ਲੰਡਨ ‘ਚ ਸਿੱਖ ਪ੍ਰਚਾਰਕ ਦੀ ਕੁੱਟਮਾਰ ਕਰੜੀ ਨਿੰਦਾ

ਲੰਡਨ ‘ਚ ਸਿੱਖ ਪ੍ਰਚਾਰਕ ਦੀ ਕੁੱਟਮਾਰ ਕਰੜੀ ਨਿੰਦਾ

ਲੁਧਿਆਣਾ/ਬਿਊਰੋ ਨਿਊਜ਼:
ਸਾਊਥਾਲ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਕੁਝ ਲੋਕਾਂ ਵੱਲੋਂ ਕੀਤੀ ਗਈ ਕੁੱਟ-ਮਾਰ ਤੇ ਦਸਤਾਰ ਦੀ ਬੇਅਦਬੀ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸਿੱਖ ਧਾਰਮਿਕ ਪ੍ਰਚਾਰਕ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਚਿੰਤਤ ਹਨ।
ਇਸ ਬਾਰੇ ਕੌਮਾਂਤਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਈ-ਮੇਲ ਰਾਹੀਂ ਦੱਸਿਆ ਕਿ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਉਨ੍ਹਾਂ ਨੂੰ ਯੂ.ਕੇ. ‘ਚ ਹੋਈ ਗਲਬਾਤ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਉਹ ਸੰਗਤੀ ਫ਼ੈਸਲੇ ਮੁਤਾਬਿਕ ਗੁਰਦੁਆਰਾ ਸਾਊਥਾਲ ਲੰਡਨ ‘ਚ ਪੰਜ ਸਿੰਘਾਂ ਨੂੰ ਗੁਰੂ-ਰੂਪ ਜਾਣ ਕੇ ਗੱਲਬਾਤ ਕਰਨ ਲਈ ਗਏ ਸਨ, ਪਰ ਉਨ੍ਹਾਂ ਸਿੰਘਾਂ ਨੇ ਕਮਰੇ ਵਿੱਚ ਲਿਜਾ ਕੇ ਉਸ ਨਾਲ ਕਥਿਤ ਮਾਰ ਕੁੱਟ ਕੀਤੀ ਅਤੇ ਕੇਸਾਂ ਤੇ ਪੱਗ ਦੀ ਬੇਅਦਬੀ ਕੀਤੀ।
ਉਨ੍ਹਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਅਜਿਹੀਆਂ ਘਟਨਾਵਾਂ ਦੀ ਜ਼ੋਰਦਾਰ ਨਿਖੇਧੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪੰਜ ਪਿਆਰਿਆਂ ਦੇ ਰੂਪ ਵਿੱਚ ਵਿਚਾਰ-ਵਟਾਂਦਰੇ ਲਈ ਖੜ੍ਹੇ ਕੀਤੇ ਅਖੌਤੀ ਸਿੰਘਾਂ ਨੂੰ ਵੀ ਪੰਥਕ ਕਟਹਿਰੇ ਵਿੱਚ ਖੜ੍ਹੇ ਕਰਨ ਲਈ ਕਿਹਾ ਹੈ ਜਿਨ੍ਹਾਂ ਇਹ ਸ਼ਰਮਨਾਕ ਕਾਰਾ ਕਰਕੇ ਸਿੱਖੀ ਦੀ ਮਰਿਆਦਾ ਨੂੰ ਢਾਹ ਲਾਈ ਹੈ।