ਸ਼ਹੀਦੀ ਸਭਾ ਮੌਕੇ ਸਿਆਸੀ ਕਾਨਫ਼ਰੰਸਾਂ ਰੱਦ ਕਰਨ ਦੀ ਮੁਤਵਾਜ਼ੀ ਜਥੇਦਾਰਾਂ ਵਲੋਂ ਨਿਖੇਧੀ

ਸ਼ਹੀਦੀ ਸਭਾ ਮੌਕੇ ਸਿਆਸੀ ਕਾਨਫ਼ਰੰਸਾਂ ਰੱਦ ਕਰਨ ਦੀ ਮੁਤਵਾਜ਼ੀ ਜਥੇਦਾਰਾਂ ਵਲੋਂ ਨਿਖੇਧੀ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ।
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼:
ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇੱਥੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਦੇ ਸ਼ਹੀਦਾਂ ਨੂੰ ਨਮਨ ਕਰਨ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲ ਤਖ਼ਤ  ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸ਼ਹੀਦੀ ਸਭਾ ਦੌਰਾਨ ਸਿਆਸੀ ਕਾਨਫ਼ਰੰਸਾਂ ਰੱਦ ਕਰਨ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਕਾਨਫ਼ਰੰਸਾਂ ਮੁੱਢ ਤੋਂ ਹੀ ਹੁੰਦੀਆਂ ਆ ਰਹੀਆਂ ਹਨ ਅਤੇ ਕਾਨਫ਼ਰੰਸਾਂ ਨੂੰ ਰੱਦ ਕੀਤੇ ਜਾਣਾ ਕੌਮ ਲਈ ਗ਼ਲਤ ਸੰਦੇਸ਼ ਹੈ, ਕਿਉਂਕਿ ਸਿੱਖ ਧਰਮ ਦੀ ਹੋਂਦ ਮੀਰੀ ਪੀਰੀ ਦੇ ਸਿਧਾਂਤ ‘ਤੇ ਹੋਈ ਹੈ। ਇਸ ਲਈ ਧਰਮ ਤੇ ਸਿਆਸਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਤੇ ਸ਼ਹੀਦੀ ਸਮਾਗਮ ਵਿੱਚ ਅਕਾਲੀ ਦਲ ਨੂੰ ਕਾਨਫ਼ਰੰਸ ਕਰਕੇ ਕੌਮ ਦੇ ਨਾਮ ਧਾਰਮਿਕ ਸੰਦੇਸ਼ ਦੇਣਾ ਚਾਹੀਦਾ ਸੀ ਤਾਂ ਜੋ ਨੌਜਵਾਨਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਨਫ਼ਰੰਸਾਂ ਵਿੱਚ ਇਕੱਠ ਦੌਰਾਨ ਸਿੱਖ ਕੌਮ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਨ ਦੇ ਨਾਲ-ਨਾਲ ਸਿੱਖਾਂ ਨਾਲ ਹੋਏ ਧੱਕੇ ਅਤੇ ਬੇਇਨਸਾਫ਼ੀਆਂ ਬਾਰੇ ਜਾਣੂ ਕਰਵਾਇਆ ਜਾਂਦਾ ਸੀ।
ਮੁਤਵਾਜ਼ੀ ਜਥੇਦਾਰਾਂ ਨੇ ਕਿਹਾ ਕਿ  ਸਰਬੱਤ ਖ਼ਾਲਸਾ ਵੱਲੋਂ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਜਾਵੇਗੀ ਅਤੇ ਜਿੱਤ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦੀ ‘ਗ੍ਰਿਫ਼ਤ’ ਵਿੱਚੋਂ ਬਾਹਰ ਕੱਢਿਆ ਜਾਵੇਗਾ ਤੇ ਸਿੱਖ ਕੌਮ ਨੂੰ ਸਾਫ਼ ਸੁਥਰੀ ਧਾਰਮਿਕ ਕਮੇਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਸਮੁੱਚੇ ਪੰਥ ਦੀ ਏਕਤਾ ਲਈ ਯਤਨਸ਼ੀਲ ਹੈ। ਉਨ੍ਹਾਂ ਬਾਦਲ ਵਿਰੋਧੀ ਸਾਰੀਆਂ ਧਿਰਾਂ ਨੂੰ ਇਕੱਠੇ  ਹੋਣ ਦੀ ਅਪੀਲ ਕੀਤੀ।