ਸ੍ਰੀਨਗਰ ‘ਚ ਚੌਕਸੀ ਹੋਰ ਵਧਾਈ

ਸ੍ਰੀਨਗਰ ‘ਚ ਚੌਕਸੀ ਹੋਰ ਵਧਾਈ

ਸ੍ਰੀਨਗਰ/ਬਿਊਰੋ ਨਿਊਜ਼:
ਗਣਤੰਤਰ ਦਿਵਸ ਤੋਂ ਪਹਿਲਾਂ ਸੰਭਾਵੀ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਸਲਾਮਤੀ ਦਸਤਿਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਦੌਰਾਨ ਐਚਐਮਟੀ ਖੇਤਰ ਵਿੱਚੋਂ ਦੋ ਬਾਰੂੰਦੀ ਸੁਰੰਗਾਂ ਮਿਲਣ ਮਗਰੋਂ ਕਸ਼ਮੀਰ ਖਾਸ ਕਰਕੇ ਸ਼ਹਿਰ ਵਿੱਚ ਸਲਾਮਤੀ ਦਸਤਿਆਂ ਨੂੰ ਵਧੇਰੇ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਸਲਾਮਤੀ ਦਸਤਿਆਂ ਨੇ ਸ਼ਹਿਰ ਦੇ ਬਹੁਤੇ ਹਿੱਸਿਆਂ ‘ਚ ਵਾਹਨਾਂ ਦੀ ਜਾਂਚ ਤੇ ਤਲਾਸ਼ੀ ਮੁਹਿੰਮ ਸਮੇਤ ਹੋਰ ਮਸ਼ਕਾਂ ਵਿੱਢ ਦਿੱਤੀਆਂ ਹਨ। ਪਿਛਲੇ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਪੁਰਾਣੇ ਸ਼ਹਿਰ ਵਿੱਚ ਕੁਝ ਇਲਾਕਿਆਂ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਗਣਤੰਤਰ ਦਿਹਾੜੇ ਦਾ ਮੁੱਖ ਸਮਾਗਮ ਸੋਨਾਵਰ ਸਥਿਤ ਸ਼ੇਰੇ ਕਸ਼ਮੀਰ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ ਕਿਉਂਕਿ ਬਖ਼ਸ਼ੀ ਸਟੇਡੀਅਮ ਵਿੱਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ।
ਅਧਿਕਾਰੀ ਨੇ ਕਿਹਾ, ‘ਸੂਹੀਆ ਜਾਣਕਾਰੀ ਅਨੁਸਾਰ ਗਣਤੰਤਰ ਦਿਹਾੜੇ ਤੋਂ ਪਹਿਲਾਂ ਦਹਿਸ਼ਤਗਰਦਾਂ ਵੱਲੋਂ ਸ਼ਹਿਰ ਵਿੱਚ ਸਲਾਮਤੀ ਦਸਤਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਲਿਹਾਜ਼ਾ, ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਸਲਾਮਤੀ ਦਸਤਿਆਂ ਨੂੰ ਚੌਕਸ ਰਹਿਣ ਲਈ ਕਹਿੰਦਿਆਂ ਸੁਰੱਖਿਆ ਚੱਕਰ ਵਧਾ ਦਿੱਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਸਲਾਮਤੀ ਦਸਤਿਆਂ ਵੱਲੋਂ ਕੀਤੇ ਨੁਕਸਾਨ ਕਰਕੇ ਦਹਿਸ਼ਤਗਰਦਾਂ ਨੇ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ ਹੈ।