‘ਆਪ’ ਦੇ ਹੂੰਝੇ ਜਾਣ ਉੱਤੇ ਗਾਂਧੀ, ਛੋਟੇਪੁਰ ਤੇ ਘੁੱਗੀ ਨੇ ਵਹਾਏ ਹੰਝੂ

‘ਆਪ’ ਦੇ ਹੂੰਝੇ ਜਾਣ ਉੱਤੇ ਗਾਂਧੀ, ਛੋਟੇਪੁਰ ਤੇ ਘੁੱਗੀ ਨੇ ਵਹਾਏ ਹੰਝੂ

ਚੰਡੀਗੜ੍ਹ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ (‘ਆਪ’) ਵਿੱਚੋਂ ਛਾਂਗੇ ਸੂਬਾਈ ਕਨਵੀਨਰਾਂ ਗੁਰਪ੍ਰੀਤ ਸਿੰਘ ਘੁੱਗੀ, ਸੁੱਚਾ ਸਿੰਘ ਛੋਟੇਪੁਰ ਤੇ ਪਾਰਟੀ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਨਿਗਮ ਚੋਣਾਂ ਦੇ ਨਤੀਜੇ ਸੁਣ ਕੇ ਉਨ੍ਹਾਂ ਦਾ ਮਨ ਰੋਇਆ ਹੈ।
ਤਿੰਨਾਂ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਦਲ ਤੇ ਕਾਂਗਰਸ ਤੋਂ ਛੁਟਕਾਰਾ ਪਾਉਣ ਲਈ ‘ਆਪ’ ਵੱਲੋਂ ਉਲੀਕੇ ਕ੍ਰਾਂਤੀਕਾਰੀ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਦੇ ਸਿਆਸੀ ਪਿੜ ਵਿੱਚ ਨਿੱਤਰੇ ਸਨ, ਪਰ ਦਿੱਲੀ ਦੀ ਲੀਡਰਸ਼ਿਪ ਨੇ ਆਪਣੀ ਵਿਚਾਰਧਾਰਾ ਤੋਂ ਭਟਕ ਕੇ ਜਿੱਥੇ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ, ਉਥੇ ਪੰਜਾਬੀਆਂ ਵੱਲੋਂ ਆਪਣੇ ਮਨ ਵਿੱਚ ਉਸਾਰੀ ਇਨਕਲਾਬੀ ਸੋਚ ਦਾ ਵੀ ਘਾਣ ਕਰ ਦਿੱਤਾ ਹੈ। ਸ੍ਰੀ ਘੁੱਗੀ ਨੇ ਕਿਹਾ ਕਿ ਉਸ ਨੇ ਪਾਰਟੀ ਲਈ ਜਾਨ ਲਾ ਦਿੱਤੀ ਸੀ, ਪਰ ਲੀਡਰਸ਼ਿਪ ਦੇ ਹੰਕਾਰ, ਨਲਾਇਕੀ ਤੇ ਵਾਲੰਟੀਅਰਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਿਰਤੀ ਨੇ ਪਾਰਟੀ ਨੂੰ ਅਰਸ਼ ਤੋਂ ਫਰਸ਼ ‘ਤੇ ਲੈ ਆਂਦਾ ਹੈ ਕਿਉਂਕਿ ਕਿਸੇ ਵੇਲੇ ਪੰਜਾਬ ਵਿੱਚ ਇੱਕੋ ਆਵਾਜ਼ ਸੀ ਕਿ ਇਸ ਵਾਰ ਸਿਰਫ਼ ‘ਆਪ’ ਜਿੱਤੇਗੀ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਲੀਡਰਸ਼ਿਪ ਨੇ ਆਪਣੀਆਂ ਗ਼ਲਤੀਆਂ ਨੂੰ ਮੰਨਿਆ ਨਹੀਂ, ਜਦੋਂਕਿ ਰਵਾਇਤੀ ਪਾਰਟੀਆਂ ਨੇ ‘ਆਪ’ ਦੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਆਮ ਆਦਮੀ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਹਾਰ ਤੋਂ ਬਾਅਦ ਕਾਂਗਰਸ ਸਰਕਾਰ ‘ਤੇ ਦੋਸ਼ ਲਾ ਕੇ ਆਪਣੀਆਂ ਗ਼ਲਤੀਆਂ ‘ਤੇ ਪਰਦਾ ਪਾਉਣ ਦਾ ਅਸਫ਼ਲ ਯਤਨ ਕਰ ਰਹੀ ਹੈ।
ਸੰਸਦ ਮੈਂਬਰ ਡਾ. ਗਾਂਧੀ ਨੇ ਭਰੇ ਮਨ ਨਾਲ ਕਿਹਾ ਕਿ ਪੰਜਾਬੀਆਂ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੀ ‘ਆਪ’ ਨੂੰ ਫਤਵਾ ਦੇ ਦਿੱਤਾ ਸੀ, ਪਰ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬੀਆਂ ਨੂੰ ਭੇਡਾਂ-ਬੱਕਰੀਆਂ ਵਾਂਗ ਵਰਤ ਕੇ ਖ਼ੁਦ ਹੀ ਪਾਰਟੀ ਨੂੰ ਹਾਰ ਦੇ ਰਾਹ ਪਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਨੇ ਆਪਣੀ ਵਿਚਾਰਧਾਰਾ ਛੱਡ ਕੇ ਜਦੋਂ ਸੱਤਾ ਦਾ ‘ਲੁਤਫ’ ਲੈਣ ਲਈ ਵਾਲੰਟੀਅਰਾਂ ਦੀ ਥਾਂ ਹੋਰ ਸਿਆਸੀ ਪਾਰਟੀਆਂ ਦੇ ਦਾਗ਼ੀ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਭੇਤਭਰੇ ਢੰਗ ਨਾਲ ਟਿਕਟਾਂ ਦਿੱਤੀਆਂ ਸਨ ਤਾਂ ਉਸ ਵੇਲੇ ਹੀ ਪੰਜਾਬੀਆਂ ਨੂੰ ਪਾਰਟੀ ਦੀ ਲੀਡਰਸ਼ਿਪ ਅੰਦਰਲੀ ਖੋਟ ਨਜ਼ਰ ਆ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ‘ਆਪ’ ਦਾ ਸੱਚ ਪਛਾਣ ਗਏ ਹਨ ਤੇ ਇਸ ਪਾਰਟੀ ਦਾ ਵਜੂਦ ਖ਼ਤਮ ਹੋਣ ਕਿਨਾਰੇ ਹੈ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ‘ਆਪ’ ਦੇ ਪਲੇਟਫਾਰਮ ਤੋਂ ਪੰਜਾਬੀਆਂ ਨੂੰ ਕ੍ਰਾਂਤੀ ਲਿਆਉਣ ਦੇ ਸੁਪਨੇ ਦਿਖਾਏ ਗਏ ਸਨ, ਪਰ ਜਦੋਂ ਲੋਕਾਂ ਨੂੰ ਇਸ ਦੀ ਅਸਲੀਅਤ ਪਤਾ ਲੱਗੀ ਤਾਂ ਉਨ੍ਹਾਂ ਦਾ ਮਨ ਟੁੱਟ ਗਿਆ, ਜਿਸ ਕਾਰਨ ਪੰਜਾਬੀ ਹਰੇਕ ਚੋਣ ਵਿੱਚ ‘ਆਪ’ ਨੂੰ ਨਕਾਰਦੇ ਆ ਰਹੇ ਹਨ। ਸ੍ਰੀ ਛੋਟੇਪੁਰ ਨੇ ਕਿਹਾ ਕਿ ‘ਆਪ’ ਦੀ ਸਿਖਰਲੀ ਲੀਡਰਸ਼ਿਪ ਦੀ ਹਊਮੈ ਤੇ ਭ੍ਰਿਸ਼ਟ ਸੋਚ ਨੇ ਰਵਾਇਤੀ ਪਾਰਟੀਆਂ ਨੂੰ ਮੁੜ ਜਿਊਂਦਾ ਕਰ ਦਿੱਤਾ ਹੈ, ਜਦੋਂਕਿ ਲੋਕ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਤੇ ਕਾਂਗਰਸ ਤੋਂ ਖਹਿੜਾ ਛੁਡਾਉਣ ਲਈ ਪੂਰੀ ਤਰ੍ਹਾਂ ਤਿਆਰ ਸਨ। ਨਿਗਮ ਚੋਣਾਂ ਵਿੱਚੋਂ ‘ਆਪ’ ਦੀ ਹੋਈ ਹਾਰ ਕਾਰਨ ਪਾਰਟੀ ਦੀ ਹੇਠਲੀ ਲੀਡਰਸ਼ਿਪ ਵਿੱਚ ਜਿੱਥੇ ਨਿਰਾਸ਼ਾ ਦਾ ਆਲਮ ਹੈ, ਉਥੇ ਸੂਬਾਈ ਲੀਡਰਸ਼ਿਪ ਵੱਲ ਵੀ ਉਂਗਲਾਂ ਉਠ ਰਹੀਆਂ ਹਨ। ਸੂਤਰਾਂ ਅਨੁਸਾਰ ਨਿਗਮ ਚੋਣਾਂ ਦੌਰਾਨ ਜਿੱਥੇ ਸੂਬਾਈ ਲੀਡਰਸ਼ਿਪ ਨੇ ਟਿਕਟਾਂ ਦੀ ਵੰਡ ਤੇ ਚੋਣ ਪ੍ਰਚਾਰ ਦੌਰਾਨ ਰਸਮੀ ਕਾਰਵਾਈ ਕੀਤੀ ਸੀ, ਉਥੇ ਚੋਣਾਂ ਲਈ ਲੋੜੀਂਦੇ ਫੰਡਾਂ ਦਾ ਵੀ ਪ੍ਰਬੰਧ ਨਹੀਂ ਕੀਤਾ। ਇਸ ਕਾਰਨ ‘ਆਪ’ ਦੇ ਉਮੀਦਵਾਰ ਲਾਵਾਰਸਾਂ ਵਾਂਗ ਭਟਕਦੇ ਰਹੇ। ਦੱਸਣਯੋਗ ਹੈ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਬੀਤੇ ਦਿਨ ਦੋਸ਼ ਲਾਇਆ ਸੀ ਕਿ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਕਾਰਨ ਉਨ੍ਹਾਂ ਨੂੰ ਨਿਗਮ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਮਾਨ ਨੇ ਨਿਗਮ ਚੋਣਾਂ ਵਿੱਚੋਂ ਹੋਈ ਭਾਰੀ ਹਾਰ ਦੀ ਸਮੀਖਿਆ ਕਰਨ ਲਈ ਸਾਰੇ ਵਿਧਾਇਕਾਂ, ਸੂਬਾਈ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਹੰਗਾਮੀ ਮੀਟਿੰਗ 21 ਦਸੰਬਰ ਨੂੰ ਚੰਡੀਗੜ੍ਹ ਵਿੱਚ ਸੱਦ ਲਈ ਹੈ।