ਮੁਤਵਾਜ਼ੀ ਜਥੇਦਾਰਾਂ ਵਲੋਂ ਲਾਈ ਸਜ਼ਾ ਤਹਿਤ ਜੌਹਰ ਸਿੰਘ ਨੇ ਪਲਾਜ਼ਾ ‘ਚ ਝਾੜੂ ਮਾਰ ਕੇ ਸੇਵਾ ਕੀਤੀ ਸ਼ੁਰੂ

ਮੁਤਵਾਜ਼ੀ ਜਥੇਦਾਰਾਂ ਵਲੋਂ ਲਾਈ ਸਜ਼ਾ ਤਹਿਤ ਜੌਹਰ ਸਿੰਘ ਨੇ ਪਲਾਜ਼ਾ ‘ਚ ਝਾੜੂ ਮਾਰ ਕੇ ਸੇਵਾ ਕੀਤੀ ਸ਼ੁਰੂ

ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਨ ਤੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਰੋਕਿਆ
ਅੰਮ੍ਰਿਤਸਰ/ਬਿਊਰੋ ਨਿਊਜ਼ :
ਕੈਪਸ਼ਨ-ਹਰਿਮੰਦਰ ਸਾਹਿਬ ਪਲਾਜ਼ਾ ਵਿਖੇ ਸੇਵਾ ਕਰਦੇ ਹੋਏ ਮਾਸਟਰ ਜੌਹਰ ਸਿੰਘ।
ਮੁਤਵਾਜ਼ੀ ਜਥੇਦਾਰਾਂ ਵੱਲੋਂ ਲਾਈ ਤਨਖਾਹ ਪੂਰੀ ਕਰਨ ਲਈ ਗੁਰਦੁਆਰਾ ਛੋਟਾ ਘੱਲੂਘਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਬਾਹਰ ਪ੍ਰਵੇਸ਼ ਦੁਆਰ ਪਲਾਜ਼ਾ ਵਿੱਚ ਝਾੜੂ ਮਾਰ ਕੇ ਅਤੇ ਕੀਰਤਨ ਸੁਣ ਕੇ ਸੇਵਾ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਮੁੜ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਸ਼ੁਰੂ ਕਰਨੀ ਚਾਹੀ ਪਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਰੋਕ ਦਿੱਤਾ।
ਕੱਲ੍ਹ ਵੀ ਮਾਸਟਰ ਜੌਹਰ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸੇਵਾ ਕਰਨੋਂ ਰੋਕਿਆ ਗਿਆ ਸੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਉਸ ਨੂੰ ਆਖਿਆ ਸੀ ਕਿ ਸ਼੍ਰੋਮਣੀ ਕਮੇਟੀ ਮੁਤਵਾਜ਼ੀ ਜਥੇਦਾਰਾਂ ਨੂੰ ਕੋਈ ਮਾਨਤਾ ਨਹੀਂ ਦਿੰਦੀ ਅਤੇ ਉਨ੍ਹਾਂ ਵੱਲੋਂ ਕੀਤੇ ਫੈਸਲੇ ਨੂੰ ਵੀ ਨਹੀਂ ਮੰਨਦੀ। ਪ੍ਰਵੇਸ਼ ਦੁਆਰ ਪਲਾਜ਼ਾ ਵਿੱਚ ਲਗਪਗ ਦੋ ਘੰਟੇ ਸੇਵਾ ਕਰਨ ਮਗਰੋਂ ਉਸ ਨੇ ਗੱਲਬਾਤ ਕਰਦਿਆਂ ਆਖਿਆ ਕਿ ਮੁਤਵਾਜ਼ੀ ਜਥੇਦਾਰਾਂ ਵੱਲੋਂ ਲਾਈ ਸੱਤ ਦਿਨ ਦੀ ਤਨਖਾਹ ਤਹਿਤ ਉਸ ਨੇ ਇੱਥੇ ਪ੍ਰਵੇਸ਼ ਦੁਆਰ ਪਲਾਜ਼ਾ ਵਿੱਚ ਇਕ ਘੰਟਾ ਝਾੜੂ ਮਾਰਨ ਦੀ ਸੇਵਾ ਕੀਤੀ ਅਤੇ ਇਕ ਘੰਟਾ ਕੀਰਤਨ ਸੁਣਿਆ। ਉਹ ਇਸੇ ਤਰ੍ਹਾਂ ਆਪਣੀ ਸੇਵਾ ਪੂਰੀ ਕਰੇਗਾ। ਉਸ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸੇਵਾ ਸ਼ੁਰੂ ਕਰਨ ਦਾ ਯਤਨ ਕੀਤਾ ਸੀ ਪਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਲਈ ਉਸ ਨੇ ਪਲਾਜ਼ਾ ਵਿੱਚ ਝਾੜੂ ਮਾਰ ਕੇ ਸਫ਼ਾਈ ਦੀ ਸੇਵਾ ਕੀਤੀ ਅਤੇ ਬਾਹਰ ਬੈਠ ਕੇ ਹੀ ਗੁਰਬਾਣੀ ਦਾ ਕੀਰਤਨ ਸੁਣਿਆ। ਉਸ ਨੇ ਸਪਸ਼ਟ ਕੀਤਾ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਹੀ ਉਸ ਨੇ ਸੇਵਾ ਸ਼ੁਰੂ ਕੀਤੀ ਹੈ।
ਦੱਸਣਯੋਗ ਹੈ ਕਿ ਮੁਤਵਾਜ਼ੀ ਜਥੇਦਾਰਾਂ ਨੇ ਉਸ ਨੂੰ 7 ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਰੋਜ਼ਾਨਾ ਇਕ ਘੰਟਾ ਕੀਰਤਨ ਸੁਣਨ, ਇਕ ਘੰਟਾ ਜੂਠੇ ਭਾਂਡੇ ਮਾਂਜਣ ਅਤੇ ਇਕ ਘੰਟਾ ਜੋੜੇ ਝਾੜਨ ਦੀ ਸੇਵਾ ਲਾਈ ਸੀ। ਇਸ ਤੋਂ ਬਾਅਦ ਗੁਰਦੁਆਰਾ ਛੋਟਾ ਘੱਲੂਘਾਰਾ ਵਿੱਚ ਅਖੰਡ ਪਾਠ ਕਰਾਉਣ ਅਤੇ 5100 ਰੁਪਏ ਗੋਲਕ ਵਿੱਚ ਪਾਉਣ ਦੇ ਆਦੇਸ਼ ਦਿੱਤੇ ਸਨ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ‘ਤੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਪੰਜ ਸਿੰਘ ਸਾਹਿਬਾਨ ਨੇ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਹੈ ਅਤੇ ਸਿੱਖ ਸੰਗਤ ਨੂੰ ਉਸ ਨਾਲ ਕੋਈ ਸਾਂਝ ਨਾ ਰੱਖਣ ਦੀ ਹਦਾਇਤ ਕੀਤੀ ਹੈ।