ਸ਼੍ਰੋਮਣੀ ਕਮੇਟੀ ਹੁਣ ‘ਰਿਸ਼ਤੇਦਾਰ ਮੁਲਾਜ਼ਮਾਂ’ ਦੀ ਕਰੇਗੀ ਛੁੱਟੀ

ਸ਼੍ਰੋਮਣੀ ਕਮੇਟੀ ਹੁਣ ‘ਰਿਸ਼ਤੇਦਾਰ ਮੁਲਾਜ਼ਮਾਂ’ ਦੀ ਕਰੇਗੀ ਛੁੱਟੀ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰਲੇ ਕਥਿਤ ਗੰਧਲੇਪਣ ਨੂੰ ਸਾਫ ਕਰਨ ਲਈ ਹਾਲ ਹੀ ਵਿੱਚ ਲਏ ਫੈਸਲੇ ਅਨੁਸਾਰ 523 ਮੁਲਾਜ਼ਮਾਂ ਦੀ ਛਾਂਟੀ ਤੋਂ ਬਾਅਦ ਹੁਣ ਇੱਕ ਹੋਰ ਸੂਚੀ ਆ ਰਹੀ ਹੈ ਜਿਸ ਵਿੱਚ ਇੱਕ ਤੋਂ ਵੱਧ ਖੂਨ ਦੇ ਰਿਸ਼ਤੇ ਵਾਲੇ ਭਰਤੀ ਹੋਏ ਸੈਂਕੜੇ ਮੁਲਾਜ਼ਮਾਂ ਦੇ ਨਾਂਅ ਵੀ ਸ਼ਾਮਲ ਹਨ।
ਕਮੇਟੀ ਦੇ ਬੀਤੇ ਕਾਰਜਕਾਲ ਦੌਰਾਨ ਨਿਯਮਾਂ ਨੂੰ ਅੱਖੋਂ ਓਹਲੇ ਕਰਕੇ ਭਰਤੀ ਕੀਤੇ ਗਏ 523 ਮੁਲਾਜ਼ਮਾਂ ਦੀ ਛਾਂਟੀ ਸਬੰਧੀ ਲਏ ਗਏ ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਬਾਅਦ ਹੁਣ ਅਗਲੀ ਸੂਚੀ ਤਿਆਰ ਹੈ, ਜਿਸ ਵਿੱਚ ਸੈਂਕੜੇ ਅਜਿਹੇ ਮੁਲਾਜ਼ਮ ਸ਼ਾਮਲ ਹਨ ਜਿਨ੍ਹਾਂ ਦਾ ਕੋਈ ਨਾ ਕੋਈ ਸਕਾ ਸਬੰਧੀ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵਿੱਚ ਤਾਇਨਾਤ ਹੈ। ਇਸ ਸੂਚੀ ਵਿੱਚ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੇ ਦਰਜਨਾਂ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ‘ਚ ਕੰਮ ਕਰਦੇ ਰਿਸ਼ਤੇਦਾਰ ਜਾਂ ਪਰਿਵਾਰਕ ਜੀਅ, ਹੈੱਡਗ੍ਰੰਥੀ ਸਾਹਿਬਾਨ, ਮੈਨੇਜਰਾਂ ਦੇ ਜਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਰਿਵਾਰਕ ਮੈਂਬਰ, ਥੋਕ ਵਿੱਚ ਕੀਤੀਆਂ ਗਈਆਂ ਤਰੱਕੀਆਂ ਵਾਲੇ ਸੈਂਕੜੇ ਮੁਲਾਜ਼ਮਾਂ ਦੇ ਨਾਂਅ ਸ਼ਾਮਲ ਹਨ। ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇੱਕ ਹੋਰ ਸੂਚੀ ਤਿਆਰ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਪਰ ਸੂਚੀ ਜਾਰੀ ਹੋਣ ਦੀ ਤਰੀਕ ਅਤੇ ਸ਼ਾਮਲ ਮੁਲਾਜ਼ਮਾਂ ਦੇ ਨਾਂ ਦੱਸਣ ਤੋਂ ਨਾਂਹ ਕਰ ਦਿੱਤੀ।
ਇਸ ਰਿਪੋਰਟ ਬਾਰੇ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਰਿਪੋਰਟ ਤਿਆਰ ਕਰਨ ਲਈ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਨਾਲ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕਰ ਦਿੱਤਾ ਸੀ ਅਤੇ ਰਿਪਰੋਟ ਆ ਗਈ ਹੈ।
ਜਦੋਂ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਬੰਧੀ ਕੋਈ ਵੀ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਅੰਤ੍ਰਿੰਗ ਕਮੇਟੀ ਕੋਲ ਹੈ। ਜਿਉਂ ਹੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੋਵੇਗੀ, ਉਸ ਤੋਂ ਬਾਅਦ ਨਵੀਂ ਸੂਚੀ ਉੱਤੇ ਅਮਲ ਸ਼ੁਰੂ ਹੋ ਜਾਵੇਗਾ। ਸ੍ਰੀ ਵਿਰਕ ਨੇ ਇਹ ਵੀ ਪੁਸ਼ਟੀ ਕੀਤੀ ਕਿ 523 ਮੁਲਾਜ਼ਮਾਂ ਦੀ ਛਾਂਟੀ ਜ਼ਰੂਰ ਕੀਤੀ ਜਾ ਰਹੀ ਹੈ ਪਰ ਅਸਾਮੀਆਂ ਖਤਮ ਨਹੀਂ ਕੀਤੀਆਂ ਜਾ ਰਹੀਆਂ। ਇਸ ਲਈ ਲੋੜ ਅਨੁਸਾਰ ਮੁੜ ਤੋਂ ਇਸ਼ਤਿਹਾਰ ਦੇ ਕੇ ਨਿਯਮਾਂ ਅਨੁਸਾਰ ਭਰਤੀ ਕੀਤੀ ਜਾਵੇਗੀ।