ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਕੇਵਲ ਗੁਰੂ ਦੀ ਹੁੰਦੀ ਹੈ ਨਾ ਕਿ ਕਿਸੇ ਰਾਸ਼ਟਰ ਦੀ: ਦਲ ਖਾਲਸਾ

ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਕੇਵਲ ਗੁਰੂ ਦੀ ਹੁੰਦੀ ਹੈ ਨਾ ਕਿ ਕਿਸੇ ਰਾਸ਼ਟਰ ਦੀ: ਦਲ ਖਾਲਸਾ

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਪ੍ਰਧਾਨ ਹਰਪਾਲ ਸਿੰਘ ਚੀਮਾ ਮੀਡੀਆ ਨਾਲ ਗੱਲ ਕਰਦੇ ਹੋਏ।
ਚੰਡੀਗੜ੍ਹ/ ਸਿੱਖ ਸਿਆਸਤ ਬਿਊਰੋ:
ਦਲ ਖਾਲਸਾ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਦਿੱਲੀ ਵਿਖੇ ਗੁਰੁ ਗੋਬਿੰਦ ਸਿੰਘ ਜੀ ਦੇ 350 ਵੇਂ ਗੁਰਪੁਰਬ ਨੂੰ ਸਮਰਪਿਤ ਸਰਬ ਧਰਮ ਸੰਮੇਲਣ ਕਰਵਾਉਣ ਲਈ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਰਾਸ਼ਟਰੀ ਸਵੈਮ-ਸੇਵਕ ਸੰਘ ਵਲੋਂ ਸਿੱਖ ਧਰਮ ਅੰਦਰ ਘੁਸਪੈਠ ਕਰਨ ਦੇ ਖਤਰਨਾਕ ਮਨਸੂਬੇ ਨਾਲ ਰਾਸ਼ਟਰੀ ਸਿੱਖ ਸੰਗਤ ਨਾਮੀ ਜਥੇਬੰਦੀ ਬਣਾਈ ਗਈ ਸੀ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਦਾ ਸਿੱਖ ਮਾਮਲਿਆਂ ਵਿੱਚ ਦਖਲ ਦੇਣ ਦਾ ਕਿਸੇ ਪੱਖ ਤੋਂ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਕੌਮ ਇਸ ਬੇਤੁੱਕੀ ਅਤੇ ਸ਼ਰਾਰਤਭਰੀ ਦਖਲਅੰਦਾਜੀ ਨੂੰ ਬਰਦਾਸ਼ਤ ਕਰੇਗੀ।
ਰਾਸ਼ਟਰੀ ਸਿੱਖ ਸੰਗਤ ਦੇ ਵਜੂਦ ਉਤੇ ਸਵਾਲੀਆ ਚਿੰਨ੍ਹ ਲਾਉਦਿਆਂ ਉਹਨਾਂ ਕਿਹਾ ਕਿ ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਕੇਵਲ ਗੁਰੂ ਦੀ ਹੁੰਦੀ ਹੈ ਨਾ ਕਿ ਕਿਸੇ ਰਾਸ਼ਟਰ ਦੀ। ਉਹਨਾਂ ਆਰ ਐਸ ਐਸ ਦੇ ਸਿੱਖ ਅਤੇ ਸਿੱਖੀ-ਵਿਰੋਧੀ ਮਨਸੂਬਿਆਂ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਜਿਹੇ ਨਾ-ਪਾਕ ਇਰਾਦਿਆਂ ਨੂੰ ਅਸਫਲ ਬਨਾਉਣਾ ਹਰ ਸਿੱਖ ਦਾ ਫਰਜ਼ ਹੈ।
ਉਹਨਾਂ ਸਪੱਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਤੋਂ ਆਰ ਐਸ ਐਸ ਖਿਲਾਫ 2004 ਦਾ ਹੁਕਮਨਾਮਾ ਬਾਦਸਤੂਰ ਕਾਇਮ ਹੈ ਅਤੇ ਜਿਹੜੇ ਸਿੱਖ ਦਿੱਲੀ ਵਿੱਚ ਆਰ ਐਸ ਐਸ ਦੇ ਸੰਮੇਲਨ ਵਿੱਚ ਹਿੱਸਾ ਲੈਣਗੇ ਉਹ ਪੰਥ ਦੇ ਗਦਾਰ ਹੋਣਗੇ। ਉਹਨਾਂ ਕਿਹਾ ਕਿ ਤਖਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਇਕਬਾਲ ਸਿੰਘ ਨੂੰ ਪੰਥ-ਦੋਖੀਆਂ ਨਾਲ ਸਾਂਝ ਪਾਉਣ ਅਤੇ ਸਟੇਜ ਸਾਂਝੀ ਕਰਨ ਤੋਂ ਵਰਜੇ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਆਰ ਐਸ ਐਸ ਸਾਜ਼ਿਸ਼ੀ ਢੰਗ ਨਾਲ ਸਿੱਖ ਸਿਧਾਂਤਾਂ ਨੂੰ ਤਹਿਸ-ਨਹਿਸ ਕਰਨ ਦੇ ਰਾਹ ‘ਤੇ ਤੁਰ ਰਹੀ ਹੈ। ਉਹਨਾਂ ਕਿਹਾ ਕਿ ਸੰਘ ਪਰਿਵਾਰ ਸਿੱਖੀ ਦੀਆਂ ਜੜ੍ਹਾਂ ‘ਤੇ ਵਾਰ ਕਰ ਰਿਹਾ ਹੈ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਸਾਲ 1999 ਤੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭਾਈਵਾਲੀ ਦੀ ਆੜ ਹੇਠ ਆਰ ਐਸ ਐਸ ਨੇ ਪੰਜਾਬ ਅੰਦਰ ਆਪਣੀਆਂ ਜੜਾਂ ਮਜਬੂਤ ਕਰਨੀਆਂ ਸ਼ੁਰੂ ਕੀਤੀਆਂ ਸਨ।

”ਅਸੀਂ ਆਰਐਸਐਸ ਦੇ ‘ਸਿੱਖ ਸੰਮੇਲਨ’ ਦੇ ਨਾਮ ‘ਤੇ ਰਚੇ ਜਾ ਰਹੇ ਪਾਖੰਡ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ”
ਭਾਈ ਗਜਿੰਦਰ ਸਿੰਘ, ਦਲ ਖ਼ਾਲਸਾ
ਆਰ ਐਸ ਐਸ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਸਿੱਖ/ਧਰਮ ਕੌਮ ਦੀ ਵਿਲੱਖਣਤਾ ਨੂੰ ਨੁਕਸਾਨ ਪਹੁੰਚਾਣ ਲਈ ਬਣਾਈ ‘ਰਾਸ਼ਟਰੀ ਸਿੱਖ ਸੰਗਤ’ ਨੂੰ ਫੌਰੀ ਡਿਜ਼ਾਲਵ ਕਰ ਦੇਵੇ, ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਦਾ ਖਿਆਲ ਛੱਡ ਦੇਵੇ।
ਸਿੱਖ ਹਿੰਦੂਆਂ ਤੋਂ ਵੱਖਰਾ ਧਰਮ ਹੀ ਨਹੀਂ, ‘ਰਾਸ਼ਟਰ’ ਦੇ ਅਰਥ ਰੱਖਣ ਵਾਲੀ ਇੱਕ ਵਿਲੱਖਣ ਤੇ ਸੰਪੂਰਨ ਕੌਮ ਹਨ ਅਤੇ ਇੱਕ ਵੱਖਰਾ ਆਜ਼ਾਦ ਦੇਸ਼ ਉਹਨਾਂ ਦਾ ਹੱਕ ਹੈ।
ਆਰ ਐਸ ਐਸ ਤੇ ਹੋਰ ਹਿੰਦੂਤੱਵੀ ਤਾਕਤਾਂ ਸਿੱਖਾਂ ਦੀ ਕੌਮੀ ਵਿਲੱਖਣਤਾ ਨੂੰ ਆਪਣੇ ਵਿੱਚ ਜਜ਼ਬ ਕਰ ਲੈਣ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਲੈਣ, ਉਹ ਸਿੱਖਾਂ ਵਿੱਚੋਂ ਆਜ਼ਾਦੀ ਤੇ ਆਜ਼ਾਦ ਦੇਸ਼ ਦੇ ਜਜ਼ਬੇ ਨੂੰ ਕਦੇ ਮਾਰ ਨਹੀਂ ਸਕਣਗੀਆਂ।
ਬਾਦਲਕੇ ਜਾਂ ਇਹੋ ਜਿਹੇ ਕੁੱਝ ਹੋਰ ਸਿੱਖਾਂ ਦੀ ਹਮਾਇਤ ਹਾਸਿਲ ਕਰ ਕੇ ਉਹ ਸਿੱਖ ਕੌਮ ਨੂੰ ਪੱਕੇ ਤੌਰ ‘ਤੇ ਆਪਣੀ ਜੇਬ੍ਹ ਵਿੱਚ ਨਾ ਸਮਝਣ। ਅਸੀਂ ਹਵਾ ਦਾ ਰੁੱਖ ਜਿਸ ਦਿਨ ਫਿਰ ਮੌੜ੍ਹ ਦਿੱਤਾ, ਜੋ ਅਸੀਂ ਯਕੀਨਨ ਮੋੜ੍ਹਨਾ ਹੈ, ਇਹ ਲੋਕ ਤਿਨਕਿਆਂ ਵਾਂਗ ਉਡਦੇ ਲੱਭਣੇ ਵੀ ਨਹੀਂ।
ਆਰ ਐਸ ਐਸ ਵਾਲਿਓ, ‘ਇਕਬਾਲ ਸਿੰਘ’ ਤੁਹਾਡੇ ਲਈ ‘ਜੱਥੇਦਾਰ’ ਹੋਣੈ, ਸਾਡੇ ਲਈ ਕਿਸੇ ਗਿਣਤੀ ਵਿੱਚ ਵੀ ਨਹੀਂ ਹੈ।
ਵਿਰੋਧ ਦਾ ਪਹਿਲਾ ਫਰਜ਼ ਦਿੱਲੀ ਦੀ ਗੁਰਦੁਆਰਾ ਕਮੇਟੀ ਦਾ ਬਣਦਾ ਹੈ। ਪਰ ਲੱਗਦੈ ਉਹ ਹਾਲੇ ਕਿਸੇ ਹੋਰ ਨਸ਼ੇ ਵਿੱਚ ਨੇ, ਜਦੋਂ ਉਹਨਾਂ ਦਾ ਨਸ਼ਾ ਟੁੱਟੇਗਾ, ਉਹਨਾਂ ਨੂੰ ਵੀ ਆਪਣੀ ਗਲਤੀ ਜ਼ਰੂਰ ਮਹਿਸੂਸ ਹੋਵੇਗੀ।
ਸਾਡਾ ਇਤਿਹਾਸ ਗਵਾਹ ਹੈ ਕਿ ਅਸੀਂ ਆਖਰੀ ਗੋਲੀ ਤੇ ਆਖਰੀ ਸਿੱਖ ਤੱਕ ਲੜ੍ਹਨ ਵਾਲੇ ਲੋਕ ਹਾਂ। ਅਸੀਂ ਤੁਹਾਡੇ ‘ਸਿੱਖ ਸੰਮੇਲਨ’ ਦੇ ਨਾਮ ‘ਤੇ ਰਚੇ ਜਾ ਰਹੇ ਪਾਖੰਡ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।

ਸਵੈਮ ਸੇਵਕ ਸੰਘ ਦੀ ਬਰਾਂਚ ਰਾਸ਼ਟਰੀ ਸਿੱਖ ਸੰਗਤ ਦਾ ਦਿੱਲ਼ੀ ਵਿੱਚਲਾ
ਡਰਾਮਾ ਪੂਰੀ ਤਰ੍ਹਾਂ ਸਿੱਖ ਵਿਰੋਧੀ- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਨਿਊਯਾਰਕ/ਬਿਊਰੋ ਨਿਊਜ਼:
ਰਾਸ਼ਟਰੀ ਸਵੈਮ ਸੇਵਕ ਸੰਘ ਸਿੱਖਾਂ ਦੀ ਦੁਸ਼ਮਣ ਜਮਾਤ ਹੀ ਨਹੀ ਸਗੋ ਸਿੱਖਾਂ ਅੰਦਰ ਖੜੀ ਕੀਤੀ ਆਪਣੀ ਬਰਾਂਚ ਰਾਸਟਰੀ ਸਿੱਖ ਸੰਗਤ ਰਾਹੀ ਸਿੱਖ ਕੌਮ ਦਾ ਹਿੰਦੂਕਰਨ ਅਤੇ ਭਗਵਾਂਕਰਨ ਕਰਨ ਲਈ ਯਤਨਸ਼ੀਲ ਹੈ,  ਜਿਸ ਤੋ ਕੌਮ ਨੂੰ ਜਾਗਣ ਦੀ ਲੋੜ ਹੈ । ਉਪਰੋਕਤ ਬਿਆਨ ਏ ਐਸ ਓ ਦੇ ਅਗੂਆਂ ਭਾਈ ਦਵਿੰਦਰ ਸਿੰਘ,  ਭਾਈ ਸਰਬਜੀਤ ਸਿੰਘ ਸਰਬ ਕੈਲੀਫੋਰਨੀਆਂ, ਭਾਈ ਇੰਦਰਜੀਤ ਸਿੰਘ,  ਭਾਈ ਗੁਰਦੇਵ ਸਿੰਘ ਸੋਹਲ ਸਿਆਟਲ, ਭਾਈ ਸਤਪ੍ਰਕਾਸ਼ ਸਿੰਘ, ਭਾਈ ਹਰਵਿੰਦਰ ਸਿੰਘ ਨਿਊਯਾਰਕ, ਭਾਈ ਜਸਦੀਪ ਸਿੰਘ ਅਤੇ ਭਾਈ ਅਮਰਦੀਪ ਸਿੰਘ ਅਮਰ ਇੰਡਿਆਨਾ ਨੇ ਸਾਝੇ  ਤੌਰ ਤੇ ਜਾਰੀ ਕੀਤਾ । ਉੁਨ੍ਹਾਂ ਕਿਹਾ ਇਹ ਅਕ੍ਰਿਤਘਣਤ ਲੋਕ  1992 ਵਿੱਚ ਦਿੱਲੀ ਵਿੱਚ ਨੋਵੇ ਪਾਤਿਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਬਣੀ ਕਾਲੋਨੀ ਦਾ ਨਾਂ ਬਦਲ ਕੇ ਭਾਜਪਾ ਦੇ ਉਸ ਸਮੇ ਦੇ ਆਗੂ ਦੇ ਨਾਂ ਤੇ ਰੱਖਣਾਂ ਚਾਹੁੰਦੇ ਸਨ, ਜੋ ਦਿੱਲ਼ੀ ਦੇ ਸਿੱਖਾਂ ਵਲੋ ਵਿਰੋਧ ਕਰਨ ਤੇ ਕਾਮਯਾਬ ਨਹੀ ਹੋ ਸਕੇ, ਉਹ ਲੋਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਇੰਨੇ ਸਨੇਹੀ ਕਿਵੇ ਹੋ ਸਕਦੇ ਹਨ ?ਇਨ੍ਹਾਂ ਦੀਆਂ ਪੰਥ-ਘਾਤਕ ਨੀਤੀਆਂ ਵਾਰੇ ਸਮੁੱਚੇ ਪੰਥ ਅਤੇ ਇਸ ਉਚੇਚੇ ਪ੍ਰੋਗਰਾਮ ਵਾਰੇ ਦਿੱਲੀ ਦੇ ਸਿੱਖਾਂ ਨੂੰ ਵਿਸ਼ੇਸ਼ ਤੌਰ ਤੇ ਭਾਰੀ ਵਿਰੋਧ ਕਰਨਾ ਚਾਹੀਦੈ । ਉਨ੍ਹਾਂ ਕਿਹਾ ਜੋ ਕੌਮ ਅੰਦਰ ਜੋ ਅਖੌਤੀ ਜਥੇਦਾਰਾਂ ਦੇ ਰੂਪ ਵਿੱਚ ਬੁੱਕਲ ਦੇ ਸੱਪ ਬੈਠੇ ਹਨ ਉਹ ਦੁਸ਼ਮਣ ਤੋ ਵੀ ਜਿਆਦਾ ਘਾਤਕ ਅਤੇ ਖਤਰਨਾਕ ਸਾਬਤ ਹੋ ਰਹੇ ਹਨ । ਪਾਰਟੀ ਆਗੂਆਂ ਨੇ ਕਿਹਾ ਕਿ ਇਨ੍ਹਾਂ ਦੱਲੇ ਅਤੇ ਅਖੌਤੀ ਜਥੇਦਾਰਾਂ ਦੀ ਬਿੱਲੀ ਤਾਂ ਲੰਮੇ ਸਮੇ ਤੋ ਥੈਲਿਓਂ ਬਾਹਰ ਆ ਚੁੱਕੀ ਹੈ ਕਿਉਕਿ ਆਪਣੇ ਕਾਰਜਕਾਲ ਦੀ ਸੁਰੂਆਤ ਤੋ ਲੈ ਕੇ ਹੁਣ ਤੱਕ ਇਨ੍ਹਾਂ ਦੀਆਂ ਕਾਰਗੁਜਾਰੀਆਂ ਹਮੇਸ਼ਾਂ ਪੰਥ ਵਿਰੋਧੀ ਹੀ ਰਹੀਆਂ ਹਨ । ਜੇਕਰ ਕਿਤੇ ਪੰਥ ਦੇ ਦਬਾਅ ਹੇਠ ਆ ਕੇ ਕੋਈ ਚੰਗਾ ਹੁਕਮ ਜਾਰੀ ਵੀ ਕੀਤਾ ਹੁਣ ਉਸ ਦੀਆਂ ਆਪ ਹੀ ਧੱਜੀਆਂ ਉਡਾ ਰਹੇ ਹਨ ।  ਉੁਨ੍ਹਾਂ ਸਿੱਖਾਂ ਨਾਲ ਵੀ ਸ਼ਿਕਵਾ ਜ਼ਾਹਿਰ ਕੀਤਾ ਜੋ ਅਜਿਹੇ ਸੰਦਰਭ ਵਿੱਚ ਅੱਜ ਵੀ ਇਨ੍ਹਾਂ ਨੂੰ ਜਥੇਦਾਰ ਮੰਨਦੇ ਹਨ । ਰਾਸ਼ਟਰੀ ਸਿੱਖ ਸੰਗਤ ਪੰਥ ਦੀ ਦੁਸ਼ਮਣ ਜਮਾਤ ਰਾਸ਼ਟਰੀ ਸਵੈਮ ਸੇਵਕ ਸੰਘ ਲਈ ਕੰਮ ਕਰਦੀ ਹੈ ਇਨ੍ਹਾਂ ਤੋ ਬਚਣ ਦੀ ਲੋੜ ਹੈ, ਖਾਸ਼ ਕਰਕੇ ਪੰਜਾਬ ਇਸ ਨੂੰ ਬੁਰੀ ਤਰ੍ਹਾਂ ਖਦੇੜ ਦਿੱਤਾ ਜਾਵੇ।
ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕੀਤੀ ਜਿਥੇ ਇਨ੍ਹਾਂਂ ‘ਸਰਕਾਰੀ ਦੱਲੇ’ ਅਖੌਤੀ ਜਥੇਦਾਰਾਂ ਨੂੰ ਕੌਮ ਕਿਸੇ ਵੀ ਸਟੇਜ ਬੋਲਣ ਤੇ ਪਾਬੰਦੀ ਲਾਉਣ ਲਈ ਵਚਨਬੱਧ ਹੋਵੇ ਉਥੇ ਪੰਥ ਦੇ ਦੁਸ਼ਮਣਾਂ ਵਲੋ ਸਿੱਖਾਂ ਅੰਦਰ ਘੁੱਸਪੈਠ ਕਰਨ ਲਈ ਉੁਲੀਕੇ ਜਾ ਰਹੇ ਅਜਿਹੇ ਪ੍ਰੋਗਰਾਮਾਂ ਦਾ ਮੁਕੱਮਲ ਰੂਪ ਵਿੱਚ ਬਾਈਕਾਟ ਹੀ ਨਾ ਕਰੇ ਬਲਕਿ ਕੌਮ ਇਨ੍ਹਾਂ ਘਾਤਕ ਪ੍ਰੋਗਰਾਮਾਂ ਦਾ ਜੋਰਦਾਰ ਤਰੀਕੇ ਨਾਲ ਵਿਰੋਧ ਕਰਕੇ ਸਰਬੱਤ ਖਾਲਸਾ ਦੇ ਵੱਡੇ ਇਕÂੱਠ ਰਾਹੀ ਚੁਣੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਸਲ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ  (ਹਵਾਰਾ) ਦੇ ਹੁਕਮਾਂ ਦੀ ਤਾਮੀਲ ਕਰੇ ।