ਸ਼ਾਹਕੋਟ ਦੀ ਹਾਰ ਮਗਰੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਤੇ ਉਠਣ ਲੱਗੇ ਸਵਾਲ

ਸ਼ਾਹਕੋਟ ਦੀ ਹਾਰ ਮਗਰੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਤੇ ਉਠਣ ਲੱਗੇ ਸਵਾਲ

ਜਲੰਧਰ/ਬਿਊਰੋ ਨਿਊਜ਼ :

ਸ਼ਾਹਕੋਟ ਦੀ ਉਪ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਮਗਰੋਂ ਵਿਰੋਧੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਉਨ੍ਹਾਂ ਦੀ ਲੀਡਰਸ਼ਿੱਪ ਨੂੰ ਚੁਣੌਤੀ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਦੀ ਇਸ ਵੱਡੀ ਜਿੱਤ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ ‘ਤੇ ਮੋਹਰ ਲਾਈ ਹੈ। ਸ਼ਾਹਕੋਟ ਵਿੱਚੋਂ ਜੰਗਲ ਦਾ ਰਾਜ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੀ ਅਸਲ ਥਾਂ ਵੀ ਦੱਸ ਦਿੱਤੀ ਹੈ। ਸ੍ਰੀ ਜਾਖੜ ਨੇ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਇੱਥੇ 20 ਸਾਲਾਂ ਤੋਂ ਕਬਜ਼ਾ ਜਮਾ ਕੇ ਬੈਠਾ ਸੀ ਪਰ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤੇ ਲੋਕ ਪੱਖੀ ਕੰਮਾਂ ਨੂੰ ਦੇਖਦਿਆਂ ਕਾਂਗਰਸ ਨੂੰ ਵੱਡੀ ਜਿੱਤ ਦੁਆਈ ਹੈ।
ਉਨ੍ਹਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਹ ਦੇਖਣਾ ਹੈ ਕਿ ਉਹ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਦੀ ਜਿੱਤ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਾਹਕੋਟ ਵਿੱਚੋਂ ਧੱਕੇ ਦੀ ਰਾਜਨੀਤੀ ਦਾ ਅੰਤ ਹੋ ਗਿਆ ਹੈ। ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਸ਼ਾਹਕੋਟ ਦੀ ਉਪ ਚੋਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਅਸਲ ਵਿੱਚ ਸੁਖਬੀਰ ਬਾਦਲ ਦੀਆਂ ਨੀਤੀਆਂ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜੇ ਨੇ ਸਾਫ ਕਰ ਦਿੱਤਾ ਹੈ ਕਿ ਸੁਖਬੀਰ ਬਾਦਲ ਪਾਰਟੀ ਨੂੰ ਇੱਕ ਕੰਪਨੀ ਵਾਂਗ ਚਲਾ ਰਹੇ ਹਨ। ਪੰਥਕ ਹਲਕੇ ਵਜੋਂ ਜਾਣੇ ਜਾਂਦੇ ਸ਼ਾਹਕੋਟ ‘ਚੋਂ ਬੁਰੀ ਤਰ੍ਹਾਂ ਹਾਰਨ ਲਈ ਸੁਖਬੀਰ ਬਾਦਲ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ ਤੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਆਪਣੇ-ਆਪ ਲਾਂਭੇ ਹੋ ਜਾਣਾ ਚਾਹੀਦਾ ਹੈ।
ਪੰਜਾਬ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਜਿੱਤਣ ਤੋਂ ਬਾਅਦ ਕਾਂਗਰਸ ਨੂੰ ਵਿਧਾਨ ਸਭਾ ਵਿੱਚ ਦੋ-ਤਿਹਾਈ ਬਹੁਮਤ ਹਾਸਲ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਵੱਡਾ ਝਟਕਾ ਹੈ। ਪੰਜਾਬ ਦੀ ਸੱਤਾ ‘ਤੇ ਇੱਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਵਿਧਾਨ ਸਭਾ ਵਿੱਚ ਇਸ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਘਟ ਕੇ 14 ਰਹਿ ਗਈ ਹੈ ਅਤੇ ਸ਼ਾਹਕੋਟ ਵਿੱਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਇਸ ਹਲਕੇ ‘ਤੇ ਦੋ ਦਹਾਕਿਆਂ ਤੋਂ ਬਣਿਆ ਆ ਰਿਹਾ ਕਬਜ਼ਾ ਵੀ ਟੁੱਟ ਗਿਆ ਹੈ।
ਸਵਾ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਲਈ ਇਸ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੀ ਹਾਰ ਨਿੱਜੀ ਝਟਕਾ ਵੀ ਮੰਨੀ ਜਾ ਰਹੀ ਹੈ ਕਿਉਂਕਿ ਦੋਹਾਂ (ਬਾਦਲ-ਮਜੀਠੀਆ) ਨੇ ਹੀ ਜ਼ਿਮਨੀ ਚੋਣ ਨੂੰ ਵੱਕਾਰ ਦਾ ਸਵਾਲ ਬਣਾਇਆ ਹੋਇਆ ਸੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ (‘ਆਪ’) ਦੇ ਸ਼ਾਹਕੋਟ ਤੋਂ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਨਾਲ ਇਸ ਪਾਰਟੀ ਦੀ ਹਾਲਤ ਸਭ ਤੋਂ ਜ਼ਿਆਦਾ ਪਤਲੀ ਹੋ ਗਈ ਹੈ।
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਸਰਕਾਰ ਦੀ ਕਾਰਗੁਜ਼ਾਰੀ ‘ਤੇ ਆਪਣਿਆਂ (ਕਾਂਗਰਸੀਆਂ) ਵੱਲੋਂ ਹੀ ਲਗਾਤਾਰ ਉਂਗਲਾਂ ਉਠਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਕਾਂਗਰਸ ਵੱਲੋਂ ਸਿਆਸੀ ਫਰੰਟ ‘ਤੇ ਰਾਜਸੀ ਵਿਰੋਧੀਆਂ ਨੂੰ ਧੋਬੀ ਪਟਕਾ ਵੀ ਮਾਰਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਇੱਕ ਦਹਾਕਾ ਸੱਤਾ ਵਿੱਚ ਰਹਿਣ ਤੋਂ ਬਾਅਦ ਅਕਾਲੀਆਂ ਨੇ ਲੋਕਾਂ ਦੇ ਮਨਾਂ ਵਿੱਚੋਂ ਆਪਣਾ ਆਧਾਰ ਘਟਾ ਲਿਆ ਹੈ ਅਤੇ ਵਾਪਸੀ ਲਈ ਅਕਾਲੀ ਦਲ ਨੂੰ ਵੱਡੇ ਸੁਧਾਰ ਕਰਨੇ ਪੈਣਗੇ। ਜ਼ਿਮਨੀ ਚੋਣ ਦੇ ਨਤੀਜੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਦੇ ਦਿਲ ਜਿੱਤਣ ਲਈ ਨਵੀਂ ਰਣਨੀਤੀ ਤਿਆਰ ਕਰਨੀ ਪਵੇਗੀ। ਇਸ ਚੋਣ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਜ਼ ਇੱਕ ਦਿਨ ਪ੍ਰਚਾਰ ਕੀਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੁਝ ਹੋਰਨਾਂ ਸੀਨੀਅਰ ਆਗੂਆਂ ਨੇ ਚੋਣ ਪ੍ਰਚਾਰ ਤੋਂ ਪੂਰੀ ਤਰ੍ਹਾਂ ਕਿਨਾਰਾ ਹੀ ਕਰ ਲਿਆ ਸੀ। ਕਾਂਗਰਸ ਦੇ ਵਿਧਾਇਕਾਂ ਦੀ ਵਧੀ ਹੋਈ ਗਿਣਤੀ ਰਾਜ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਚੁਣੌਤੀ ਵੀ ਹੈ ਕਿਉਂਕਿ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਬਹੁਤੇ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ।
ਸ਼ਾਹਕੋਟ ਜ਼ਿਮਨੀ ਚੋਣ ਦਾ ਸਿਆਸੀ ਅਖਾੜਾ ਮਘਦਿਆਂ ਹੀ ਪੰਜਾਬ ਪੁਲੀਸ ਦੇ ਇੱਕ ਇੰਸਪੈਕਟਰ ਦੀਆਂ ਗਤੀਵਿਧੀਆਂ ਅਤੇ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਘਟਨਾ ਨੇ ਹਾਕਮ ਪਾਰਟੀ ਦੀ ਹਾਲਤ ਹਾਸੋਹੀਣੀ ਬਣਾ ਦਿੱਤੀ ਸੀ ਅਤੇ ਇਸ ਨਾਲ ਅਕਾਲੀ ਦਲ ਦੇ ਹੌਸਲੇ ਵੀ ਬੁਲੰਦ ਹੋ ਗਏ ਸਨ। ਪੰਜਾਬ ਦੀ ਰਾਜਨੀਤੀ ਖਾਸ ਕਰ ਅਕਾਲੀ ਦਲ ਦੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ ਕਰਦਿਆਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਕਈ ਤਰ੍ਹਾਂ ਦੇ ਤਜਰਬੇ ਕੀਤੇ। ਇਨ੍ਹਾਂ ਵਿੱਚ ਥਾਣਿਆਂ ਨੂੰ ਵਿਧਾਨ ਸਭਾ ਹਲਕਾ ਵਾਰ ਵਿਉਂਤਣਾ, ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਅਸਤੀਫ਼ੇ ਦਿਵਾ ਕੇ ਸਰਕਾਰੀ ਰੰਗ ਵਿੱਚ ਰੰਗ ਦੇਣਾ, ਪੁਲੀਸ ਦੇ ਜ਼ੋਰ ਨਾਲ ਸਿਆਸਤ ਨੂੰ ਚਲਾਉਣਾ ਅਤੇ ਇਤਿਹਾਸਕ ਪਾਰਟੀ ਨੂੰ ਪ੍ਰਧਾਨ ਦੀ ਥਾਂ ਸੀਈਓ ਵਾਂਗ ਚਲਾਉਣਾ, ਚੋਣ ਪ੍ਰਚਾਰ ਦੀ ਵਿਉਂਤਬੰਦੀ ਨਾਮੀ ਕੰਪਨੀਆਂ ਤੋਂ ਕਰਾਉਣਾ, ਉਮੀਦਵਾਰ ਬਦਲਣੇ, ਲੋਕ ਮੁੱਦਿਆਂ ਤੋਂ ਮੂੰਹ ਫੇਰ ਲੈਣਾ ਆਦਿ ਸ਼ਾਮਲ ਹਨ। ਸ੍ਰੀ ਬਾਦਲ ਦੇ ਇਹ ਤਜਰਬੇ ਕੁਝ ਹੱਦ ਤੱਕ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰੰਗ ਵੀ ਲਿਆਏ ਸਨ, ਜਿਸ ਕਰਕੇ ਪਾਰਟੀ ਨੂੰ ਮੁੜ ਸੱਤਾ ਹਾਸਲ ਕਰਨ ‘ਚ ਕਾਮਯਾਬ ਹੋਈ ਸੀ। ਉਸ ਤੋਂ ਬਾਅਦ ਹੋਈਆਂ ਪਾਰਲੀਮੈਂਟ ਦੀਆਂ ਆਮ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਨੇ ਅਕਾਲੀ ਦਲ ਨੂੰ ਅਜਿਹੀ ਹਾਰ ਦਿੱਤੀ ਹੈ ਕਿ ਪਾਰਟੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਵੀ ਨਹੀਂ ਬਣ ਸਕੀ ਤੇ ਜ਼ਿਮਨੀ ਚੋਣਾਂ ਵਿੱਚ ਵੀ ਝਟਕੇ ਸਹਿਣੇ ਪੈ ਰਹੇ ਹਨ।
ਪੰਜਾਬ ਵਿਧਾਨ ਸਭਾ ਅੰਦਰ ਹੁਣ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 78 ਹੋ ਗਈ ਹੈ। ਇਸੇ ਤਰ੍ਹਾਂ ‘ਆਪ’ ਦੇ 20, ਅਕਾਲੀ ਦਲ ਦੇ 14, ਭਾਰਤੀ ਜਨਤਾ ਪਾਰਟੀ ਦੇ ਤਿੰਨ ਅਤੇ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕ ਹਨ।