ਪੂਰਾ ਮਈ ਮਹੀਨਾ ਬੰਦ ਰਹੇਗਾ ਚੰਡੀਗੜ੍ਹ ਹਵਾਈ ਅੱਡਾ

ਪੂਰਾ ਮਈ ਮਹੀਨਾ ਬੰਦ ਰਹੇਗਾ  ਚੰਡੀਗੜ੍ਹ ਹਵਾਈ ਅੱਡਾ

ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੀ ਬਾਹਰੀ ਝਲਕ।
ਚੰਡੀਗੜ੍ਹ/ਬਿਊਰੋ ਨਿਊਜ਼ :
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਮੁਰੰਮਤ ਅਤੇ ਰਨਵੇਅ ਦੀ ਅਪਗਰੇਡੇਸ਼ਨ ਤੋਂ ਬਾਅਦ ਦੁਬਾਰਾ ਮਿਥੇ ਸਮੇਂ ਮੁਤਾਬਕ ਖੋਲ੍ਹਣ ਵਿੱਚ ਖ਼ਰਾਬ ਮੌਸਮ ਦੇ ਵਿਘਨ ਦੇ ਬਾਵਜੂਦ ਕੋਈ ਅੜਿੱਕਾ ਨਹੀਂ ਪਵੇਗਾ। ਹਵਾਈ ਅੱਡਾ ਪਹਿਲੇ ਐਲਾਨ ਮੁਤਾਬਕ 12 ਤੋਂ 31 ਮਈ ਤੱਕ ਹੀ ਬੰਦ ਰਹੇਗਾ ਅਤੇ ਜੂਨ ਮਹੀਨੇ ਤੋਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਚਾਲੂ ਹੋ ਜਾਵੇਗਾ, ਪਰ ਐਤਵਾਰ ਨੂੰ ਬੰਦ ਰੱਖਿਆ ਜਾਵੇਗਾ। ਜੁਲਾਈ ਤੋਂ ਹਵਾਈ ਅੱਡਾ ਹਰੇਕ ਐਤਵਾਰ ਬਾਅਦ ਦੁਪਹਿਰ 1 ਤੋਂ ਸ਼ਾਮ 6 ਵਜੇ ਤੱਕ ਚਾਲੂ ਕੀਤਾ ਜਾਵੇਗਾ। ਇਹ ਜਾਣਕਾਰੀ ਏਅਰਪੋਰਟ ਅਥਾਰਿਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਦਿੱਤੀ।
ਹਾਈ ਕੋਰਟ ਦੇ ਡਿਵੀਜ਼ਨ ਬੈਂਚ ਹਵਾਈ ਫ਼ੌਜ ਦੇ ਅਧਿਕਾਰੀਆਂ ਵੱਲੋਂ ਪ੍ਰਗਤੀ ਰਿਪੋਰਟ ਦਾਖ਼ਲ ਕੀਤੀ ਗਈ। ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਸ਼ਾਮ ਵੇਲੇ ਕੀਤੇ ਜਾਣ ਵਾਲੇ ਕੰਮ ਵਿੱਚ ਪਿਛਲੇ ਦਿਨਾਂ ਦੌਰਾਨ ਖ਼ਰਾਬ ਮੌਸਮ ਕਾਰਨ ਰੁਕਾਵਟ ਪਈ ਹੈ, ਜਿਸ ਕਾਰਨ ਕੰਮ ਚਾਰ ਦਿਨ ਪਛੜ ਕੇ ਚੱਲ ਰਿਹਾ ਹੈ। ਸਹਾਇਕ ਸੌਲੀਸਿਟਰ ਜਨਰਲ ਚੇਤਨ ਮਿੱਤਲ ਨੇ ਬੈਂਚ ਨੂੰ ਦੱਸਿਆ ਕਿ ਇਸ ਦੇ ਬਾਵਜੂਦ ਹਵਾਈ ਅੱਡੇ ਨੂੰ ਖੋਲ੍ਹਣ ਦਾ ਅਮਲ ਨਹੀਂ ਪਛੜੇਗਾ। ਇਸ ਸਬੰਧੀ ਇਕ ਵਿਸਤਰਿਤ ਪ੍ਰਗਤੀ ਰਿਪੋਰਟ ਆਗਾਮੀ 25 ਮਈ ਨੂੰ ਪੇਸ਼ ਕੀਤੀ ਜਾਵੇਗੀ। ਬੈਂਚ ਨੂੰ ਦੱਸਿਆ ਗਿਆ ਕਿ ਖ਼ਰਾਬ ਮੌਸਮ ਕਾਰਨ ਜ਼ਾਇਆ ਹੋਏ ਵਕਤ ਦੀ ਪੂਰਤੀ ਲਈ ਹਵਾਈ ਅੱਡੇ ਨੂੰ ਐਤਵਾਰ ਨੂੰ ਬੰਦ ਰੱਖਿਆ ਜਾਵੇਗਾ।
ਸ੍ਰੀ ਮਿੱਤਲ ਨੇ ਕਿਹਾ ਕਿ ਰਾਤ ਵੇਲੇ ਜਹਾਜ਼ ਉਤਾਰਨ ਲਈ ਹਵਾਈ ਅੱਡੇ ਨੂੰ ਰੁਸ਼ਨਾਉਣ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ‘ਤੇ ਬੈਂਚ ਨੇ ਕਿਹਾ ਕਿ ਮਾਮਲੇ ਨੂੰ ਸੁਣਵਾਈ ਦੀ ਅਗਲੀ ਤਰੀਕ ਤੱਕ ਨਿਬੇੜਿਆ ਜਾਣਾ ਚਾਹੀਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਨਵੇਅ ਦੀ ਲੰਬਾਈ ਮੌਜੂਦਾ 9000 ਫੁੱਟ ਤੋਂ ਵਧਾ ਕੇ 10400 ਫੁੱਟ ਕੀਤੀ ਜਾ ਰਹੀ ਹੈ ਤਾਂ ਕਿ ਇਥੇ ਵੱਡੇ ਹਵਾਈ ਜਹਾਜ਼ਾਂ ਜਿਵੇਂ ਬੋਇੰਗ 777, 787 ਤੇ 747 ਆਦਿ ਦੀਆਂ ਉਡਾਣਾਂ ਦਾ ਰਾਹ ਪੱਧਰਾ ਹੋ ਸਕੇ। ਇਸ ਨਾਲ ਚੰਡੀਗੜ੍ਹ ਤੋਂ ਯੂਰਪ, ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਆਦਿ ਲਈ ਵੱਡੇ ਜਹਾਜ਼ ਸਿੱਧੇ ਉਡਾਣਾਂ ਭਰ ਸਕਣਗੇ। ਇਹ ਮਾਮਲਾ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਦਾਇਰ ਲੋਕ ਹਿੱਤ ਪਟੀਸ਼ਨ ਕਾਰਨ ਹਾਈ ਕੋਰਟ ਪੁੱਜਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਵੱਲੋਂ ਰਨਵੇਅ ਦੀ ਰੀਕਾਰਪੈਟਿੰਗ ਤੇ ਅਪਗਰੇਡੇਸ਼ਨ ਸਬੰਧੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇ।