ਆਮਦਨ ਟੈਕਸ ਵਿਭਾਗ ਨੇ ਸਾਬਕਾ ਮੰਤਰੀ ਗੁਰਜੀਤ ਰਾਣਾ ਵਿਰੁਧ ਸਿਕੰਜਾ ਕਸਿਆ

ਆਮਦਨ ਟੈਕਸ ਵਿਭਾਗ ਨੇ ਸਾਬਕਾ ਮੰਤਰੀ ਗੁਰਜੀਤ ਰਾਣਾ ਵਿਰੁਧ ਸਿਕੰਜਾ ਕਸਿਆ
ਰਾਣਾ ਗਰੁੱਪ ਆਫ ਕੰਪਨੀਜ਼ ਦੇ ਦਫ਼ਤਰ ਬਾਹਰ ਤਾਇਨਾਤ ਪੁਲੀਸ ਮੁਲਾਜ਼ਮ।

ਚੰਡੀਗੜ੍ਹ/ਬਿਊਰੋ ਨਿਊਜ਼:
ਆਮਦਨ ਟੈਕਸ ਵਿਭਾਗ ਦੀਆਂ ਟੀਮਾਂ ਨੇ ਵਿਵਾਦਾਂ ‘ਚ ਘਿਰੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੀਆਂ ਕੰਪਨੀਆਂ, ਉਨ੍ਹਾਂ ਦੇ ਚਾਰਟਰਡ ਅਕਾਊਟੈਂਟ  ਅਤੇ ਭਾਈਵਾਲ ਕੈਪਟਨ ਜੇ.ਐਸ.ਰੰਧਾਵਾ ਦੀਆਂ ਕੰਪਨੀਆਂ ‘ਤੇ ਸ਼ੁਕਰਵਾਰ ਸਵੇਰੇ ਛਾਪੇ ਮਾਰੇ ਤੇ ਜਾਂਚ ਪੜਤਾਲ ਕੀਤੀ ਜੋ ਰਾਤ ਤਕ ਜਾਰੀ ਰਹੀ। ਟੀਮਾਂ ਨੇ ਸਵੇਰੇ ਤਕਰੀਬਨ ਸਾਢੇ ਨੌਂ ਵਜੇ ਰਾਣਾ ਗਰੁੱਪ ਦੀਆਂ ਕੰਪਨੀਆਂ ਦੇ ਸੈਕਟਰ ਅੱਠ ਵਿਚਲੇ  ਦਫ਼ਤਰਾਂ ‘ਤੇ ਛਾਪੇ ਮਾਰੇ। ਇਨ੍ਹਾਂ ਕੰਪਨੀਆਂ ਵਿੱਚ ਰਾਣਾ ਸ਼ੂਗਰ, ਰਾਣਾ ਪੋਲੀਕੋਟ, ਰਾਣਾ ਡਿਸਟਿਲਰੀਜ਼ ਅਤੇ ਰਾਣਾ ਇਨਫਾਰਮੈਟਿਕਸ ਸ਼ਾਮਲ ਹਨ। ਇਨ੍ਹਾਂ ਟੀਮਾਂ ਦੀ ਅਗਵਾਈ ਆਈਟੀ ਵਿਭਾਗ ਦੇ ਵਧੀਕ ਕਮਿਸ਼ਨਰ ਇਨਵੈਸਟੀਗੇਸ਼ਨ ਮਹੇਸ਼ ਸਰੀਨ ਨੇ ਕੀਤੀ। ਟੀਮਾਂ ਨੇ ਛਾਪੇ ਮਾਰਨ ਤੋਂ ਬਾਅਦ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਦਫ਼ਤਰਾਂ ਦੇ ਅੰਦਰ ਨਹੀਂ ਜਾਣ ਦਿੱਤਾ। ਇਸ ਮੌਕੇ ਚੰਡੀਗੜ੍ਹ ਪੁਲੀਸ ਵੀ ਮੌਜੂਦ ਸੀ। ਛਾਪਿਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਦਾ ਪੁੱਤਰ ਤੇ ਕੰਪਨੀਆਂ ਦਾ ਐਮ.ਡੀ. ਰਾਣਾ ਇੰਦਰ ਪ੍ਰਤਾਪ ਸਿੰਘ ਵੀ ਮੌਕੇ ‘ਤੇ ਪਹੁੰਚ ਗਿਆ। ਪਤਾ ਲੱਗਾ ਹੈ ਕਿ ਟੀਮ ਨੇ ਸਾਬਕਾ ਮੰਤਰੀ ਦੇ ਸੈਕਟਰ ਚਾਰ ਵਿਚਲੇ ਘਰ ਦੀ ਵੀ ਤਲਾਸ਼ੀ ਲੈਣ ਦੇ ਨਾਲ ਨਾਲ ਉਨ੍ਹਾਂ ਦੇ ਚਰਟਰਡ ਅਕਾਊਂਟੈਂਟ ਤ੍ਰਿਲੋਕੀ ਨਾਥ ਸਿੰਘਲ ਦੇ ਘਰ ਅਤੇ ਭਾਈਵਾਲ ਕੈਪਟਨ ਜੇ.ਐਸ.ਰੰਧਾਵਾ ਦੀਆਂ ਕੰਪਨੀਆਂ ਦੇ ਸੈਕਟਰ 8 ਵਿਚ ਸਥਿਤ ਦਫ਼ਤਰਾਂ ਦੀ ਤਲਾਸ਼ੀ ਲਈ।
ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਤੋਂ ਇਲਾਵਾ ਰਾਣਾ ਦੇ ਅੰਮ੍ਰਿਤਸਰ ਅਤੇ ਕਪੂਰਥਲਾ ਵਿਚਲੀਆਂ ਕਾਰੋਬਾਰੀ ਥਾਵਾਂ ‘ਤੇ ਵੀ ਛਾਪੇ ਮਾਰੇ ਗਏ। ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਰਾਣਾ ਦੇ ਖ਼ਿਲਾਫ਼ ਆਈ ਟੀ ਕੋਲ ਸ਼ਿਕਾਇਤ ਕੀਤੀ ਸੀ ਪਰ ਇਹ ਛਾਪੇ ਕਿਸ ਦੀ ਸ਼ਿਕਾਇਤ ਜਾਂ ਕਾਰਨ ਮਾਰੇ ਗਏ ਹਨ ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।