ਪਾਕਿਤਾਨ ਤੋਂ ਹਰਿਦੁਆਰ ‘ਚ ਅਸਥੀਆਂ ਜਲ ਪ੍ਰਵਾਹ ਕਰਨ ਆਏ ਹਿੰਦੂਆਂ ਯਾਤਰੀਆਂ ਦੇ ਵੀਜ਼ੇ ਵਧਾਏ

ਪਾਕਿਤਾਨ ਤੋਂ ਹਰਿਦੁਆਰ ‘ਚ ਅਸਥੀਆਂ ਜਲ ਪ੍ਰਵਾਹ ਕਰਨ ਆਏ ਹਿੰਦੂਆਂ ਯਾਤਰੀਆਂ ਦੇ ਵੀਜ਼ੇ ਵਧਾਏ
ਪਾਕਿਸਤਾਨ ਤੋਂ ਆਏ ਹਿੰਦੂ ਸ਼ਰਧਾਲੂ ਭਾਰਤ ਵਿੱਚ ਕੁਝ ਦਿਨ ਹੋਰ ਰੁਕਣ ਦੀ ਇਜਾਜ਼ਤ ਮਿਲਣ ਮਗਰੋਂ ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ‘ਚ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ।

ਅੰਮ੍ਰਿਤਸਰ/ਬਿਊਰੋ ਨਿਊਜ਼:
ਪਾਕਿਸਤਾਨ ਤੋਂ ਆਏ 142 ਹਿੰਦੂ ਤੀਰਥ ਯਾਤਰੀਆਂ ਦੇ ਵੀਜ਼ੇ ਦੀ ਮਿਆਦ ਵਿੱਚ ਕੇਂਦਰ ਸਰਕਾਰ ਵੱਲੋਂ 15 ਦਿਨਾਂ ਦਾ ਹੋਰ ਵਾਧਾ ਕਰਨ ਦੇ ਨਾਲ ਉਨ੍ਹਾਂ ਨੂੰ ਦਿੱਲੀ ਅਤੇ ਹਰਿਦੁਆਰ ਜਾਣ ਦੀ ਆਗਿਆ ਮਿਲ ਗਈ ਹੈ। ਹੁਣ ਹਿੰਦੂ ਪਰਿਵਾਰ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਹਰਿਦੁਆਰ ‘ਚ ਗੰਗਾ ਵਿੱਚ ਜਲ ਪ੍ਰਵਾਹ ਕਰ ਸਕਣਗੇ।  ਪਾਕਿਸਤਾਨ ਤੋਂ ਆਏ ਇਨ੍ਹਾਂ ਹਿੰਦੂ ਯਾਤਰੀਆਂ ਨੂੰ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿਚਲੇ ਤੀਰਥ ਅਸਥਾਨ ਦੇਖਣ ਲਈ ਚਾਰ ਦਿਨਾਂ ਦਾ ਵੀਜ਼ਾ ਦਿੱਤਾ ਗਿਆ ਸੀ। ਉਨ੍ਹਾਂ ਦੇ ਵੀਜ਼ੇ ਦੀ ਮਿਆਦ ਸ਼ੁਕਰਵਾਰ ਨੂੰ ਖ਼ਤਮ ਹੋ ਗਈ ਸੀ।  ਸਥਾਨਕ ਭਾਜਪਾ ਆਗੂਆਂ ਨੇ ਵੀਰਵਾਰ ਨੂੰ ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਕੋਲ ਵੀਜ਼ੇ ਦੀ ਮਿਆਦ ਵਧਾਉਣ ਦਾ ਮਾਮਲਾ ਉਠਾਇਆ ਸੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਮਿਲ ਕੇ ਇਹ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਹਿੰਦੂ ਤੀਰਥ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਵਿੱਚ 15 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਦਿੱਲੀ ਤੇ ਹਰਿਦੁਆਰ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਵਿਦੇਸ਼ ਮੰਤਰੀ ਨੇ ਇਹ ਪ੍ਰਵਾਨਗੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਹੈ। ਹਿੰਦੂ ਤੀਰਥ ਯਾਤਰੀਆਂ ਦੇ ਜਥੇ ਦੀ ਅਗਵਾਈ ਕਰ ਰਹੇ ਮੁਕੇਸ਼ ਰਾਣਾ ਨੇ ਵੀਜ਼ੇ ਦੀ ਮਿਆਦ ‘ਚ ਵਾਧੇ ਦੀ ਪ੍ਰਵਾਨਗੀ ਲਈ ਧੰਨਵਾਦ ਕਰਦਿਆਂ ਆਖਿਆ ਕਿ ਜਥੇ ਵਿੱਚ 8-10 ਵਿਅਕਤੀ ਅਜਿਹੇ ਹਨ, ਜੋ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਲੈ ਕੇ ਆਏ ਸਨ। ਉਨ੍ਹਾਂ ਪਾਕਿਸਤਾਨ ਵਿੱਚ ਹਿੰਦੂਆਂ ਨਾਲ ਮਾੜੇ ਵਤੀਰੇ ਦੇ ਦੋਸ਼ਾਂ ਨੂੰ ਰੱਦ ਕੀਤਾ। ਉਧਰ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਹੋਰ ਆਗੂ ਹਿੰਦੂ ਤੀਰਥ ਯਾਤਰੀਆਂ ਕੋਲ ਪੁੱਜੇ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਵੀਜ਼ੇ ਦੀ ਮਿਆਦ ਵਿੱਚ ਕੀਤੇ ਵਾਧੇ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਹਿੰਦੂ ਔਰਤਾਂ ਨੇ ਭੰਗੜਾ ਕਰਕੇ ਖੁਸ਼ੀ ਵੀ ਜਤਾਈ।