ਸੁਰੇਸ਼ ਅਰੋੜਾ ਦੇ ਬਾਅਦ ਪੰਜਾਬ ਪੁਲੀਸ ਦਾ ਨਵਾਂ ਮੁਖੀ ਬਣਨ ਲਈ ਸੀਨੀਅਰ ਅਧਿਕਾਰੀਆਂ ਵਲੋਂ ਕਮਰਕੱਸੇ

ਸੁਰੇਸ਼ ਅਰੋੜਾ ਦੇ ਬਾਅਦ ਪੰਜਾਬ ਪੁਲੀਸ ਦਾ ਨਵਾਂ ਮੁਖੀ ਬਣਨ ਲਈ ਸੀਨੀਅਰ ਅਧਿਕਾਰੀਆਂ ਵਲੋਂ ਕਮਰਕੱਸੇ

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਦਾ ਜਾਨਸ਼ੀਨ ਬਣਨ ਲਈ ਸੀਨੀਅਰ ਪੁਲੀਸ ਅਧਿਕਾਰੀਆਂ ਦਰਮਿਆਨ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਸਾਲ 2015 ਵਿੱਚ ਤਕਕਾਲੀ ਬਾਦਲ ਸਰਕਾਰ ਵੱਲੋਂ ਡੀਜੀਪੀ ਦੇ ਅਹੁਦੇ ‘ਤੇ ਨਿਯੁਕਤ ਕੀਤੇ 1982 ਬੈਚ ਦੇ ਪੁਲੀਸ ਅਧਿਕਾਰੀ ਸ੍ਰੀ ਅਰੋੜਾ ਦਾ ਸੇਵਾ ਕਾਲ ਇਸੇ ਵਰ੍ਹੇ ਸਤੰਬਰ ਮਹੀਨੇ ਖ਼ਤਮ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਕਾਡਰ ਨਾਲ ਸਬੰਧਤ 1985, 1986 ਅਤੇ 1987 ਬੈਚ ਤੇ ਆਈਪੀਐਸ ਅਧਿਕਾਰੀਆਂ ਵੱਲੋਂ ਜੋੜ ਤੋੜ ਦੀ ਰਣਨੀਤੀ ਅਪਣਾਈ ਜਾ ਰਹੀ ਹੈ ਹਾਲਾਂਕਿ 1984 ਬੈਚ ਦੇ ਪੁਲੀਸ ਅਧਿਕਾਰੀ ਸਾਮੰਤ ਗੋਇਲ ਦਾ ਨਾਮ ਵੀ ਇਸ ਅਹੁਦੇ ਲਈ ਚਰਚਾ ਵਿੱਚ ਹੈ ਪਰ ਲੰਮੇ ਸਮੇਂ ਤੋਂ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਚੱਲੇ ਆ ਰਹੇ ਸ੍ਰੀ ਗੋਇਲ ਦੇ ਭਵਿੱਖ ਵਿੱਚ ਕੇਂਦਰੀ ਖੁਫ਼ੀਆ ਏਜੰਸੀ (ਰਾਅ) ਦੇ ਮੁਖੀ ਦਾ ਅਹੁਦਾ ਮਿਲਣ ਦੀਆਂ ਸੰਭਾਵਨਾਵਾਂ ਕਾਰਨ ਉਨ੍ਹਾਂ ਦੀ ਪੰਜਾਬ ਪੁਲੀਸ ਵਿੱਚ ਵਾਪਸੀ ਦੇ ਆਸਾਰ ਬਹੁਤ ਹੀ ਮੱਧਮ ਜਾਪ ਰਹੇ ਹਨ। ਅਤਿ ਭਰੋਸੇਯੋਗ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਕਿਸੇ ਰਾਜ ਦਾ ਰਾਜਪਾਲ ਬਣਨ ਲਈ ਭਾਜਪਾ ਨਾਲ ਵੀ ਰਾਬਤਾ ਕਾਇਮ ਕੀਤਾ ਹੋਇਆ ਹੈ। ਇਨ੍ਹਾਂ ਅਫ਼ਵਾਹਾਂ ਨੂੰ ਇਸ ਕਰ ਕੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਸੂਬਾਈ ਪੁਲੀਸ ਮੁਖੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੂੜ੍ਹੇ ਸਬੰਧ ਮੰਨੇ ਜਾਂਦੇ ਹਨ।
ਪੰਜਾਬ ਵਿੱਚ ਇਸ ਸਮੇਂ ਡੀਜੀਪੀ ਰੈਂਕ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਗਿਣਤੀ 11 ਹੈ। ਇਨ੍ਹਾਂ ਵਿੱਚੋਂ ਸੁਮੇਧ ਸਿੰਘ ਸੈਣੀ ਨੇ ਤਾਂ ਆਗਾਮੀ ਜੂਨ ਮਹੀਨੇ ਹੀ ਸੇਵਾ ਮੁਕਤ ਹੋ ਜਾਣਾ ਹੈ ਤੇ ਉਸ ਤੋਂ ਬਾਅਦ ਸ੍ਰੀ ਅਰੋੜਾ ਸੇਵਾ ਮੁਕਤ ਹੋਣਗੇ। ਮੁਹੰਮਦ ਮੁਸਤਫ਼ਾ ਅਤੇ ਹਰਦੀਪ ਸਿੰਘ ਢਿੱਲੋਂ, ਜੋ 1985 ਬੈਚ ਦੇ ਆਈਪੀਐਸ ਅਧਿਕਾਰੀ ਹਨ, ਵਿੱਚੋਂ ਸ੍ਰੀ ਮੁਸਤਫ਼ਾ ਲਗਾਤਾਰ ਇਸ ਅਹੁਦੇ ਨੂੰ ਹਾਸਲ ਕਰਨ ਲਈ ਸਰਗਰਮੀ ਦਿਖਾ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਪਤਨੀ ਦੇ ਕੈਪਟਨ ਵਜ਼ਾਰਤ ਵਿੱਚ ਮੰਤਰੀ ਬਣਨ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਨੇੜਲੇ ਸਬੰਧ ਮੰਨੇ ਜਾਂਦੇ ਹਨ ਪਰ ਇਸ ਮਾਮਲੇ ‘ਚ ਅਜੇ ਤੱਕ ਉਨ੍ਹਾਂ ਦੀ ਦਾਲ ਨਹੀਂ ਗਲ਼ੀ।
ਸ੍ਰੀ ਅਰੋੜਾ ਦੇ ਜਾਨਸ਼ੀਨ ਵਜੋਂ ਜਿਨ੍ਹਾਂ ਅਧਿਕਾਰੀਆਂ ਦਾ ਨਾਮ ਜ਼ਿਆਦਾ ਚਰਚਾ ਵਿੱਚ ਹੈ, ਉਨ੍ਹਾਂ ਵਿੱਚ ਹਰਦੀਪ ਸਿੰਘ ਢਿੱਲੋਂ ਅਤੇ 1987 ਬੈਚ ਦੇ ਅਧਿਕਾਰੀ ਦਿਨਕਰ ਗੁਪਤਾ ਸ਼ਾਮਲ ਹਨ। ਸ੍ਰੀ ਢਿੱਲੋਂ ਜੇਕਰ ਡੀਜੀਪੀ ਬਣਦੇ ਹਨ ਤਾਂ ਉਹ ਮਹਿਜ਼ 6 ਮਹੀਨੇ ਦਾ ਸਮਾਂ ਹੀ ਸੇਵਾ ਨਿਭਾਅ ਸਕਣਗੇ ਕਿਉਂਕਿ ਇਸ ਅਧਿਕਾਰੀ ਦੀ ਸੇਵਾ ਮੁਕਤੀ ਮਾਰਚ 2019 ਵਿੱਚ ਹੀ ਹੋ ਜਾਣੀ ਹੈ। ਪੰਜਾਬ ਪੁਲੀਸ ਦੇ ਖ਼ੁਫੀਆ ਵਿੰਗ ਦੇ ਮੁਖੀ ਹੋਣ ਕਾਰਨ ਸ੍ਰੀ ਗੁਪਤਾ ਮੁੱਖ ਮੰਤਰੀ ਨਾਲ ਹੀ ਨੇੜਤਾ ਬਣਾਉਣ ‘ਚ ਕਾਮਯਾਬ ਨਹੀਂ ਹੋਏ ਸਗੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਇਸ ਅਧਿਕਾਰੀ ਨੂੰ ਗੂੜ੍ਹੀ ਨੇੜਤਾ ਰਾਸ ਆ ਰਹੀ ਹੈ।
ਇਸੇ ਤਰ੍ਹਾਂ ਸਿਧਾਰਥ ਚਟੋਪਾਧਿਆਏ ਜੋ 1986 ਬੈਚ ਦੇ ਅਧਿਕਾਰੀ ਹਨ ਵੱਲੋਂ ਵੀ ਜ਼ੋਰ ਅਜਮਾਈ ਤਾਂ ਕੀਤੀ ਜਾ ਰਹੀ ਹੈ ਪਰ ਇਹ ਅਧਿਕਾਰੀ ਹਾਲ ਦੀ ਘੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਦੂਰ ਕਰਨ ‘ਚ ਕਾਮਯਾਬ ਨਹੀਂ ਹੋ ਸਕੇ। ਇਨ੍ਹਾਂ ਤੋਂ ਇਲਾਵਾ ਡੀਜੀਪੀ ਰੈਂਕ ਦੇ ਜਿਹੜੇ ਹੋਰ ਅਧਿਕਾਰੀ ਪੰਜਾਬ ਪੁਲੀਸ ਵਿੱਚ ਸੇਵਾ ਨਿਭਾਅ ਰਹੇ ਹਨ ਉਨ੍ਹਾਂ ਵਿੱਚ ਜਸਮਿੰਦਰ ਸਿੰਘ, ਐਮ.ਕੇ. ਤਿਵਾੜੀ, ਸੀ.ਐਸ.ਆਰ. ਰੈੱਡੀ, ਵੀ.ਕੇ. ਭਾਵੜਾ ਸ਼ਾਮਲ ਹਨ। ਇਸੇ ਤਰ੍ਹਾਂ 1988 ਬੈਚ ਦੇ ਅਧਿਕਾਰੀਆਂ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਰੋਹਿਤ ਚੌਧਰੀ ਆਦਿ ਨੂੰ ਵੀ ਕੁੱਝ ਮਹੀਨਿਆਂ ਤੱਕ ਡੀਜੀਪੀ ਰੈਂਕ ਹਾਸਲ ਹੋ ਜਾਣਾ ਹੈ। ਪੰਜਾਬ ਪੁਲੀਸ ਦੇ 8 ਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਵਧੀਕ ਡੀਜੀਪੀ ਬਣਾਉਣ ਦਾ ਮਾਮਲਾ ਵਿਚਾਰ ਅਧੀਨ ਹੈ।

ਪੰਜਾਬ ਪੁਲੀਸ ਧੜੇਬੰਦੀ ਦਾ ਸ਼ਿਕਾਰ
ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਇਸ ਸਮੇਂ ਬੁਰੀ ਤਰ੍ਹਾਂ ਧੜੇਬੰਦੀ ਦਾ ਸ਼ਿਕਾਰ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁਲੀਸ ਦੀ ਧੜੇਬੰਦੀ ਪ੍ਰਤੀ ਚਿੰਤਾ ਤਾਂ ਪ੍ਰਗਟਾਈ ਹੈ ਪਰ ਖਹਿਬਾਜ਼ੀ ਨੂੰ ਖਤਮ ਕਰਨ ਲਈ ਕੋਈ ਕਦਮ ਨਹੀਂ ਚੁੱਕੇ। ਹਾਲਾਤ ਇੱਥੋਂ ਤੱਕ ਗੰਭੀਰ ਬਣੇ ਹੋਏ ਹਨ ਕਿ ਕੁੱਝ ਅਧਿਕਾਰੀ ਆਰ-ਪਾਰ ਦੀ ਲੜਾਈ ਲੜਨ ਦੇ ਰੌਂਅ ਵਿੱਚ ਹਨ। ਸਰਹੱਦੀ ਸੂਬਾ ਹੋਣ ਕਾਰਨ ਅਨੁਸ਼ਾਸਨਬੱਧ ਫੋਰਸ ਦੇ ਅਫ਼ਸਰਾਂ ਦਰਮਿਆਨ ਧੜਬੰਦੀ ਦੇ ਮਾਮਲਿਆਂ ਨੂੰ ਬੇਹੰਦ ਗੰਭੀਰ ਮੰਨਿਆ ਜਾ ਰਿਹਾ ਹੈ।