ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤੇਜ਼

ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤੇਜ਼

ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੰਜਾਬ ਵਜ਼ਾਰਤ ਵਿੱਚ ਥਾਂ ਨਾ ਮਿਲਣ ਤੋਂ ਨਾਰਾਜ਼ ਹੋਏ ਵਿਧਾਇਕਾਂ ਨੂੰ ਮਨਾਉਣ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਸਾਰਾ ਦਿਨ ਕੋਸ਼ਿਸ਼ਾਂ ਕੀਤੀਆਂ। ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦਾ ਕੰਮ ਅਜੇ ਸਿਰੇ ਨਹੀਂ ਲੱਗ ਸਕਿਆ ਹੈ ਜਿਸ ਕਰਕੇ ਭਲਕੇ ਵੀ ਇਹ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਇਸ ਕਰਕੇ ਵੀ ਜ਼ਿਆਦਾ ਫਿਕਰਮੰਦ ਹਨ ਕਿ 23 ਅਪਰੈਲ ਨੂੰ ਦਿੱਲੀ ਵਿੱਚ ਦਲਿਤ ਸੰਮੇਲਨ ਹੈ ਅਤੇ 29 ਅਪਰੈਲ ਨੂੰ ਕਾਂਗਰਸ ਪਾਰਟੀ ਦਿੱਲੀ ਵਿੱਚ ਰੈਲੀ ਕਰ ਰਹੀ ਹੈ। ਦੋਵਾਂ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਿਰਕਤ ਕਰਨੀ ਹੈ ਅਤੇ ਮਾਮਲਾ ਕਾਂਗਰਸ ਹਾਈਕਮਾਂਡ ਤਕ ਨਾ ਪਹੁੰਚੇ, ਇਸ ਕਰਕੇ ਵੀ ਉਨ੍ਹਾਂ ਨੂੰ ਜਲਦੀ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਆਗੂਆਂ ਦਾ ਖ਼ਿਆਲ ਹੈ ਕਿ ਨਾਰਾਜ਼ ਵਿਧਾਇਕਾਂ ਦਾ ਰੋਸ ਤੇ ਗੁੱਸਾ ਸੁਭਾਵਿਕ ਹੈ ਅਤੇ ਪਾਰਟੀ ਤੇ ਸਰਕਾਰ ਨੂੰ ਇਸ ਸਬੰਧੀ ਕੁਝ ਕਰਨਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਤੇ ਸਰਕਾਰ ਵਿਚਾਲੇ ਕੜੀ ਦਾ ਕੰਮ ਕਰ ਰਹੇ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ਵੀ ਨਾਰਾਜ਼ ਆਗੂਆਂ ਨੂੰ ਮਨਾਉਣ ‘ਚ ਜੁਟੇ ਹੋਏ ਹਨ। ਉਨ੍ਹਾਂ ਫੋਨ ਅਤੇ ਨਿੱਜੀ ਸੰਪਰਕਾਂ ਰਾਹੀਂ ਨਾਰਾਜ਼ ਆਗੂਆਂ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਪਰ ਇਕ-ਦੋ ਮਾਮਲਿਆਂ ਦਾ ਹੱਲ ਹਾਲ ਦੀ ਘੜੀ ਹੁੰਦਾ ਨਜ਼ਰ ਨਹੀਂ ਆਉਂਦਾ। ਸੀਨੀਅਰ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਗੂਆਂ ਨੂੰ ਚੰਡੀਗੜ੍ਹ ਵਿੱਚ ਮਿਲ ਕੇ ਸਪੱਸ਼ਟ ਕੀਤਾ ਕਿ ਅਣਸੂਚਿਤ ਜਾਤੀਆਂ ਦੇ ਕੁੱਲ 21 ਵਿਧਾਇਕ ਹਨ ਅਤੇ ਇਨ੍ਹਾਂ ਵਿੱਚੋਂ ਬਾਲਮੀਕ ਅਤੇ ਰਾਮਦਾਸੀਆ ਭਾਈਚਾਰੇ ਦੇ 10-10 ਤੇ ਇਕ ਬਾਜ਼ੀਗਰ ਭਾਈਚਾਰੇ ਨਾਲ ਸਬੰਧਤ ਵਿਧਾਇਕ ਹਨ। ਉਨ੍ਹਾਂ ਕਿਹਾ ਕਿ  ਵਜ਼ਾਰਤ ਵਿੱਚ ਬਾਲਮੀਕ ਭਾਈਚਾਰੇ ਵਿੱਚੋਂ ਕੋਈ ਵੀ ਮੰਤਰੀ ਨਹੀਂ ਲਿਆ ਗਿਆ ਹੈ ਜਿਸ ਕਾਰਨ ਭਾਈਚਾਰੇ ਵਿੱਚ ਰੋਸ ਹੈ। ਹੁਣ ਤਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ, ਉਨ੍ਹਾਂ ਵਿੱਚ ਬਾਲਮੀਕ ਭਾਈਚਾਰੇ ਵਿੱਚੋਂ ਮੰਤਰੀ ਜ਼ਰੂਰ ਬਣਿਆ ਹੈ। ਉਨ੍ਹਾਂ ਪਾਰਟੀ ਨੂੰ ਇਸ ਪ੍ਰਤੀ ਰੋਸ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ। ਪਤਾ ਲੱਗਾ ਹੈ ਕਿ ਆਗੂਆਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਉਣ ਦੇ ਯਤਨ ਕਰਨ ਦਾ ਭਰੋਸਾ ਦਿੱਤਾ ਹੈ। ਜਦੋਂ ਡਾ. ਵੇਰਕਾ ਤੋਂ ਅਗਲੀ ਰਣਨੀਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਸਿਪਾਹੀ ਹਨ ਅਤੇ ਪਾਰਟੀ ਲਈ ਕੰਮ ਕਰਦੇ ਰਹਿਣਗੇ ਪਰ ਭਾਈਚਾਰੇ ਦੇ ਰੋਸ ਨੂੰ ਦੂਰ ਕਰਨਾ ਪਏਗਾ। ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਵੀ ਆਗੂਆਂ ਨਾਲ ਮਿਲ ਕੇ ਉਨ੍ਹਾਂ ਨੂੰ ਵਜ਼ਾਰਤ ‘ਚ ਨਾ ਲਏ ਜਾਣ ‘ਤੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਆਗੂਆਂ ਨੇ ਫੋਨ ‘ਤੇ ਸੰਗਤ ਸਿੰਘ ਗਿਲਜ਼ੀਆਂ, ਰਣਦੀਪ ਨਾਭਾ, ਨਵਤੇਜ ਚੀਮਾ, ਨੱਥੂ ਰਾਮ, ਸੁਰਜੀਤ ਧੀਮਾਨ, ਗੁਰਕੀਰਤ ਕੋਟਲੀ ਅਤੇ ਹੋਰਾਂ ਨਾਲ ਗੱਲਬਾਤ ਕੀਤੀ ਹੈ। ਵਜ਼ਾਰਤ ਤੋਂ ਬਾਹਰ ਰਹਿ ਗਏ ਵਿਧਾਇਕਾਂ ਨੂੰ ਬੋਰਡਾਂ ਅਤੇ ਕਾਰਪੋਰੇਸ਼ਨਾਂ ‘ਚ ਥਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ।

ਨਵੇਂ ਮੰਤਰੀਆਂ ਲਈ ਨਵੀਆਂ ਚੁਣੌਤੀਆਂ
ਪਾਰਟੀ ਸੰਕਟ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ ਵਾਲੇ ਮਾਝਾ ਬ੍ਰਿਗੇਡ ਨੂੰ ਵਜ਼ਾਰਤ ਵਿੱਚ ਵਾਧਾ ਕਰਦੇ ਸਮੇਂ ਅਹਿਮ ਵਿਭਾਗਾਂ ਨਾਲ ਨਿਵਾਜਿਆ ਗਿਆ ਹੈ। ਨਵੇਂ ਬਣੇ ਮੰਤਰੀ ਸੁੱਖ ਸਰਕਾਰੀਆ ਨੂੰ  ਤਿੰਨ ਵੱਡੇ ਮਹਿਕਮੇ ਮਾਲ, ਸਿੰਜਾਈ ਅਤੇ ਖਨਣ ਦਿੱਤੇ ਗਏ ਹਨ। ਪਿਛਲੀ ਸਰਕਾਰ ਸਮੇਂ ਸਿੰਜਾਈ ਵਿਭਾਗ ਵਿੱਚ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਹੋਇਆ ਸੀ ਜਿਸ ਦੀ ਵਿਜੀਲੈਂਸ ਨੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। ਹੁਣ ਨਵੇਂ ਮੰਤਰੀ ਕੋਲ ਵਿਭਾਗ ਦਾ ਪੂਰਾ ਚਾਰਜ ਹੋਣ ਕਰਕੇ ਉਨ੍ਹਾਂ ਵੀ ਜਵਾਬਦੇਹ ਹੋਣਾ ਪਏਗਾ। ਇਸੇ ਤਰ੍ਹਾਂ ਰੇਤੇ ਦੇ ਨਾਜਾਇਜ਼ ਕਾਰੋਬਾਰ ਦਾ ਅਹਿਮ ਸਵਾਲ ਵੀ ਉਨ੍ਹਾਂ ਸਾਹਮਣੇ ਖੜ੍ਹਾ ਹੈ। ਸਿੱਖਿਆ ਵਿਭਾਗ ਦੇ ਨਵੇਂ ਮੰਤਰੀ ਓ ਪੀ ਸੋਨੀ ਨੂੰ ਅੰਦੋਲਨਕਾਰੀ ਅਧਿਆਪਕਾਂ ਨਾਲ ਨਜਿੱਠਣਾ ਪਏਗਾ। ਮੁੱਖ ਮੰਤਰੀ ਦਫ਼ਤਰ ਨੇ ਅਧਿਆਪਕਾਂ ਨਾਲ 27 ਅਪਰੈਲ ਦੀ ਮੀਟਿੰਗ ਸੱਦ ਲਈ ਹੈ ਜਿਸ ਵਿੱਚ ਵੱਡੇ ਮਸਲੇ ਹੱਲ ਹੋਣ ਦੀ ਪੂਰੀ ਸੰਭਾਵਨਾ ਹੈ।