ਮੁਲਾਜ਼ਮਾਂ ਨੂੰ ਫਾਰਗ਼ ਕਰਨ ਦੇ ਫ਼ੈਸਲੇ ਨੂੰ ਲੌਂਗੋਵਾਲ ਨੇ ਠੀਕ ਠਹਿਰਾਇਆ ਰਿਪੋਰਟ ਨੂੰ ਛੇਤੀ ਹੀ ਨਸ਼ਰ ਕੀਤਾ ਜਾਵੇਗਾ : ਲੌਂਗੋਵਾਲ

ਮੁਲਾਜ਼ਮਾਂ ਨੂੰ ਫਾਰਗ਼ ਕਰਨ ਦੇ ਫ਼ੈਸਲੇ ਨੂੰ ਲੌਂਗੋਵਾਲ ਨੇ ਠੀਕ ਠਹਿਰਾਇਆ ਰਿਪੋਰਟ ਨੂੰ ਛੇਤੀ ਹੀ ਨਸ਼ਰ ਕੀਤਾ ਜਾਵੇਗਾ : ਲੌਂਗੋਵਾਲ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਗੋਬਿੰਦ ਸਿੰਘ ਲੌਂਗੋਵਾਲ।

ਸ੍ਰੀ ਆਨੰਦਪੁਰ ਸਾਹਿਬ, ਬਿਊਰੋ ਨਿਊਜ਼।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 523 ਮੁਲਾਜ਼ਮਾਂ ਦੀ ਭਰਤੀ ਤੇ ਫਾਰਗ਼ ਕਰਨ ਦੇ ਮਾਮਲੇ ਵਿੱਚ ਜਿੱਥੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸਮੁੱਚੀ ਰਿਪੋਰਟ ਤਿਆਰ ਤੇ ਲਾਗੂ ਕਰਨ ਵਾਲਿਆਂ ਨੂੰ ਨਾਦਾਨ ਦੱਸਿਆ ਸੀ, ਉੱਥੇ ਅੱਜ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਰਿਪੋਰਟ ਨੂੰ ਦਰੁਸਤ ਤੇ 523 ਮੁਲਾਜ਼ਮਾਂ ਨੂੰ ਫਾਰਗ਼ ਕਰਨ ਦੇ ਫ਼ੈਸਲੇ ਨੂੰ ਢੁਕਵਾਂ ਦੱਸਦੇ ਹੋਏ ਪੁਰਾਣੀਆਂ ਭਰਤੀਆਂ ਮਨਮਰਜ਼ੀ ਨਾਲ ਕੀਤੀਆਂ ਕਰਾਰ ਦਿੱਤੀਆਂ ਹਨ।
ਭਾਈ ਲੌਂਗੋਵਾਲ ਨੇ ਪ੍ਰੋ. ਬਡੂੰਗਰ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਹੇ ਭਾਈ ਅਮਰਜੀਤ ਸਿੰਘ ਚਾਵਲਾ ਦੀ ਹਾਜ਼ਰੀ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਦਰ ਪਹਿਲਾਂ ਤਾਂ ਮਨਮਰਜ਼ੀ ਨਾਲ ਕਿਸੇ ਵੀ ਮੁਲਾਜ਼ਮ ਨੂੰ ਕੱਢ ਦਿੱਤਾ ਜਾਂਦਾ ਸੀ ਤੇ ਕਿਸੇ ਨੂੰ ਵੀ ਰੱਖ ਲਿਆ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰੋ. ਬਡੂੰਗਰ ਵੱਲੋਂ  ਮੌਜੂਦਾ ਪ੍ਰਬੰਧਕਾਂ ‘ਤੇ ਲਾਏ ਦੋਸ਼ਾਂ ਬਾਰੇ ਭਾਈ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਬੀਤੇ ਸਮੇਂ ਦੌਰਾਨ ਨਿਯਮਾਂ ਨੂੰ ਛਿੱਕੇ ਟੰਗ ਕੇ ਗ਼ਲਤ ਢੰਗ ਨਾਲ ਭਰਤੀ ਕੀਤੀ ਗਈ ਹੈ, ਜਿਨ੍ਹਾਂ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਅੰਦਰ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ‘ਤੇ ਰਹੇ ਅਤੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਸਣੇ ਚਾਰ ਮੈਂਬਰਾਂ ‘ਤੇ ਆਧਾਰਿਤ ਸਬ-ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਤਿਆਰ ਰਿਪੋਰਟ ਨੂੰ ਅੰਤ੍ਰਿੰਗ ਕਮੇਟੀ ਵਿੱਚ ਸਰਬਸੰਮਤੀ ਨਾਲ ਪ੍ਰਵਾਨ ਵੀ ਕੀਤਾ ਗਿਆ ਤੇ ਅਮਲ ਵਿੱਚ ਲਿਆਂਦਾ ਗਿਆ ਹੈ।
ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਛੁਪਾਉਣ ਵਾਲੀ ਕੋਈ ਗੱਲ ਨਹੀਂ ਹੈ ਤੇ ਛੇਤੀ ਹੀ ਰਿਪੋਰਟ ਨਸ਼ਰ ਕਰ ਦੇਵਾਂਗੇ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਸਿੰਘ, ਬੀਬੀ ਪਰਮਜੀਤ ਕੌਰ ਮਾਹਲਪੁਰੀ, ਡਾ. ਪਰਮਜੀਤ ਸਿੰਘ ਸਰੋਆ, ਮੈਨੇਜਰ ਜਸਬੀਰ ਸਿੰਘ, ਐਡਵੋਕੇਟ ਹਰਦੇਵ ਸਿੰਘ ਹੈਪੀ ਤੇ ਮਾਸਟਰ ਹਰਜੀਤ ਸਿੰਘ ਅਚਿੰਤ ਵੀ ਹਾਜ਼ਰ ਸਨ।