ਭਾਰਤੀ ਅਦਾਲਤ ਵਲੋਂ ਮੁੱਖ ਮੰਤਰੀ ਬੇਅੰਤ ਸਿੰਘ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਤਾਅ ਉਮਰ ਕੈਦ ਦੀ ਸਜ਼ਾ

ਭਾਰਤੀ ਅਦਾਲਤ ਵਲੋਂ ਮੁੱਖ ਮੰਤਰੀ ਬੇਅੰਤ ਸਿੰਘ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਤਾਅ ਉਮਰ ਕੈਦ ਦੀ ਸਜ਼ਾ

ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਵਿਚ ਲੱਗੀ ਸੀ. ਬੀ. ਆਈ.ਦੀ ਵਿਸ਼ੇਸ਼ ਅਦਾਲਤ ਵਲੋਂ ਤਾਅ ਉਮਰ ਕੈਦ ਦਾ ਫੈਸਲਾ ਸੁਣਾਇਆ ਗਿਆ ਹੈ।  ਇਸ ਤੋਂ ਇਲਾਵਾ 35000 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ.ਐੱਸ. ਸਿੱਧੂ ਨੇ ਜਗਤਾਰ ਸਿੰਘ ਤਾਰਾ ਨੂੰ ਸੁਕਰਰਵਾਰ ਨੂੰ ਦੋਸ਼ੀ ਕਰਾਰ ਦੇਣ ਬਾਅਦ ਸਜ਼ਾ ਸੁਣਾਉਣ ਦਾ ਫੈਸਲਾ 17 ਮਾਰਚ ਸ਼ਨਿਚਰਵਾਰ ਉੱਤੇ ਪਾ ਦਿੱਤਾ ਸੀ।

ਜਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਨੇ ਖੁਦ ਇਕਬਾਲੀਆ ਬਿਆਨ ਦੇ ਕੇ ਬੇਅੰਤ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਕਬੂਲ ਲਈ ਸੀ। ਭਾਈ ਜਗਤਾਰ ਸਿੰਘ ਦੇ ਵਕੀਲ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਤਾਰਾ ਨੇ ਸੁਨੇਹਾ ਦਿੱਤਾ ਹੈ ਕਿ ਉਹ ਇਸ ਫੈਂਸਲੇ ਦੇ ਖਿਲਾਫ ਕਿਸੇ ਵੀ ਅਦਾਲਤ ਵਿਚ ਅਪੀਲ ਨਹੀਂ ਕਰਨਗੇ।

ਭਾਈ ਜਗਤਾਰ ਸਿੰਘ ਤਾਰਾ ਨੇ ਆਪਣੇ ਹਲਫੀਆ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤੀ ਸੰਵਿਧਾਨ ‘ਤੇ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਕਤਲ ਵਿਚ ਸ਼ਾਮਿਲ ਹੋਣ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਇਕ ਜ਼ਾਲਮ ਨੂੰ ਖਤਮ ਕਰਕੇ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ। ਜਿਕਰਯੋਗ ਹੈ ਕਿ ਬੇਅੰਤ ਸਿੰਘ ਦੀ ਸਰਕਾਰ ਮੌਕੇ ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਵੱਡੇ ਪੱਧਰ ‘ਤੇ ਕਤਲੇਆਮ ਹੋਇਆ ਸੀ।
ਵਰਨਣਯੋਗ ਹੈ ਕਿ 31 ਅਗਸਤ 1995 ਨੂੰ ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਇਸ ਬੰਬ ਧਮਾਕੇ ‘ਚ 17 ਹੋਰ ਵਿਅਕਤੀ ਮਾਰੇ ਗਏ ਸਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੀ ਸੁਣਵਾਈ ਮਾਡਲ ਜੇਲ੍ਹ ਬੁੜੈਲ ਵਿੱਚ ਚੱਲ ਰਹੀ ਸੀ।
ਜਾਣਕਾਰੀ ਅਨੁਸਾਰ ਜਗਤਾਰ ਸਿੰਘ ਤਾਰਾ ਨੇ ਜਨਵਰੀ ਵਿੱਚ ਬੇਅੰਤ ਸਿੰਘ ਦੇ ਕਤਲ ਵਿੱਚ ਸ਼ਮੂਲੀਅਤ ਕਬੂਲ ਕੀਤੀ ਸੀ। ਆਪਣੇ ਕਬੂਲਨਾਮੇ ‘ਚ ਜਗਤਾਰਾ ਸਿੰਘ ਤਾਰਾ ਨੇ ਕਿਹਾ ਸੀ ਕਿ ਉਸਨੂੰ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ। ਅਦਾਲਤ ਵੱਲੋਂ ਕੇਸ ਦੇ ਅੱਠ ਦੋਸ਼ੀਆਂ ਬਾਰੇ ਫ਼ੈਸਲਾ ਪਹਿਲਾਂ ਹੀ ਸੁਣਾਇਆ ਜਾ ਚੁੱਕਿਆ ਹੈ ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਕੇਸ ‘ਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਉਹ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਹੈ। ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਚੁੱਕੀ ਹੈ ਅਤੇ ਉਹ ਤਿਹਾੜ ਜੇਲ੍ਹ ਵਿੱਚ ਕੈਦ ਹੈ। ਪਰਮਜੀਤ ਸਿੰਘ ਭਿਓਰਾ, ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਮਾਡਲ ਜੇਲ੍ਹ ਬੁੜੈਲ ‘ਚ ਸਜ਼ਾ ਕੱਟ ਰਹੇ ਹਨ। ਤਿੰਨ ਹੋਰ ਦੋਸ਼ੀਆਂ ਨਵਜੋਤ ਸਿੰਘ, ਨਸੀਬ ਸਿੰਘ ਅਤੇ ਸ਼ਮਸ਼ੇਰ ਸਿੰਘ ਦੀ ਰਿਹਾਈ ਹੋ ਚੁੱਕੀ ਹੈ। ਇਨ੍ਹਾਂ ਵਿਰੁੱਧ ਅਦਾਲਤ ਵੱਲੋਂ ਜੁਲਾਈ 2005 ਨੂੰ ਫ਼ੈਸਲਾ ਸੁਣਾਇਆ ਗਿਆ ਸੀ।
ਦੱਸਣਯੋਗ ਹੈ ਕਿ ਬੇਅੰਤ ਸਿੰਘ ਕਤਲ ਕੇਸ ਦੇ ਤਿੰਨ ਮੁਲਜ਼ਮ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਹਵਾਰਾ ਇੱਕ ਹੋਰ ਕੈਦੀ ਨਾਲ 21 ਅਤੇ 22 ਜਨਵਰੀ 2003 ਦੀ ਰਾਤ ਨੂੰ ਮਾਡਲ ਜੇਲ੍ਹ ‘ਚੋਂ ਫ਼ਰਾਰ ਹੋ ਗਏ ਸਨ। ਭਿਓਰਾ ਅਤੇ ਹਵਾਰਾ ਪੁਲੀਸ ਦੇ ਹੱਥ ਛੇਤੀ ਲੱਗ ਗਏ ਸਨ ਪਰ ਜਗਤਾਰ ਸਿੰਘ ਤਾਰਾ ਨੂੰ ਪੁਲੀਸ ਨੇ ਜਨਵਰੀ 2016 ‘ਚ ਥਾਈਲੈਂਡ ਤੋਂ ਫੜਿਆ ਸੀ। ਇਸ ਕਰਕੇ ਕੇਸ ‘ਚ ਜਗਤਾਰ ਸਿੰਘ ਤਾਰਾ ਦੀ ਸੁਣਵਾਈ ਵੱਖਰੇ ਤੌਰ ‘ਤੇ ਹੋ ਰਹੀ ਸੀ।