, ਭਰਵਾਂ ਮੀਂਹ ਪਿਆ

ਅੰਮ੍ਰਿਤਸਰ ‘ਚ ਮੋਹਲੇਧਾਰ ਮੀਂਹ ਦੌਰਾਨ ਮੋਟਰਸਾਈਕਲ ‘ਤੇ ਛੱਤਰੀ ਤਾਣ ਕੇ ਆਪਣਾ ਤੇ ਪਿਤਾ ਦਾ ਬਚਾਅ ਕਰਦਾ ਹੋਇਆ ਬੱਚਾ।
ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਵਿਚ ਮੌਨਸੂਨ ਦੀ ਦਸਤਕ ਨੇ ਗਰਮੀ ਤੋਂ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਸਮੇਤ ਉੱਤਰ ਭਾਰਤ ਦੇ ਹੋਰਨਾਂ ਰਾਜਾਂ ਵਿਚ ਮੌਨਸੂਨ ਅਗੇਤੀ ਹੀ ਪਹੁੰਚ ਗਈ ਹੈ। ਪੰਜਾਬ ਦੇ ਲੁਧਿਆਣਾ ਅਤੇ ਹਰਿਆਣਾ ਦੇ ਭਿਵਾਨੀ ਵਿੱਚ ਸਭ ਤੋਂ ਜ਼ਿਆਦਾ ਮੀਂਹ ਰਿਕਾਰਡ ਕੀਤਾ ਗਿਆ। ਸਾਉਣੀ ਦੀਆਂ ਫ਼ਸਲਾਂ ਖਾਸ ਕਰਕੇ ਝੋਨੇ ਦੀ ਲੁਆਈ ‘ਤੇ ਇਸ ਦਾ ਹਾਂ-ਪੱਖੀ ਅਸਰ ਪਏਗਾ। ਮੌਨਸੂਨ ਨੇ ਪੂਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਆਪਣੇ ਅਸਰ ਹੇਠ ਲੈ ਲਿਆ ਹੈ। ਮੌਸਮ ਵਿਭਾਗ ਨੇ ਆਉਂਦੇ 48 ਘੰਟਿਆਂ ਦੌਰਾਨ ਦਰਮਿਆਨੀ ਤੋਂ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲਗਦੇ ਜ਼ਿਲ੍ਹਿਆਂ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਸਗੋਂ ਬਠਿੰਡਾ ਦੇ ਗਰਮ ਇਲਾਕਿਆਂ ਵਿਚ ਵੀ ਆਉਂਦੇ ਕਈ ਦਿਨ ਮੌਨਸੂਨ ਮਿਹਰਬਾਨ ਰਹੇਗੀ।
ਪੰਜਾਬ ‘ਚ ਹੋ ਰਹੀ ਬਾਰਿਸ਼ ਨੇ ਪੰਜਾਬ ਰਾਜ ਬਿਜਲੀ ਨਿਗਮ (ਪਾਵਰਕੌਮ) ਨੂੰ ਵੀ ਭਾਰੀ ਰਾਹਤ ਦਿੱਤੀ ਹੈ। ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਏ ਵੇਣੂ ਪ੍ਰਸਾਦ ਨੇ ਕਿਹਾ ਕਿ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ 12300 ਮੈਗਾਵਾਟ ਪ੍ਰਤੀ ਦਿਨ ਤੱਕ ਪਹੁੰਚ ਗਈ ਸੀ। ਭਾਰੀ ਮੀਂਹ ਤੋਂ ਬਾਅਦ ਬਿਜਲੀ ਦੀ ਮੰਗ ਮਹਿਜ਼ 750 ਮੈਗਾਵਾਟ ਰਹਿ ਗਈ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਹਿੱਸਿਆਂ ਵਿਚ ਮੌਨਸੂਨ ਨੇ ਹਾਜ਼ਰੀ ਲਗਾਈ ਹੈ। ਕਈ ਥਾਈਂ ਮਹਿਜ਼ ਕਿਣ-ਮਿਣ ਹੀ ਹੋਈ ਹੈ ਜਦੋਂ ਕਿ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 114 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਇਸੇ ਤਰ੍ਹਾਂ ਪਠਾਨਕੋਟ ਵਿੱਚ 41 ਮਿਲੀਮੀਟਰ ਤੇ ਆਦਮਪੁਰ ਵਿੱਚ 53 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਪਟਿਆਲਾ ਵਿੱਚ 8 ਮਿਲੀਮੀਟਰ ਤੇ ਅੰਮ੍ਰਿਤਸਰ ਵਿੱਚ 2 ਮਿਲੀਮੀਟਰ ਮੀਂਹ ਪਿਆ ਦੱਸਿਆ ਗਿਆ ਹੈ। ਦੱਖਣੀ ਪੰਜਾਬ ਦੇ ਬਹੁਤੇ ਖੇਤਰਾਂ ਵਿਚ ਮੌਨਸੂਨ ਕਾਰਨ ਮੌਸਮ ਠੰਢਾ ਨਹੀਂ ਹੋਇਆ ਹੈ।
ਮੌਨਸੂਨ ਦੀ ਆਮਦ ਨੇ ਝੋਨੇ ਦੇ ਕਾਸ਼ਤਕਾਰਾਂ ਨੂੰ ਭਾਰੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦੇਰੀ ਨਾਲ ਝੋਨੇ ਦੀ ਲੁਆਈ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ ਤੇ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈਣ ਕਾਰਨ ਝੋਨੇ ਦੀ ਲੁਆਈ ਵੀ ਪ੍ਰਭਾਵਿਤ ਹੋ ਰਹੀ ਸੀ। ਬਿਜਲੀ ਦੀ ਕਮੀ ਕਾਰਨ ਪਾਵਰਕੌਮ ਵੱਲੋਂ ਵੀ ਖੇਤੀ ਖੇਤਰ ਲਈ ਜ਼ਿਆਦਾ ਬਿਜਲੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਸੀ। ਪਿਛਲੇ ਦਿਨਾਂ ਦੌਰਾਨ ਦਿਨ ਦਾ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਹੋ ਗਿਆ ਸੀ ਜੋ  ਘਟ ਕੇ 35 ਡਿਗਰੀ ਦੇ ਆਸ ਪਾਸ ਆ ਗਿਆ ਹੈ। ਰਾਤ ਦੇ ਤਾਪਮਾਨ ਵਿਚ ਵੀ ਮੀਂਹ ਪੈਣ ਨਾਲ ਗਿਰਾਵਟ ਆਈ ਹੈ ਪਰ ਹੁੰਮਸ ਵਧਣੀ ਸ਼ੁਰੂ ਹੋ ਗਈ ਹੈ।
ਉਧਰ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਵਿਚ ਬੁੱਧਵਾਰ ਇਕ ਖੇਤ ਮਜ਼ਦੂਰ ਦੇ ਮਕਾਨ ਦੀ ਛੱਤ  ਡਿੱਗਣ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਜਦਕਿ ਚਾਰ ਜਣੇ ਜ਼ਖ਼ਮੀ ਹੋ ਗਏ, ਜੋ ਸਿਵਲ ਹਸਪਤਾਲ ਮੁਕਤਸਰ ‘ਚ ਜ਼ੇਰੇ ਇਲਾਜ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੀ ਰਾਤ ਖੇਤ  ਮਜ਼ਦੂਰ ਜਸਪਾਲ ਸਿੰਘ ਆਪਣੇ ਖਸਤਾ ਹਾਲ ਕਮਰੇ ਵਿਚ ਆਪਣੀ ਪਤਨੀ ਹਰਜੀਤ ਕੌਰ, ਬੇਟਾ ਬੱਬੂ ਸਿੰਘ, ਭਾਣਜੇ ਇੰਦਰਜੀਤ ਸਿੰਘ ਤੇ ਬੇਟੀ ਸਮੇਤ ਸੁੱਤਾ ਪਿਆ ਸੀ ਜਦਕਿ ਉਸ ਦੇ  ਮਾਤਾ-ਪਿਤਾ ਦੂਜੇ ਕਮਰੇ ਵਿਚ ਸੁੱਤੇ ਹੋਏ ਸਨ। ਰਾਤ ਨੂੰ ਮੀਂਹ ਪੈਣ ਲੱਗ ਪਿਆ ਤੇ ਕਰੀਬ  ਅੱਧੀ ਰਾਤ ਨੂੰ ਅਚਾਨਕ ਜਸਪਾਲ ਸਿੰਘ ਵਾਲੇ ਕਮਰੇ ਦੀ ਛੱਤ ਡਿੱਗ ਪਈ।