ਪਰਵਾਸੀ ਪੰਜਾਬੀ ਬਣੇ ‘ਅਣਚਾਹੀਆਂ ਧੀਆਂ’ ਦੇ ਮਾਪੇ

ਪਰਵਾਸੀ ਪੰਜਾਬੀ ਬਣੇ ‘ਅਣਚਾਹੀਆਂ ਧੀਆਂ’ ਦੇ ਮਾਪੇ

ਰਾਧਾ ਕ੍ਰਿਸ਼ਨ ਧਾਮ ਦੀ ਝਲਕ।
ਫ਼ਰੀਦਕੋਟ/ਬਿਊਰੋ ਨਿਊਜ਼
ਜ਼ਿਲ੍ਹਾ ਫ਼ਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੂੜੇ ਦੇ ਢੇਰਾਂ ‘ਚੋਂ ਮਿਲੀਆਂ ਤਿੰਨ ਲਾਵਾਰਿਸ ਬੱਚੀਆਂ ਵਿਦੇਸ਼ੀ ਨਾਗਰਿਕ ਬਣ ਗਈਆਂ ਹਨ। ਇਨ੍ਹਾਂ ਬੱਚੀਆਂ ਦੀ ਸੰਭਾਲ ਬੇਸਹਾਰਾ ਤੇ ਅਨਾਥ ਬੱਚਿਆਂ ਲਈ ਫ਼ਰੀਦਕੋਟ-ਵੀਰੇਵਾਲਾ ਰੋਡ ‘ਤੇ ਬਣੇ ਸ੍ਰੀ ਰਾਧਾ ਕ੍ਰਿਸ਼ਨ ਧਾਮ ਵਿੱਚ ਹੋ ਰਹੀ ਹੈ। ਇਨ੍ਹਾਂ ਬੱਚੀਆਂ ਨੂੰ ਪਰਵਾਸੀ ਪੰਜਾਬੀਆਂ ਨੇ ਭਾਰਤ ਸਰਕਾਰ ਦੀ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਰਾਹੀਂ ਗੋਦ ਲਿਆ ਹੈ ਅਤੇ ਜਲਦੀ ਹੀ ਇਹ ਬੱਚੀਆਂ ਵਿਦੇਸ਼ਾਂ ਦੇ ਨਾਮੀ ਸਕੂਲਾਂ ਵਿੱਚ ਪੜ੍ਹਾਈ ਲਈ ਦਾਖ਼ਲਾ ਲੈਣਗੀਆਂ।
ਜਾਣਕਾਰੀ ਮੁਤਾਬਕ ਪਿਛਲੇ ਸਮੇਂ ਦੌਰਾਨ ਰਾਧਾ ਕ੍ਰਿਸ਼ਨ ਧਾਮ ਵਿੱਚ  ਕੁੱਲ 67 ਲਾਵਾਰਿਸ ਤੇ ਅਨਾਥ ਬੱਚੇ ਸੰਭਾਲ ਲਈ ਆਏ ਸਨ, ਜਿਨ੍ਹਾਂ ਵਿੱਚੋਂ 56 ਲੜਕੀਆਂ ਹਨ। ਇਨ੍ਹਾਂ ਵਿੱਚੋਂ 42 ਲੜਕੀਆਂ ਨੂੰ ਲੋੜਵੰਦ ਪਰਿਵਾਰਾਂ ਨੇ ਗੋਦ ਲੈ ਲਿਆ ਹੈ। ਅਮਰੀਕਾ ਦੇ ਦੋ ਪਰਵਾਸੀ ਪੰਜਾਬੀਆਂ ਨੇ ਰਾਧਾ ਕ੍ਰਿਸ਼ਨ ਧਾਮ ਵਿੱਚੋਂ ਦੋ ਲੜਕੀਆਂ ਤੇ ਇਟਲੀ ਰਹਿੰਦੇ ਇੱਕ ਪਰਵਾਸੀ ਪੰਜਾਬੀ ਨੇ ਔਲਾਦ ਨਾ ਹੋਣ ਕਾਰਨ ਇੱਕ ਲਾਵਾਰਿਸ ਬੱਚੀ ਨੂੰ ਗੋਦ ਲਿਆ ਹੈ। ਭਾਰਤ ਸਰਕਾਰ ਨੇ ਇਨ੍ਹਾਂ ਬੱਚੀਆਂ ਨੂੰ ਪਾਸਪੋਰਟ ਜਾਰੀ ਕਰ ਦਿੱਤੇ ਹਨ। ਰਾਧਾ ਕ੍ਰਿਸ਼ਨ ਧਾਮ ਵਿੱਚ ਹੁਣ 12 ਲਾਵਾਰਿਸ ਬੱਚੇ ਹਨ, ਜਿਨ੍ਹਾਂ ਵਿੱਚ ਅੱਠ ਲੜਕੀਆਂ ਸ਼ਾਮਲ ਹਨ।  ਬੱਚਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਚੁੱਕ ਰਹੇ ਸੰਦੀਪ ਗਰਗ ਨੇ ਕਿਹਾ ਕਿ ਰਾਧਾ ਕ੍ਰਿਸ਼ਨ ਧਾਮ ਵਿੱਚ ਹੁਣ ਤੱਕ ਕੁੱਲ 67 ਬੱਚੇ ਆਏ ਸਨ, ਜਿਨ੍ਹਾਂ ਵਿੱਚੋਂ ਛੇ ਮਾਪਿਆਂ ਨਾਲ ਮਿਲਾ ਦਿੱਤੇ ਗਏ ਹਨ। ਇਹ ਬੱਚੇ ਰੇਲਗੱਡੀਆਂ ਵਿੱਚ ਗੁੰਮ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ ਧਾਮ ਨੂੰ 56 ਨਵਜੰਮੀਆਂ ਲੜਕੀਆਂ ਬੇਸਹਾਰਾ ਤੇ ਲਾਵਾਰਿਸ ਮਿਲੀਆਂ ਹਨ, ਜਿਨ੍ਹਾਂ ਨੂੰ ਜਨਮ ਦੇਣ ਵਾਲੇ ਮਾਪੇ ਭਾਵੇਂ ਨਹੀਂ ਸਾਂਭ ਸਕੇ ਪਰ ਸਮਾਜ ਇਨ੍ਹਾਂ ਬੱਚਿਆਂ ਨੂੰ ਅਪਣਾਉਣ ਲਈ ਖੁੱਲ੍ਹਦਿਲੀ ਨਾਲ ਸਾਹਮਣੇ ਆਇਆ ਹੈ।
ਭਾਰਤ ਸਰਕਾਰ ਨੇ ਲਾਵਾਰਿਸ ਤੇ ਬੇਸਹਾਰਾ ਬੱਚਿਆਂ ਨੂੰ ਗੋਦ ਲੈਣ ਸਬੰਧੀ ਕੌਮੀ ਪੱਧਰ ‘ਤੇ ਇੱਕ ਵੈੱਬਸਾਈਟ ਬਣਾਈ ਹੈ ਅਤੇ ਪਰਵਾਸੀਆਂ ਨੇ ਇਸੇ ਵੈੱਬਸਾਈਟ ਰਾਹੀਂ ਲਾਵਾਰਿਸ ਬੱਚੀਆਂ ਨੂੰ ਗੋਦ ਲਿਆ ਹੈ।  ਭਾਰਤ ਸਰਕਾਰ ਨੇ ਪੰਜਾਬ ਵਿੱਚ ਨੌਂ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਹੈ, ਜੋ ਲਾਵਾਰਿਸ ਤੇ ਬੇਸਹਾਰਾ ਬੱਚਿਆਂ ਦੀ ਸੰਭਾਲ ਕਰ ਰਹੀਆਂ ਹਨ।
ਲਾਵਾਰਿਸ ਬੱਚਿਆਂ ਦੀ ਜ਼ਿੰੰਦਗੀ ਸੰਵਾਰਨ ਲਈ ਧਾਮ ਦੇ ਉਪਰਾਲੇ ਸ਼ਲਾਘਾਯੋਗ: ਡੀਸੀ
ਡੀਸੀ ਰਾਜੀਵ ਪਰਾਸ਼ਰ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਸਰਕਾਰ ਨੇ ਜੂਨ 2010 ਵਿੱਚ ਰਾਧਾ ਕ੍ਰਿਸ਼ਨ ਧਾਮ ਨੂੰ ਮਾਨਤਾ ਦਿੱਤੀ ਸੀ, ਜਿਸਨੇ ਬੇਸਹਾਰਾ ਤੇ ਲਾਵਾਰਿਸ ਬੱਚਿਆਂ ਨੂੰ ਸਨਮਾਨਯੋਗ ਜ਼ਿੰਦਗੀ ਦੇਣ ਲਈ ਵੱਡੇ ਉਪਰਾਲੇ ਕੀਤੇ ਹਨ।