ਮੇਰੀ ਮਾਂ ਦੇ ਭੋਗ ਮੌਕੇ ਲੰਗਰ ਬਾਰੇ ਮਨਪ੍ਰੀਤ ਦਾ ਬਿਆਨ ਝੂਠਾ-ਸਖਬੀਰ

ਮੇਰੀ ਮਾਂ ਦੇ ਭੋਗ ਮੌਕੇ ਲੰਗਰ ਬਾਰੇ ਮਨਪ੍ਰੀਤ ਦਾ ਬਿਆਨ ਝੂਠਾ-ਸਖਬੀਰ

ਛੋਟੇ ਬਾਦਲ ਦਾ ਅਪਣੇ ਚਚੇਰੇ ਭਰਾ ਉੱਤੇ ਜਵਾਬੀ ਹਮਲਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੇ ਬਾਦਲ ਪਰਿਵਾਰ ਦਰਮਿਆਨ ਛਿੜੀ ਸ਼ਬਦੀ ਜੰਗ ਭਖਦੀ ਜਾ ਰਹੀ ਹੈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਤਾਇਆ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ (ਮਜੀਠੀਆ ਪਰਿਵਾਰ) ਖ਼ਿਲਾਫ਼ ਕੀਤੀਆਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੈਦਾਨ ਵਿੱਚ ਨਿੱਤਰ ਆਏ ਹਨ। ਛੋਟੇ ਬਾਦਲ ਨੇ ਵੀਰਵਾਰ ਨੂੰ ਇੱਥੇ ਇੱਕ ਬਿਆਨ ਰਾਹੀਂ ਆਪਣੇ ਚਚੇਰੇ ਭਰਾ ‘ਤੇ ਹੱਲਾ ਬੋਲਦਿਆਂ ਦਾਅਵਾ ਕੀਤਾ ਕਿ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਦੀ ਅੰਤਿਮ ਅਰਦਾਸ ਮੌਕੇ ਪਾਏ ਭੋਗ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਨਹੀਂ ਵਰਤਾਇਆ ਗਿਆ ਸੀ। ਪਾਰਟੀ ਪ੍ਰਧਾਨ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਜਾਂ ਤਾਂ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਜਾਂ ਫਿਰ ਰਾਜਨੀਤੀ ਛੱਡ ਦੇਣ। ਉਨ੍ਹਾਂ ਕਿਹਾ ਕਿ ਜੇਕਰ ਵਿੱਤ ਮੰਤਰੀ ਇਸ ਦੋਸ਼ ਨੂੰ ਸਾਬਤ ਕਰ ਦਿੰਦੇ ਹਨ ਤਾਂ ਉਹ (ਸੁਖਬੀਰ) ਹਮੇਸ਼ਾ ਲਈ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਅਜਿਹੇ ਝੂਠੇ ਤੇ ਬੇਬੁਨਿਆਦ ਦੋਸ਼ ਕੋਈ ਸਦਭਾਵਨਾ ਤੋਂ ਕੋਰਾ ਵਿਅਕਤੀ ਹੀ ਲਾ ਸਕਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਬਜਟ ਉਪਰ ਬੋਲਣ ਸਮੇਂ ਅਕਾਲੀ ਦਲ ਵੱਲੋਂ ਲਾਏ ਗਏ ਦੋਸ਼ਾਂ ਦੀ ਥਾਂ ਈਰਖਾ ਪੂਰਨ ਝੂਠੀਆਂ ਤੇ ਨਿੱਜੀ ਟਿੱਪਣੀਆਂ ਕੀਤੀਆਂ, ਜੋ ਸ਼ੋਭਾ ਨਹੀਂ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਵਿਧਾਨ ਸਭਾ ਵਿੱਚ ਬੋਲਣ ਮੌਕੇ ਆਪਣਾ ਵਧੇਰੇ ਸਮਾਂ ਉਸ ਮੁਰਸ਼ਦ ਅਤੇ ਪਿਤਾ ਸਮਾਨ ਹਸਤੀ (ਪ੍ਰਕਾਸ਼ ਸਿੰਘ ਬਾਦਲ) ਖਿਲਾਫ਼ ਭੜਾਸ ਕੱਢਣ ਉੱਤੇ ਖਰਚ ਕੀਤਾ, ਜਿਨ੍ਹਾਂ ਨੂੰ ਉਹ ਆਪਣੇ ਸਿਆਸਤ ਵਿੱਚ ਆਉਣ ਦੀ ਵਜ੍ਹਾ ਮੰਨਦਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਆਪਣੇ ਪਰਿਵਾਰ ਨੂੰ ਧੋਖਾ ਦੇ ਸਕਦਾ ਹੈ, ਉਸ ਲਈ ਕਿਸਾਨਾਂ ਅਤੇ ਪੰਜਾਬ ਦੇ ਦੂਜੇ ਲੋਕਾਂ ਨਾਲ ਧੋਖਾ ਕਰਨਾ ਮੁਸ਼ਕਲ ਨਹੀਂ। ਉਨ੍ਹਾਂ ਕਿਹਾ ਕਿ ਚਚੇਰੇ ਭਰਾ ਦਾ ਰੁਖ਼ ਦੇਖ ਕੇ ਧੱਕਾ ਲੱਗਾ ਹੈ। ਉਨ੍ਹਾਂ ਕਿਹਾ, ‘ਮੈਂ ਉਸ ਦੇ ਮਾੜੇ ਵਤੀਰੇ ਦਾ ਜੁਆਬ ਕਦੇ ਵੀ ਉਸ ਦੀ ਭਾਸ਼ਾ ਵਿੱਚ ਨਹੀਂ ਦੇਵਾਂਗਾ। ਮੈਂ ਅਜੇ ਵੀ ਉਸ ਦੇ ਮਾਤਾ ਪਿਤਾ ਨੂੰ ਆਪਣੇ ਮਾਪਿਆਂ ਜਿੰਨਾ ਸਤਿਕਾਰ ਦਿੰਦਾ ਹਾਂ। ਕਿਉਂਕਿ ਮੇਰੇ ਮਾਪਿਆਂ ਨੇ ਮੈਨੂੰ ਇਹੋ ਸਿੱਖਿਆ ਦਿੱਤੀ ਹੈ।’

‘ਮੇਰੇ ਪਿਓ ਨੂੰ ਮਨਪ੍ਰੀਤ ਵੱਧ ਪਿਆਰਾ ਸੀ’
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਹਮੇਸ਼ਾ ਉਸ ਨਾਲੋਂ ਵੀ ਵੱਧ ਪਿਆਰ ਦਿੱਤਾ। ਉਂਗਲ ਫੜ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਸਿਖਾਇਆ। ਮਨਪ੍ਰੀਤ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਲਈ ਆਪਣੀ ਗਿੱਦੜਬਾਹਾ ਵਾਲੀ ਸੀਟ ਛੱਡੀ ਤੇ ਉਸ ਨੂੰ ਸੂਬੇ ਦਾ ਵਿੱਤ ਮੰਤਰੀ ਬਣਾਇਆ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੂੰ ਜਿਸ ਪਰਿਵਾਰ ਤੋਂ ਇੰਨਾ ਕੁਝ ਮਿਲਿਆ, ਉਸੇ ਪਰਿਵਾਰ ਨਾਲ ਵਿਸਵਾਸ਼ਘਾਤ ਕੀਤਾ ਹੈ।