ਬਰਗਾੜੀ ਕਾਂਡ : ਡੇਰਾ ਸਿਰਸਾ ਪੁਲਿਸ ਜਾਂਚ ਦੇ ਰਾਡਾਰ ਹੇਠ ਆਇਆ

ਬਰਗਾੜੀ ਕਾਂਡ : ਡੇਰਾ ਸਿਰਸਾ ਪੁਲਿਸ ਜਾਂਚ ਦੇ ਰਾਡਾਰ ਹੇਠ ਆਇਆ

ਬਰਗਾੜੀ ਕਾਂਡ ਤੋਂ ਬਾਅਦ ਬਹਿਬਲ ਕਲਾਂ ‘ਚ ਮਾਰੇ ਗਏ ਸਿੱਖ ਨੌਜਵਾਨਾਂ ਦੀ ਫਾਈਲ ਫੋਟੋ।
ਬਠਿੰਡਾ/ਬਿਊਰੋ ਨਿਊਜ਼ :
ਬਰਗਾੜੀ ਕਾਂਡ ਦਾ ਮੁੱਖ ਸੁਰਾਗ਼ ਪੰਜਾਬ ਪੁਲੀਸ ਦੇ ਹੱਥ ਲੱਗਾ ਹੈ, ਜਿਸ ਤੋਂ ਪੰਜਾਬ ਪੁਲੀਸ ਨੂੰ ਕਈ ਦਾਗ਼ ਧੋਣ ਦੀ ਆਸ ਬੱਝੀ ਹੈ। ਕਰੀਬ ਢਾਈ ਵਰ੍ਹਿਆਂ ਮਗਰੋਂ ਪੁਲੀਸ ਦਾ ਹੱਥ ਇੱਕ ਅਹਿਮ ਕੜੀ ਨੂੰ ਪਿਆ ਹੈ ਅਤੇ ਖ਼ਾਸ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲੀਸ ਤਰਫ਼ੋਂ ਕਰੀਬ ਅੱਧੀ ਦਰਜਨ ਪੁਲੀਸ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵੱਲੋਂ ਇਕ ਹਫ਼ਤੇ ਤੋਂ ਅਲੱਗ ਅਲੱਗ ਥਾਵਾਂ ਉੱਤੇ ਸ਼ੱਕੀਆਂ ਦੀ ਗੁਪਤ ਤਰੀਕੇ ਨਾਲ ਪੈੜ ਨੱਪੀ ਜਾ ਰਹੀ ਸੀ। ਪੁਲੀਸ ਦੀ ਇਕ ਟੀਮ ਨੇ 7 ਜੂਨ ਦੀ ਦੁਪਹਿਰ 12.30 ਵਜੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਇਕ ਸੀਨੀਅਰ ਮੈਂਬਰ ਨੂੰ ਚੁੱਕਿਆ ਹੈ ਜੋ ਜ਼ਿਲ੍ਹਾ ਫ਼ਰੀਦਕੋਟ ਦਾ ਬਾਸ਼ਿੰਦਾ ਹੈ।
ਅਹਿਮ ਸੂਤਰਾਂ ਅਨੁਸਾਰ ਪੁਲੀਸ ਦੀ ਕੁਝ ਸਮੇਂ ਤੋਂ ਬਰਗਾੜੀ ਕਾਂਡ ਦੇ ਮਾਮਲੇ ਵਿੱਚ ਸ਼ੱਕ ਦੀ ਸੂਈ ਕੋਟਕਪੂਰਾ ਦੇ ਇਸ ਡੇਰਾ ਆਗੂ ਉੱਤੇ ਟਿਕੀ ਹੋਈ ਸੀ। ਕੁਝ ਹਫ਼ਤੇ ਪਹਿਲਾਂ ਬਰਗਾੜੀ ਦੇ ਲਾਗਲੇ ਪਿੰਡਾਂ ਦੇ ਪੰਜ ਛੇ ਡੇਰਾ ਪ੍ਰੇਮੀ ਵੀ ਪੁਲੀਸ ਨੇ ਚੁੱਕੇ ਸਨ ਪਰ ਉਨ੍ਹਾਂ ਨੂੰ ਪੁੱਛਗਿੱਛ ਕਰਨ ਮਗਰੋਂ ਛੱਡ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਜੋ ਪੁਲੀਸ ਨੇ ਡੇਰਾ ਆਗੂ ਪਾਲਮਪੁਰ ਤੋਂ ਚੁੱਕਿਆ ਹੈ, ਉਹ ਕੁਝ ਅਰਸਾ ਪਹਿਲਾਂ ਪਰਿਵਾਰ ਸਮੇਤ ਪਾਲਮਪੁਰ ਚਲਾ ਗਿਆ ਸੀ ਅਤੇ ਉੱਥੇ ਕਰਿਆਨਾ ਸਟੋਰ ਚਲਾਉਣ ਲੱਗਾ ਸੀ। ਪੁਲੀਸ ਨੂੰ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਦੋ ਹਫ਼ਤੇ ਪਹਿਲਾਂ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਇਹ ਡੇਰਾ ਆਗੂ ਆਇਆ ਸੀ ਪਰ ਉਦੋਂ ਪੁਲੀਸ ਨੂੰ ਕੋਈ ਭਿਣਕ ਨਹੀਂ ਲੱਗੀ ਸੀ। ਦੱਸਦੇ ਹਨ ਕਿ ਇਸ ਡੇਰਾ ਆਗੂ ਉੱਤੇ ਕੋਟਕਪੂਰਾ, ਸੰਗਰੂਰ ਤੇ ਪੰਚਕੂਲਾ ਵਿਚ ਵੀ ਕੇਸ ਦਰਜ ਹਨ।
ਪੁਲੀਸ ਟੀਮ ਉਸ ਕੋਲੋਂ ਪੁੱਛਗਿੱਛ ਕਰਨ ਵਿਚ ਜੁਟੀ ਹੋਈ ਹੈ। ਇਹ ਸਾਰਾ ਮਾਮਲਾ ਪੰਜਾਬ ਪੁਲੀਸ ਮੁਖੀ ਦੀਆਂ ਨਜ਼ਰਾਂ ਵਿਚ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਇਲਾਕੇ ਦਾ ਇਕ ਵਿਅਕਤੀ ਪਿਛਲੇ ਦਿਨਾਂ ਵਿਚ ਜ਼ਿਲ੍ਹਾ ਸਿਰਸਾ ਵਿੱਚੋਂ ਪੁਲੀਸ ਨੇ ਚੁੱਕਿਆ ਸੀ, ਜਿਸ ਨੇ ਪੁਲੀਸ ਦਾ ਰਾਹ ਪੱਧਰਾ ਕੀਤਾ ਹੈ। ਸੂਤਰਾਂ ਅਨੁਸਾਰ ਕੋਟਕਪੂਰਾ ਦੇ ਡੇਰਾ ਆਗੂ ਵੱਲੋਂ ਕਥਿਤ ਨਿਰਦੇਸ਼ ਮਿਲਣ ਬਾਅਦ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ।
ਦੱਸਣਯੋਗ ਹੈ ਕਿ ਪਹਿਲੀ ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 110 ਪੱਤਰੇ ਪਾੜੇ ਹੋਏ ਮਿਲੇ ਸਨ। ਉਦੋਂ ਬਰਗਾੜੀ ਵਿਚ ਪੋਸਟਰ ਵੀ ਲੱਗੇ ਸਨ, ਜਿਨ੍ਹਾਂ ਵਿਚ ਡੇਰਾ ਸਿਰਸਾ ਦਾ ਜ਼ਿਕਰ ਸੀ। ਡੀਆਈਜੀ ਰਣਬੀਰ ਸਿੰਘ ਖੱਟੜਾ ਬਰਗਾੜੀ ਕਾਂਡ ਦੀ ਤਫ਼ਤੀਸ਼ ਨਾਲ ਨੇੜਿਓਂ ਜੁੜੇ ਹੋਏ ਹਨ ਤੇ ਉਨ੍ਹਾਂ ਨੇ ਹੁਣ ਵੀ ਕਮਾਂਡ ਸੰਭਾਲੀ ਹੋਈ ਹੈ। ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿਚ ਪੰਥਕ ਧਿਰਾਂ ਨੇ ਹੁਣ 1 ਜੂਨ ਤੋਂ ਧਰਨਾ ਦਿੱਤਾ ਹੋਇਆ ਹੈ।