ਮੌੜ ਧਮਾਕੇ ਦੇ ਸਬੰਧ ‘ਚ ਡੇਰਾ ਸਾਧ ਦੀ ਤਿੱਕੜੀ ਨੂੰ ਗ੍ਰਿਫਤਾਰ ਕਰਨ ਪੁਲੀਸ ਟੀਮਾਂ ਵਲੋਂ ਛਾਪੇ ਤੇਜ

ਮੌੜ ਧਮਾਕੇ ਦੇ ਸਬੰਧ ‘ਚ ਡੇਰਾ ਸਾਧ ਦੀ ਤਿੱਕੜੀ ਨੂੰ ਗ੍ਰਿਫਤਾਰ ਕਰਨ ਪੁਲੀਸ ਟੀਮਾਂ ਵਲੋਂ ਛਾਪੇ ਤੇਜ

ਮੌੜ ਧਮਾਕੇ ਲਈ ਵਰਤੀ ਗਈ ਕਾਰ ਦੀ ਫਾਈਲ ਫੋਟੋ। 
ਬਠਿੰਡਾ/ਬਿਊਰੋ ਨਿਊਜ਼:
ਪੰਜਾਬ ਪੁਲੀਸ ਨੇ ਮੌੜ ਬੰਬ ਧਮਾਕਾ ਕੇਸ ਵਿੱਚ ਡੇਰਾ ਸਿਰਸਾ ਵਿਚਲੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਉਰਫ ਕਾਲਾ ਨੂੰ ਨਾਮਜ਼ਦ ਕਰ ਲਿਆ। ਡੇਰਾ ਮੁਖੀ ਦਾ ਪੀਐਸਓ ਅਮਰੀਕ ਸਿੰਘ ਤੇ  ਵਰਕਸ਼ਾਪ ਮੁਲਾਜ਼ਮ ਅਵਤਾਰ ਸਿੰਘ ਵੀ ਸ਼ੱਕ ਦੇ ਘੇਰੇ ਵਿੱਚ ਹਨ ਅਤੇ ਇਨ੍ਹਾਂ ਦੇ ਵੀ ਜਲਦੀ ਨਾਮਜ਼ਦ ਹੋਣ ਦੀ ਸੰਭਾਵਨਾ ਹੈ। ਪੁਲੀਸ ਨੇ ਇਸ ਤਿੱਕੜੀ ਨੂੰ ਕਾਬੂ ਕਰਨ ਲਈ ਤਿੰਨ ਰਾਜਾਂ ‘ਚ ਛਾਪੇਮਾਰੀ ਵੀ ਕੀਤੀ। ਵਰਕਸ਼ਾਪ ਦਾ ਇੰਚਾਰਜ ਗੁਰਤੇਜ ਕਾਲਾ ਡੱਬਵਾਲੀ ਨੇੜਲੇ ਪਿੰਡ ਅਲੀਆ ਦਾ ਵਸਨੀਕ ਹੈ। ਅਮਰੀਕ ਸਿੰਘ ਤੇ ਅਵਤਾਰ ਸਿੰਘ ਕ੍ਰਮਵਾਰ ਜ਼ਿਲ੍ਹਾ ਸੰਗਰੂਰ ਤੇ ਪਿੰਡ ਕੋਹਲਾ(ਹਰਿਆਣਾ) ਦੇ ਰਹਿਣ ਵਾਲੇ ਹਨ। ਸੂਤਰਾਂ ਮੁਤਾਬਕ ਉਪਰੋਕਤ ਤਿੰਨਾਂ ਨੂੰ ਹੀ ਕੇਸ ‘ਚ ਨਾਮਜ਼ਦ ਕੀਤਾ ਗਿਆ ਹੈ, ਪਰ ਪੁਲੀਸ ਦਾ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਡੇਰਾ ਮੁਖੀ ਨੇੜਲੀ ਇਸ ਤਿੱਕੜੀ ਨੂੰ ਕਾਬੂ ਕਰਨ ਸਾਂਝਾ ਅਪਰੇਸ਼ਨ ਵਿੱਢ ਦਿੱਤਾ ਹੈ। ਮਾਨਸਾ ਪੁਲੀਸ ਦੀ ਸੀਆਈਏ ਟੀਮ ਨੇ ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪੰਜ ਥਾਵਾਂ ‘ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਪੁਲੀਸ ਨੇ ਡੇਰਾ ਮੁਖੀ ਦੇ ਪਿੰਡ ਗੁਰੂਸਰ ਮੋਡੀਆਂ, ਘੁੱਕਿਆਂ ਵਾਲੀ (ਰਾਜਸਥਾਨ), ਪਿੰਡ ਆਲੀਕੇ (ਹਰਿਆਣਾ) ਅਤੇ ਹਲਕਾ ਲੰਬੀ ਦੇ ਪਿੰਡ ਮਹਿਣਾ ਆਦਿ ਵਿੱਚ ਛਾਪੇਮਾਰੀ ਕੀਤੀ। ਪੁਲੀਸ ਨੇ ਇਸ ਦੌਰਾਨ ਤਿੱਕੜੀ ਦੇ ਰਿਸ਼ਤੇਦਾਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ, ਪਰ ਉਥੋਂ ਕੁੱਝ ਖਾਸ ਹੱਥ ਨਹੀਂ ਲੱਗਾ। ਡੀਆਈਜੀ (ਕਾਊਂਟਰ ਇਟੈਲੀਜੈਂਸ) ਰਣਬੀਰ ਸਿੰਘ ਖੱਟੜਾ ਨੇ ਜਾਂਚ ਟੀਮ ਦੀ ਅਗਵਾਈ ਕੀਤੀ। ਤਲਵੰਡੀ ਅਦਾਲਤ ਵਿੱਚ ਚਾਰ ਗਵਾਹਾਂ ਦੇ ਬਿਆਨ ਕਲਮਬੰਦ ਕਰਾਏ ਗਏ ਹਨ, ਜਿਸ ਤੋਂ ਸਾਫ ਹੈ ਕਿ ਹੁਣ ਪੁਲੀਸ ਇਨ੍ਹਾਂ ਗਵਾਹਾਂ ਦੇ ਸਿਰ ‘ਤੇ ਅੱਗੇ ਦੀ ਕਾਰਵਾਈ ਤੋਰੇਗੀ। ਸੂਤਰਾਂ ਮੁਤਾਬਕ ਇਨ੍ਹਾਂ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਉਕਤ ਤਿੱਕੜੀ ਨੂੰ ਨਾਮਜ਼ਦ ਕੀਤਾ ਗਿਆ ਹੈ। ਉਂਜ ਪੁਲੀਸ ਨੇ ਫ਼ਿਲਹਾਲ ਗਵਾਹਾਂ ਨੂੰ ਘਰੋ ਘਰੀ ਤੋਰ ਦਿੱਤਾ ਹੈ। ਸੂਤਰਾਂ ਮੁਤਾਬਕ ਹੁਣ ਤਕ ਦੀ ਜਾਂਚ ਤੋਂ ਸਾਫ਼ ਹੈ ਕਿ ਧਮਾਕੇ ਵਿੱਚ ਵਰਤੀ ਕਾਰ ਡੇਰੇ ਵੀ ਵਰਕਸ਼ਾਪ ਵਿੱਚ ਰੰਗ ਰੋਗਨ ਹੋਈ ਸੀ। ਕਾਰ ਗੁਰਤੇਜ ਕਾਲਾ ਦੇ ਕਹਿਣ ‘ਤੇ ਤਿਆਰ ਕੀਤੀ ਗਈ ਸੀ। ਜਾਂਚ ਟੀਮ ਹਨੀਪ੍ਰੀਤ ਵੱਲ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।

ਸਾਧ ਦਾ ਸਾਬਕਾ ਗੰਨਮੈਨ ਵੀ ਸ਼ੱਕ ਦੇ ਘੇਰੇ
ਸੂਤਰਾਂ ਮੁਤਾਬਕ ਡੇਰਾ ਮੁਖੀ ਦੇ ਸਾਬਕਾ ਗੰਨਮੈਨ ਦੀ ਜਾਂਚ ‘ਚ ਸਰਗਰਮ ਭੂਮਿਕਾ ਰਹੀ ਹੈ। ਪੁਲੀਸ ਨੇ ਡੇਰਾ ਮੁਖੀ ਦੇ ਪੁਰਾਣੇ ਗੰਨਮੈਨ ਨੂੰ ਮੁਅੱਤਲ ਕੀਤਾ ਹੋਇਆ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਬਹਾਲ ਕੀਤਾ ਗਿਆ ਹੈ। ਇਸੇ ਗੰਨਮੈਨ ਨੇ ਅਮਰੀਕ ਤੇ ਕਾਲਾ ਸਿੰਘ ਦੀ ਨਿਸ਼ਾਨਦੇਹੀ ਕੀਤੀ ਹੈ। ਜਾਂਚ ਦੌਰਾਨ ਸਾਬਕਾ ਮੰਤਰੀ ਹਰਮਿੰਦਰ ਜੱਸੀ ਦੇ ਸਾਬਕਾ ਗੰਨਮੈਨ ਅਤੇ ਮੌਜੂਦਾ ਏਐਸਆਈ ਮੱਖਣ ਸਿੰਘ ‘ਤੇ ਵੀ ਸ਼ੱਕ ਦੀ ਉਂਗਲ ਉੱਠੀ ਸੀ। ਮੱਖਣ ਸਿੰਘ ਪਿਛਲੀਆਂ ਚੋਣਾਂ ਵਿੱਚ ਜੱਸੀ ਖ਼ਿਲਾਫ਼ ਪ੍ਰਚਾਰ ਕਰਦਾ ਰਿਹਾ ਹੈ। ਚੋਣਾਂ ਦੌਰਾਨ ਮੱਖਣ ਸਿੰਘ ਦੀ ਮੋਬਾਈਲ ਲੋਕੇਸ਼ਨ ਹਲਕਾ ਮੌੜ ਦੀ ਰਹੀ ਹੈ।