ਨਹੀਂ ਮੁੱਕ ਰਹੀਆਂ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ

ਨਹੀਂ ਮੁੱਕ ਰਹੀਆਂ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ
ਰੋਸ ਮੁਜ਼ਾਹਰਾ ਕਰਦੀਆਂ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੂੰ ਅੱਗੇ ਵਧਣ ਤੋਂ ਰੋਕਦੀ ਹੋਈ ਪੁਲੀਸ।

ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ। ਸ੍ਰੀ ਖਹਿਰਾ ਦੀ ਰਵਾਇਤੀ ਸਿਆਸੀ ਵਿਰੋਧੀ ਬੀਬੀ ਜਗੀਰ ਕੌਰ ਨੇ ਚੰਡੀਗੜ੍ਹ ਵਿੱਚ ‘ਆਪ’ ਆਗੂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਅਕਾਲੀ ਬੀਬੀਆਂ ਸਮੇਤ ਧਰਨਾ ਦਿੱਤਾ।
ਬੀਬੀਆਂ ਨੇ ‘ਆਪ’ ਆਗੂ ਦੀ ਰਿਹਾਇਸ਼ ਵੱਲ ਵੀ ਕੂਚ ਕਰਨ ਦਾ ਯਤਨ ਕੀਤਾ, ਪਰ ਮਹਿਲਾ ਪੁਲੀਸ ਦੀ ਸਖ਼ਤੀ ਕਾਰਨ ਉਹ ਅੱਗੇ ਨਹੀਂ ਵਧ ਸਕੀਆਂ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਨੇ ਤੁਰੰਤ ਅਸਤੀਫ਼ਾ ਨਾ ਦਿੱਤਾ ਤਾਂ ਉਹ ਆਗਾਮੀ ਸਰਦ ਰੁੱਤ ਸੈਸ਼ਨ ਦੌਰਾਨ ਉਸ ਨੂੰ ਵਿਧਾਨ ਸਭਾ ਅੰਦਰ ਦਾਖ਼ਲ ਨਹੀਂ ਹੋਣ ਦੇਣਗੀਆਂ। ਅਕਾਲੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਦਫ਼ਤਰ ਤੋਂ ਸ੍ਰੀ ਖਹਿਰਾ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕੀਤਾ। ਮਹਿਲਾ ਵਰਕਰਾਂ ਦੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ। ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ। ਉਨ੍ਹਾਂ ਪੁਲੀਸ ਨਾਕਿਆਂ ਨੂੰ ਵੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ‘ਆਪ’ ਆਗੂ ਖ਼ਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਉਸੇ ਥਾਂ ‘ਤੇ ਧਰਨੇ ‘ਤੇ ਬੈਠ ਗਈਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਸ੍ਰੀ ਖਹਿਰਾ ਦੀ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ ਪਾਈ ਰੀਵਿਊ ਪਟੀਸ਼ਨ ਨੂੰ ਰੱਦ ਕੀਤੇ ਜਾਣ ਤੋਂ ਬਾਅਦ ‘ਆਪ’ ਆਗੂ ਕੋਲ ਅਹੁਦੇ  ਉੱਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ ਬਚਿਆ ਹੈ। ਉਨ੍ਹਾਂ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਦਿਆਂ ਕਿਹਾ ਕਿ ਜੇਕਰ ਉਹ ਸ੍ਰੀ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਨਹੀਂ ਹਟਾਉਂਦੇ ਅਤੇ ਉਸ ਦੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਰੱਦ ਨਹੀਂ ਕਰਦੇ ਤਾਂ ਇਹੋ ਸਮਝਿਆ ਜਾਵੇਗਾ ਕਿ ‘ਆਪ’ ਨਸ਼ਾ ਤਸਕਰੀ ਵਾਲੇ ਪੈਸਿਆਂ ਦਾ ਫੰਡ ਲੈਂਦੀ ਸੀ। ਇਕੱਠ ਨੂੰ ਇਸਤਰੀ ਵਿੰਗ ਦੇ ਜਨਰਲ ਸਕੱਤਰ ਬੀਬੀ ਮੰਜੂ ਕੁਰੈਸ਼ੀ, ਮੀਤ ਪ੍ਰਧਾਨ ਰਾਣੀ ਧਾਲੀਵਾਲ, ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨ ਸੁਰਿੰਦਰ ਕੌਰ ਦਿਆਲ, ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਪਰਮਜੀਤ ਕੌਰ ਵਿਰਕ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਧਾਨ ਸੁਖਦੇਵ ਕੌਰ ਸੱਲਾਹ ਨੇ ਸੰਬੋਧਨ ਕੀਤਾ।