ਗੁੰਡਾ ਟੈਕਸ ਸਬੰਧੀ ਅਕਾਲੀ ਆਗੂ ਖ਼ਿਲਾਫ਼ ਕਾਰਵਾਈ

ਗੁੰਡਾ ਟੈਕਸ ਸਬੰਧੀ ਅਕਾਲੀ ਆਗੂ ਖ਼ਿਲਾਫ਼ ਕਾਰਵਾਈ

ਬਠਿੰਡਾ ਰਿਫ਼ਾਈਨਰੀ ਲਾਗਲੀ ਪੁਲੀਸ ਚੌਕੀ।
ਬਠਿੰਡਾ/ਬਿਊਰੋ ਨਿਊਜ਼:
ਬਠਿੰਡਾ ਪੁਲੀਸ ਨੇ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਦੇ ਰੌਲ਼ੇ ਦੌਰਾਨ ਮਹਿਲਾ ਅਕਾਲੀ ਸਰਪੰਚ ਦੇ ਪੁੱਤਰ ਤੇ ਅਕਾਲੀ ਆਗੂ ਰਮਨਦੀਪ ਸਿੱਧੂ ਉਰਫ਼ ਹੈਪੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਿਫ਼ਾਈਨਰੀ ‘ਚ ਪੈਟਰੋ ਕੈਮੀਕਲ ਪ੍ਰੋਜੈਕਟ ਦੀ ਉਸਾਰੀ ‘ਚ ਲੱਗੇ ਉਸਾਰੀ ਠੇਕੇਦਾਰਾਂ ਨੇ ‘ਗੁੰਡਾ ਟੈਕਸ’ ਕਰ ਕੇ  ਪ੍ਰੋਜੈਕਟ ਅੰਦਰ 25 ਜਨਵਰੀ ਤੋਂ  ਰੇਤਾ ਬਜਰੀ ਬੰਦ ਹੋਣ ਦੀ ਗੱਲ ਰੱਖੀ ਸੀ। ਮੁੱਢਲੇ ਪੜਾਅ ‘ਤੇ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ।
ਫਰਵਰੀ ਮਹੀਨੇ ਦੇ 25 ਦਿਨਾਂ ਦੌਰਾਨ ਪੁਲੀਸ ਉੱਪਰੋਂ ਹੁਕਮ ਉਡੀਕਦੀ ਰਹੀ। ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਇਸ ਪੁਲੀਸ ਕੇਸ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਦੱਸਿਆ ਹੈ।   ਥਾਣਾ ਰਾਮਾਂ ਦੀ ਪੁਲੀਸ ਨੇ 25 ਫਰਵਰੀ ਦੀ ਰਾਤ ਨੂੰ ਪੌਣੇ ਨੌਂ ਵਜੇ ਪਿੰਡ ਬੰਗੀ ਕਲਾਂ ਦੇ ਅਕਾਲੀ ਆਗੂ ਰਮਨਦੀਪ ਸਿੱਧੂ ਖ਼ਿਲਾਫ਼     ਧਾਰਾ 451, 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਹਾਈ ਕੋਰਟ ਦੇ ਮੁੱਖ ਜਸਟਿਸ ਨੂੰ ਪੱਤਰ ਭੇਜ ਕੇ ਗੁੰਡਾ ਟੈਕਸ ਦਾ ਬਿਆਨ ਕੀਤਾ ਸੀ। ਸੂਤਰ ਦੱਸਦੇ ਹਨ ਕਿ 25 ਫਰਵਰੀ ਨੂੰ ਪੁਲੀਸ ਅਫ਼ਸਰ ਸਾਰਾ ਦਿਨ ਠੇਕੇਦਾਰ ਨੂੰ ਪਲੋਸਦੇ ਰਹੇ ਪ੍ਰੰਤੂ ਉਸ ਨੇ ਸਪਸ਼ਟ ਆਖ ਦਿੱਤਾ ਕਿ ਅਫ਼ਸਰਾਂ ਦੇ ਹੱਥ ਬੰਨ੍ਹੇ ਹੋਏ ਹਨ ਜਿਸ ਕਰ ਕੇ ਉਸ ਨੂੰ ਮੁੱਖ ਜਸਟਿਸ ਨੂੰ ਪੱਤਰ ਭੇਜਣਾ ਪਿਆ ਹੈ। ਠੇਕੇਦਾਰ ਤੋਂ ਸਥਾਨਕ ਪੁਲੀਸ ਨੇ ਕੱਲ੍ਹ ਦਰਖਾਸਤ ਲੈ ਲਈ ਸੀ।  ਅਸ਼ੋਕ ਬਾਂਸਲ ਨੇ ਪੱਤਰ ਵਿਚ ਰਮਨਦੀਪ ਸਿੱਧੂ ਤੇ ਉਸ ਦੇ ਭਰਾ ਖ਼ਿਲਾਫ਼ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਵੱਲੋਂ 22 ਫਰਵਰੀ ਨੂੰ ਉਸ ਦੇ ਰਿਫ਼ਾਈਨਰੀ ਲਾਗਲੇ ਦਫ਼ਤਰ ਵਿਚ ਆ ਕੇ ਧਮਕਾਇਆ। ਠੇਕੇਦਾਰ ਨੇ ਇੱਕ ਆਡੀਓ ਕਲਿੱਪ ਵੀ ਭੇਜੀ ਹੈ ਜਿਸ ਵਿਚ ਧਮਕੀਆਂ ਦਿੱਤੇ ਜਾਣ ਦਾ ਪੂਰਾ ਬਿਰਤਾਂਤ ਹੈ। ਮੁੱਖ ਮੰਤਰੀ ਦਫ਼ਤਰ ਨੇ ਇਹ ਸ਼ਿਕਾਇਤ ਪ੍ਰਾਪਤ ਹੋਣ ਮਗਰੋਂ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ‘ਤੇ ਫ਼ੌਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।
ਵਿਰੋਧੀ ਧਿਰਾਂ ਨੇ ਵੀ ‘ਵਾਇਆ ਆਧਨੀਆਂ’ ਰਣਇੰਦਰ ‘ਤੇ ਵੀ ਉਂਗਲ ਉਠਾਈ ਹੈ। ਠੇਕੇਦਾਰ ਨੇ ਤਾਂ ਪੱਤਰ ਵਿੱਚ ਇੱਕ ਵਿਧਾਇਕ ਦਾ ਨਾਮ ਵੀ ਲਿਖਿਆ ਸੀ। ਥਾਣਾ ਰਾਮਾਂ ਦੇ ਮੁੱਖ  ਥਾਣਾ ਅਫ਼ਸਰ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਪੱਤਰ ਤੇ ਸਬੂਤਾਂ ਅਨੁਸਾਰ ਸਿਰਫ਼ ਰਮਨਦੀਪ ਸਿੱਧੂ ਨੇ ਸਾਈਟ ਦਫ਼ਤਰ ਵਿਚ ਜਾ ਕੇ ਠੇਕੇਦਾਰ ਨੂੰ ਧਮਕੀ ਦਿੱਤੀ ਸੀ ਜਿਸ ਦਾ ਪਰਚਾ ਦਰਜ ਕੀਤਾ ਗਿਆ ਹੈ। ਫਿਰੌਤੀ ਦੀ ਮੰਗ ਕਿਤੇ ਕੀਤੀ ਨਹੀਂ ਗਈ ਹੈ। ਤਲਵੰਡੀ ਸਾਬੋ ਦੇ ਡੀ.ਐਸ.ਪੀ. ਬਰਿੰਦਰ ਸਿੰਘ ਦਾ ਕਹਿਣਾ ਸੀ ਕਿ ਤਫ਼ਤੀਸ਼ ਵਿਚ ਹੋਰ ਸਬੂਤ ਸਾਹਮਣੇ ਆਏ ਤਾਂ ਉਸ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।  ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਦਾ ਕਹਿਣਾ ਸੀ ਕਿ ‘ਗੁੰਡਾ ਟੈਕਸ’ ਵਸੂਲੀ ਦੀ ਧਾਰਾ ਕੇਸ ਵਿਚ ਸ਼ਾਮਲ ਨਹੀਂ ਹੈ ਅਤੇ ਪੁਲੀਸ ਨੇ ਸਿਰਫ਼ ਖਾਨਾਪੂਰਤੀ ਕੀਤੀ ਹੈ। ਸੂਤਰ ਆਖਦੇ ਹਨ ਕਿ ਕੈਪਟਨ ਸਰਕਾਰ ਨੇ ਅਕਾਲੀ ਆਗੂ ‘ਤੇ ਕੇਸ ਦਰਜ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ। ਇੱਕ ਤਾਂ ਗੁੰਡਾ ਟੈਕਸ ਖ਼ਿਲਾਫ਼ ਪੈ ਰਹੇ ਰੌਲ਼ੇ ਨੂੰ ਸ਼ਾਂਤ ਕਰਨ ਦਾ ਸੁਨੇਹਾ ਦਿੱਤਾ ਹੈ ਤੇ ਦੂਜਾ ਗੁੰਡਾ ਟੈਕਸ ਵਿੱਚ ਅਕਾਲੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਦੌਰਾਨ, ਬਠਿੰਡਾ ਦੇ ਇੱਕ ਟਰਾਂਸਪੋਰਟਰ ਗੌਰਵ ਗਰਗ ਨੇ ਰਿਫ਼ਾਈਨਰੀ ਦੇ ਕਾਰੋਬਾਰ ‘ਚੋਂ ਪਿਛਾਂਹ ਪੈਰ ਖਿੱਚ ਲਏ ਹਨ। ਸ੍ਰੀ ਗਰਗ ਨੇ 8 ਫਰਵਰੀ ਨੂੰ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਤੋਂ ਗੁੰਡਾ ਟੈਕਸ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਸ ਦੀਆਂ ਗੱਡੀਆਂ ਦੇ ਕਾਗ਼ਜ਼ਾਤ ਖੋਹ ਲਏ ਗਏ ਹਨ। ਗੌਰਵ ਗਰਗ ਨੇ ਅੱਜ ਨਿਰਾਸ਼ ਹੋ ਕੇ ਆਖਿਆ ”ਕੁੱਤੀ ਚੋਰਾਂ ਨਾਲ ਰਲ਼ੀ ਹੋਈ ਹੈ, ਇਨਸਾਫ਼ ਕਿਥੋਂ ਲੱਭੀਏ।”

ਖਹਿਰਾ ਨੇ ਗੁੰਡਾ ਟੈਕਸ ਮਾਮਲੇ ਦੀ ਜਾਂਚ 
ਸੀਬੀਆਈ ਤੋਂ ਕਰਵਾਉਣ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ  ਖਹਿਰਾ ਨੇ ਮੰਗ ਕੀਤੀ ਹੈ ਕਿ ਗੁੰਡਾ ਟੈਕਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਟਿੱਕੂ ਦਾ ਨਾਮ ਆਉਣ ਕਰਕੇ ਇਸ ਦੀ ਜਾਂਚ ਸੀਬੀਆਈ ਜਾਂ ਹਾਈ ਕੋਰਟ ਦੇ ਕਿਸੇ  ਜੱਜ ਰਾਹੀਂ ਕਰਵਾਉਣੀ ਚਾਹੀਦੀ ਹੈ।
ਸ੍ਰੀ ਖਹਿਰਾ ਨੇ ਵਿਧਾਇਕ ਕੰਵਰ ਸੰਧੂ ਸਮੇਤ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ਤੇਲ ਰਿਫਾਈਨਰੀ ਦੇ ਦੂਸਰੇ ਪੜਾਅ ਦੇ ਨਿਰਮਾਣ ਦੌਰਾਨ ਗੁੰਡਾ ਟੈਕਸ ਵਸੂਲੇ ਜਾਣ ਸਬੰਧੀ ਦੋ ਵੱਡੀਆਂ ਕੰਪਨੀਆਂ ਵੱਲੋਂ ਲਗਾਏ ਦੋਸ਼ਾਂ ਦੀ ਸੀ.ਬੀ.ਆਈ. ਜਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਉਣੀ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਮੈਸਰਜ਼ ਸੈਮ (ਇੰਡੀਆ) ਅਤੇ ਆਰ.ਐਮ.ਸੀ. ਪਲਾਂਟ ਦੇ ਮਾਲਕ ਅਸ਼ੋਕ ਬਾਂਸਲ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਚੀਫ ਜਸਟਿਸ ਨੂੰ ਭੇਜੀਆਂ ਸ਼ਿਕਾਇਤਾਂ ਅਨੁਸਾਰ ਗੁੰਡਾ ਟੈਕਸ ਵਸੂਲ ਰਹੇ ਮਾਫੀਆ, ਕਾਂਗਰਸ ਅਤੇ ਅਕਾਲੀ ਦਲ ਨਾਲ ਸਬੰਧਿਤ ਆਗੂਆਂ ਵਿਚਾਲੇ ਡੂੰਘੀ ਗੰਢ-ਤੁੱਪ ਹੈ।
ਇਸ ਮੌਕੇ ਸ੍ਰੀ ਖਹਿਰਾ ਨੇ ਕਈ ਸਿਆਸੀ ਆਗੂਆਂ ‘ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪੁਖ਼ਤਾ ਰਿਪੋਰਟ ਹੈ ਕਿ ਰਣਇੰਦਰ ਸਿੰਘ ਟਿੱਕੂ ਨੇ ਨਿਰਮਾਣ ਸਮੱਗਰੀ ਮੁਹੱਈਆ ਕਰਵਾਉਣ ਦਾ ਕੰਮ ਆਪਣੇ ਇੱਕ ਨਜ਼ਦੀਕੀ ਨੂੰ ਦੇ ਕੇ ਕੰਪਨੀ ਦੇ ਅਧਿਕਾਰੀਆਂ ‘ਤੇ ਦਬਾਅ ਬਣਾਇਆ ਸੀ। ਉਨ੍ਹਾਂ ਕਿਹਾ ਕਿ ਆਰ.ਐਮ.ਸੀ. ਪਲਾਂਟ ਦੇ ਮਾਲਕ ਅਸ਼ੋਕ ਬਾਂਸਲ ਨੇ ਗੁੰਡਾ ਟੈਕਸ ਵਸੂਲਣ ਵਾਲਿਆਂ ਦੀਆਂ ਫੋਨ ਕਾਲਾਂ ਵੀ ਰਿਕਾਰਡ ਕੀਤੀਆਂ ਸਨ, ਜਿਨ੍ਹਾਂ ਵਿੱਚ ਉਹ ਉਨ੍ਹਾਂ ਨੂੰ ਡਰਾ-ਧਮਕਾ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਗੁੰਡਾ ਟੈਕਸ ਵਸੂਲਣ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦਫਤਰ ਵੱਲੋਂ ਹਮਾਇਤ ਪ੍ਰਾਪਤ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਜੇਕਰ ਸੀਬੀਆਈ ਉਕਤ ਗੁੰਡਾ ਟੈਕਸ ਮਾਫੀਆ, ਸਕੈਂਡਲ ਵਿੱਚ ਨਾਮ ਆਉਣ ਵਾਲੇ ਸਿਆਸਤਦਾਨਾਂ ਅਤੇ ਕੰਪਨੀਆਂ ਦੇ ਮਾਲਕਾਂ ਕੋਲੋਂ ਜਾਂਚ ਕਰੇ ਤਾਂ ਰਣਇੰਦਰ ਸਿੰਘ ਟਿੱਕੂ ਅਤੇ ਉਸ ਦੇ ਨਜ਼ਦੀਕੀਆਂ ਦੀ ਸ਼ਮੂਲੀਅਤ ਸਾਹਮਣੇ ਆ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦੀ ਸ਼ਹਿ-ਪ੍ਰਾਪਤ ਅਜਿਹੇ ਮਾਫੀਆ ਦੇ ਕਾਲੇ ਕੰਮਾਂ ਦਾ ਹੀ ਨਤੀਜਾ ਹੈ ਕਿ ਪੰਜਾਬ ਵਿੱਚ ਨਿਵੇਸ਼ ਘੱਟ ਹੋ ਰਿਹਾ ਹੈ, ਜਿਸ ਕਾਰਨ ਵਪਾਰ ਲਈ ਸੁਰੱਖਿਅਤ ਸਥਾਨ ਵਜੋਂ ਇਸ ਦਾ ਗ੍ਰਾਫ ਲਗਾਤਾਰ ਹੇਠਾਂ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹੁਣ ਜਦੋਂ ਸ਼ੱਕ ਦੀ ਸੂਈ ਸਿੱਧੇ ਤੌਰ ‘ਤੇ ਮੁੱਖ ਮੰਤਰੀ ਦੇ ਪੁੱਤਰ ਵੱਲ ਹੈ ਤਾਂ ਕੈਪਟਨ ਨੂੰ ਸੱਚ ਸਾਹਮਣੇ ਲਿਆਉਣ ਲਈ ਸੀਬੀਆਈ ਜਾਂ ਹਾਈ ਕੋਰਟ ਦੇ ਜੱਜ ਕੋਲੋਂ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ।