ਸ੍ਰੀ ਗੁਰੂ ਸਿੰਘ ਸਭਾ ਨੇ ਵੀ ਕੀਤੀ ਚਰਨਜੀਤ ਸਿੰਘ ਚੱਢਾ ਦੀ ਛੁੱਟੀ

ਸ੍ਰੀ ਗੁਰੂ ਸਿੰਘ ਸਭਾ ਨੇ ਵੀ ਕੀਤੀ ਚਰਨਜੀਤ ਸਿੰਘ ਚੱਢਾ ਦੀ ਛੁੱਟੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਲਗਭਗ ਇੱਕ ਸਦੀ ਪੁਰਾਣੀ ਧਾਰਮਿਕ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਵੀ ਚੀਫ ਖਾਲਸਾ ਦੀਵਾਨ ਦੇ ਅਹੁਦਿਓਂ ਲਾਹੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਸੰਸਥਾ ਵਿਚ ਮੁਢਲੀ ਮੈਂਬਰਸ਼ਿਪ ਸਰਵ ਸੰਮਤੀ ਨਾਲ ਖਾਰਜ ਕਰ ਦਿੱਤੀ ਗਈ ਹੈ।  ਇਹ ਕਾਰਵਾਈ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚਰਨਜੀਤ ਸਿੰਘ ਚੱਢਾ ਵਿਰੁਧ ਉਨ੍ਹਾਂ ਨੂੰ ਖਾਲਸਾ ਕਾਲਜ ਗਵਰਨਿੰਗ ਕੌਂਸਲ ਸਮੇਤ ਵੱਖ ਵੱਖ ਸੰਸਥਾਵਾਂ ਵੱਲੋਂ ਅਹੁਦਿਆਂ ਤੋਂ ਲਾਹੇ ਜਾਣ ਦੇ ਸਿਲਸਿਲੇ ਦਾ ਹਿੱਸਾ ਹੈ।
ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਲੋਂ ਚੱਢਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਮਗਰੋਂ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਫਿਲਹਾਲ ਦੀਵਾਨ ਦੇ ਜਨਰਲ ਹਾਊਸ ਦੀ ਮੀਟਿੰਗ ਨਹੀਂ ਸੱਦੀ ਗਈ।
ਚਰਨਜੀਤ ਸਿੰਘ ਚੱਢਾ ਦੀ ਇਤਰਾਜ਼ਯੋਗ ਵੀਡਿਓ ਜਾਰੀ ਹੋਣ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ‘ਤੇ ਚੀਫ ਖਾਲਸਾ ਦੀਵਾਨ ਵਲੋਂ ਉਸ ਨੂੰ  ਪ੍ਰਧਾਨ ਦੇ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਉਸ ਨੂੰ ਉਪ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਰਜਿਸਟਰਡ ਦੀ ਜਨਰਲ ਬਾਡੀ ਦੀ ਬੀਤੇ ਕਲ ਹੋਈ ਇਕ ਮੀਟਿੰਗ ਵਿਚ ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਚਰਨਜੀਤ ਸਿੰਘ ਚੱਢਾ ਨੂੰ ਸੰਸਥਾ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿਚ ਇਸ ਦੇ ਲਗਪਗ 120 ਮੈਂਬਰ ਹਨ। ਜਨਰਲ ਬਾਡੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਆਗੂ ਸ੍ਰੀ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ  ਨੇ ਦਸਿਆ ਕਿ ਮੀਟਿੰਗ ਵਿਚ 50 ਫੀਸਦ ਤੋਂ ਵੱਧ ਮੈਂਬਰ ਹਾਜ਼ਰ ਸਨ। ਮੀਟਿੰਗ ਵਿਚ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਵਾਸਤੇ ਚੋਣ ਕੀਤੀ ਗਈ। ਮੈਂਬਰਾਂ ਵਲੋਂ ਸਰਵ ਸੰਮਤੀ ਨਾਲ ਸ੍ਰੀ ਅਨੂਪ ਸਿੰਘ ਵਿਰਦੀ ਨੂੰ ਪ੍ਰਧਾਨ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਮੀਟਿੰਗ ਦੌਰਾਨ ਹੀ ਇਕ ਮੈਂਬਰ ਵਲੋਂ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਰੋਸ਼ਨੀ ਵਿਚ ਚਰਨਜੀਤ ਸਿੰਘ ਚੱਢਾ ਦੀ ਮੁੱਢਲੀ ਮੈਂਬਰਸਿਪ ਖਾਰਜ ਕਰਨ ਦਾ ਮਤਾ ਰੱਖਿਆ ਗਿਆ, ਜਿਸ ਨੂੰ ਸਰਵਸੰਮਤੀ ਨਾਲ ਸਹਿਮਤੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸੰਸਥਾ ਵਲੋਂ ਪਲੱਸ ਵੰਨ ਜਾਂ ਪਲੱਸ ਟੂ ਪਾਸ ਕਿਸੇ ਲੋੜਵੰਦ ਗੁਰਸਿੱਖ ਵਿਦਿਆਰਥੀ ਦੀ  ਚੋਣ ਕੀਤੀ ਜਾਵੇਗੀ, ਜਿਸ ਨੂੰ ਸੰਸਥਾ ਦੇ ਖਰਚੇ ‘ਤੇ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਵਾਸਤੇ ਤਿਆਰ ਕੀਤਾ ਜਾਵੇਗਾ। ਇੰਜ ਸਿੱਖ ਸੰਸਥਾ ਵਲੋਂ ਯੋਗ ਗੁਰਸਿੱਖ ਅਧਿਕਾਰੀ ਸਮਾਜ ਨੂੰ ਦਿੱਤੇ ਜਾਣਗੇ।