ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੌਹਲ ‘ਤੇ ਚਲਦਾ ਰਹੇਗਾ ਭਾਰਤ ਵਿਚ ਕੇਸ

ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੌਹਲ ‘ਤੇ ਚਲਦਾ ਰਹੇਗਾ ਭਾਰਤ ਵਿਚ ਕੇਸ

ਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰੀ ਗ੍ਰਹਿ ਰਾਜ ਮੰਤਰੀ ਰਿਜਿਜੂ ਨੇ ਬਰਤਾਨੀਆ ਵਿਚ ਆਪਣੀ ਹਮਰੁਤਬਾ ਬੈਰੋਨੈੱਸ ਵਿਲੀਅਮਜ਼ ਨਾਲ ਮੁਲਾਕਾਤ ਕੀਤੀ ਹੈ ਤੇ ਸੁਣਨ ਵਿਚ ਆਇਆ ਹੈ ਕਿ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਆਰਐਸਐਸ ਆਗੂਆਂ ਦੀ ਹੱਤਿਆਵਾਂ ਦੀ ਸਾਜਿਸ਼ ਦੇ ਕੇਸ ਵਿਚ ਮੁਲਜ਼ਮ ਬਰਤਾਨਵੀ ਪੰਜਾਬੀ ਨੌਜਵਾਨ ਨੂੰ ਭਾਰਤ ਵਿੱਚ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।
ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਚੱਲੀ ਘੰਟਾ ਭਰ ਮੀਟਿੰਗ ਵਿੱਚ ਸ੍ਰੀ ਰਿਜਿਜੂ ਵੱਲੋਂ ਬੀਬੀ ਵਿਲੀਅਮਜ਼ ਨੂੰ ਦੱਸਿਆ ਗਿਆ ਸੀ ਕਿ ਜਗਤਾਰ ਸਿੰਘ ਜੌਹਲ ਬਾਰੇ ਸ਼ੱਕ ਹੈ ਕਿ ਉਹ ਜਨਵਰੀ 2016 ਤੋਂ ਅਕਤੂਬਰ 2017 ਤੱਕ ਆਰਐਸਐਸ, ਸ਼ਿਵ ਸੈਨਾ ਤੇ ਡੇਰਾ ਸਿਰਸਾ ਦੇ ਸੱਤ ਕਾਰਕੁਨਾਂ ਦੀਆਂ ਗਿਣ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਸਾਜਿਸ਼ਕਾਰਾਂ ‘ਚ ਸ਼ਾਮਲ ਸੀ। ਉਨ੍ਹਾਂ ਬਰਤਾਨਵੀ ਮੰਤਰੀ ਨੂੰ ਦੱਸਿਆ ਕਿ ਜੌਹਲ ਨੂੰ ਅਪਰਾਧ ਵਿੱਚ ਆਪਣੇ ਕਥਿਤ ਭੂਮਿਕਾ ਸਬੰਧੀ ਭਾਰਤ ਵਿੱਚ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।
ਕੌਮੀ ਜਾਂਚ ਏਜੰਸੀ ਐਨਆਈਏ ਨੇ ਲੰਘੀ 4 ਮਈ ਨੂੰ ਮੁਹਾਲੀ ਦੀ ਇਕ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕਰ ਕੇ ਦਾਅਵਾ ਕੀਤਾ ਸੀ ਕਿ ਜੌਹਲ ਪਿਛਲੇ ਸਾਲ ਅਕਤੂਬਰ ਵਿੱਚ ਲੁਧਿਆਣਾ ਵਿੱਚ ਆਰਐਸਐਸ ਆਗੂ ਰਵਿੰਦਰ ਗੋਸਾਈਂ  ਦੇ ਕਤਲ ਦੀ ਸਾਜਿਸ਼ ਲਈ ਫੰਡਿੰਗ ਵਿੱਚ ਸ਼ਾਮਲ ਸੀ। ਜਗਤਾਰ ਜੌਹਲ ਇਸ ਵੇਲੇ ਪੰਜਾਬ ਦੀ ਜੇਲ੍ਹ ‘ਚ ਬੰਦ ਹੈ।
ਸ੍ਰੀ ਰਿਜਿਜੂ ਨੇ ਬੀਬੀ ਵਿਲੀਅਮਜ਼ ਨੂੰ ਇਹ ਵੀ ਦੱਸਿਆ ਕਿ ਬਰਤਾਨਵੀ ਹਾਈ ਕਮਿਸ਼ਨ ਵੱਲੋਂ ਜੌਹਲ ਨਾਲ ਨਿਯਮਤ ਢੰਗ ਨਾਲ ਕਾਊਂਸਲਰ ਰਸਾਈ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਹੁਣ ਤਕ 11 ਕਾਊਂਸਲਰ ਫੇਰੀਆਂ ਹੋ ਚੁੱਕੀਆਂ ਹਨ। ਜੌਹਲ ਤੇ ਉਸ ਦੇ ਵਕੀਲਾਂ ਨੂੰ ਭਾਰਤੀ ਅਦਾਲਤਾਂ ਵਿੱਚ ਆਪਣੇ ਕੇਸ ਦੀ ਪੈਰਵੀ ਕਰਨ ਦੇ ਸਾਰੇ ਕਾਨੂੰਨੀ ਮੌਕੇ ਉਪਲਬਧ ਹਨ।
ਇੰਗਲੈਂਡ ਸਰਕਾਰ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਜੌਹਲ ਇਕ ਬਰਤਾਨਵੀ ਨਾਗਰਿਕ ਹੋਣ ਕਰ ਕੇ ਉਹ ਬਰਤਾਨੀਆ ਵਿਚ ਸਿੱਖ ਗਰੁੱਪਾਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਜਗਤਾਰ ਜੌਹਲ ਦੀ ਗ੍ਰਿਫ਼ਤਾਰੀ ਤੇ ਉਸ ਨੂੰ ਕਾਊਂਸਲਰ ਰਸਾਈ ਦੇ ਮੁੱਦੇ ‘ਤੇ ਬਰਤਾਨਵੀ ਪਾਰਲੀਮੈਂਟ ਵਿਚ ਵੀ ਬਹਿਸ ਹੋਈ ਸੀ।
ਪਿਛੇ ਜਿਹੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਪਣੇ ਬਰਤਾਨਵੀ ਹਮਰੁਤਬਾ ਨਾਲ ਮੀਟਿੰਗ ਵਿਚ ਇਹ ਸੁਝਾਅ ਵੀ ਦਿੱਤਾ ਸੀ ਕਿ ਤਸ਼ੱਦਦ ਦੇ ਦੋਸ਼ਾਂ ਦੀ ਜਾਂਚ ਲਈ ਕੋਈ ਵੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕਰ ਸਕਦਾ ਹੈ ਜੋ ਨਿਆਂਇਕ ਅਧਿਕਾਰਾਂ ਵਾਲੀ ਇਕ ਸੁਤੰਤਰ ਸੰਸਥਾ ਹੈ।