‘ਆਪ’ ਦੀ ਟੇਕ ਹੁਣ ਸਾਬਕਾ ਫ਼ੌਜੀਆਂ ‘ਤੇ, ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਐਲਾਨਿਆ ਉਮੀਦਵਾਰ

‘ਆਪ’ ਦੀ ਟੇਕ ਹੁਣ ਸਾਬਕਾ ਫ਼ੌਜੀਆਂ ‘ਤੇ, ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਐਲਾਨਿਆ ਉਮੀਦਵਾਰ
ਜਲੰਧਰ ਵਿਚ ਪ੍ਰੈੱਸ ਮਿਲਣੀ ਦੌਰਾਨ ਗੁਰਦਾਸਪੁਰ ਉਪ ਚੋਣ ਲਈ ‘ਆਪ’ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ, ਸੁਖਪਾਲ ਸਿੰਘ ਖਹਿਰਾ ਅਤੇ ਐਮਪੀ ਭਗਵੰਤ ਮਾਨ ਜੇਤੂ ਨਿਸ਼ਾਨ ਬਣਾਉਂਦੇ ਹੋਏ।

ਜਲੰਧਰ੍ਹ/ਬਿਊਰੋ ਨਿਊਜ਼ :
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਥੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਦਾ ਰਸਮੀ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਇੱਥੇ ਸਰਕਟ ਹਾਊਸ ਵਿੱਚ ਪਾਰਟੀ ਉਮੀਦਵਾਰ ਵਜੋਂ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਨਾਮ ਦਾ ਐਲਾਨ ਕੀਤਾ ਹੈ। ਇਸ ਮੌਕੇ ਸ੍ਰੀ ਮਾਨ ਅਤੇ ਸ੍ਰੀ ਖਹਿਰਾ ਨੇ ਕਿਹਾ ਕਿ ‘ਆਪ’ ਨੇ ਗੁਰਦਾਸਪੁਰ ਚੋਣ ਲਈ ਸਥਾਨਕ ਆਗੂ ਨੂੰ ਉਮੀਦਵਾਰ ਬਣਾਇਆ ਹੈ, ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਬਾਖ਼ੂਬੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਖਜੂਰੀਆ 21 ਸਤੰਬਰ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨਗੇ। ਫ਼ੌਜੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ‘ਆਪ’ ਵੱਲੋਂ ਇੱਕ ਸਾਬਕਾ ਫ਼ੌਜੀ ਅਫ਼ਸਰ ਨੂੰ ਉਮੀਦਵਾਰ ਬਣਾਉਣ ਨੂੰ ਸਿਆਸੀ ਪੈਂਤੜੇ ਵਜੋਂ ਦੇਖਿਆ ਜਾ ਰਿਹਾ ਹੈ। 64 ਸਾਲਾ ਮੇਜਰ ਜਨਰਲ ਸੁਰੇਸ਼ ਖਜੂਰੀਆ ਪਠਾਨਕੋਟ ਨੇੜਲੇ ਪਿੰਡ ਭੁੰਗਲਾ ਦੇ ਰਹਿਣ ਵਾਲੇ ਹਨ ਤੇ ਅੱਜ-ਕੱਲ੍ਹ ਪਠਾਨਕੋਟ ਸ਼ਹਿਰ ਵਿੱਚ ਰਹਿ ਰਹੇ ਹਨ।
ਚੰਡੀਗੜ੍ਹ :ਗੁਰਦਾਸਪੁਰ ਲੋਕ ਸਭਾ ਦੀ 11 ਅਕਤੂਬਰ ਨੂੰ ਹੋ ਰਹੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਲਈ ਸਿਆਸੀ ਵੱਕਾਰ ਦਾ ਸਵਾਲ ਬਣ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਚੋਣ ਦੋਵਾਂ ਆਗੂਆਂ ਦਾ ਸਿਆਸੀ ਗਰਾਫ਼ ਤੈਅ ਕਰੇਗੀ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੀ ਰਵਾਇਤ ਤੋਂ ਉਲਟ ਇਸ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ਲਈ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜੂਰੀਆ ਨੂੰ ਉਮੀਦਵਾਰ ਬਣਾਉਣ ਦਾ ਫ਼ੈਸਲਾ ਹਾਈਕਮਾਂਡ ਦੀ ਥਾਂ ਪੰਜਾਬ ਦੀ ਲੀਡਰਸ਼ਿਪ ਨੇ ਕੀਤਾ ਹੈ। ਸ੍ਰੀ ਮਾਨ ਅਤੇ ਸ੍ਰੀ ਖਹਿਰਾ ਨੇ ਪਿਛਲੇ ਦਿਨੀਂ ਸੂਬਾ ਲੀਡਰਸ਼ਿਪ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੀ ਲੀਡਰਸ਼ਿਪ ਦਾ ਪੱਖ ਸੁਣਨ ਤੋਂ ਬਾਅਦ ਹੀ ਸ੍ਰੀ ਖਜੂਰੀਆ ਦੇ ਨਾਮ ‘ਤੇ ਮੋਹਰ ਲਾ ਦਿੱਤੀ ਸੀ। ਸ੍ਰੀ ਮਾਨ ਨੇ ਉਸੇ ਵੇਲੇ ਹੀ ਕਹਿ ਦਿੱਤਾ ਸੀ ਕਿ ਗੁਰਦਾਸਪੁਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਫ਼ੈਸਲਾ ਸੂਬਾਈ ਲੀਡਰਸ਼ਿਪ ਹੀ ਕਰੇਗੀ ਅਤੇ ਇਸ ਤੋਂ ਬਾਅਦ ਸਿਆਸੀ ਮਾਮਲਿਆਂ ਦੀ ਕਮੇਟੀ ਰਾਹੀਂ ਇਸ ਫ਼ੈਸਲੇ ‘ਤੇ ਅੰਤਿਮ ਮੋਹਰ ਲਵਾਈ ਜਾਵੇਗੀ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਸ੍ਰੀ ਮਾਨ ਅਤੇ ਸ੍ਰੀ ਖਹਿਰਾ ਨੇ ਪਾਰਟੀ ਹਾਈਕਮਾਂਡ ਤੇ ਖ਼ਾਸ ਕਰ ਕੇ ਪੰਜਾਬ ਲਈ ਨਿਯੁਕਤ ਕੀਤੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦੀ ਪੰਜਾਬ ਇਕਾਈ ਵਿੱਚ ਹੱਦੋਂ ਵੱਧ ਦਖਲਅੰਦਾਜ਼ੀ ‘ਤੇ ਜਨਤਕ ਇਤਰਾਜ਼ ਕੀਤਾ ਸੀ। ਸ੍ਰੀ ਮਾਨ ਨੇ ਤਾਂ ਟਿਕਟਾਂ ਦੀ ਵੰਡ ਮੌਕੇ ਉਨ੍ਹਾਂ ਸਮੇਤ ਪੰਜਾਬ ਦੀ ਲੀਡਰਸ਼ਿਪ ਨੂੰ ਭਰੋਸੇ ਵਿੱਚ ਨਾ ਲੈਣ ਦੇ ਵੀ ਦੋਸ਼ ਲਾਏ ਸਨ। ਹੁਣ ਪਾਰਟੀ ਦੀ ਪੰਜਾਬ ਇਕਾਈ ਦਾ ਸਮੁੱਚਾ ਢਾਂਚਾ ਵੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਹੀ ਘੜਿਆ ਗਿਆ ਹੈ, ਜਿਸ ਕਾਰਨ ਸ੍ਰੀ ਖਜੂਰੀਆ ਦੀ ਹਾਰ-ਜਿੱਤ ਲਈ ਪੰਜਾਬ ਦੀ ਲੀਡਰਸ਼ਿਪ ਹੀ ਜ਼ਿੰਮੇਵਾਰ ਮੰਨੀ ਜਾਵੇਗੀ। ਇਸ ਤੋਂ ਇਲਾਵਾ ਪਾਰਟੀ ਵਿੱਚ ਭਾਰੀ ਚਰਚਾ ਹੈ ਕਿ ਪੰਜਾਬ ਵਿੱਚ ਨੰਬਰ ਵੰਨ ਲੀਡਰ ਬਣਨ ਲਈ ਵੀ ਦੋ ਪ੍ਰਮੁੱਖ ਆਗੂਆਂ ਸ੍ਰੀ ਮਾਨ ਅਤੇ ਸ੍ਰੀ ਖਹਿਰਾ ਵਿਚਕਾਰ ਦੌੜ ਲੱਗੀ ਹੋਈ ਹੈ। ਜਿੱਥੇ ਪਿਛਲੇ ਸਮੇਂ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਮਾਰਚ ਕਰਨ ਦੇ ਪ੍ਰੋਗਰਾਮ ਦੀ ਸਾਰੀ ਕਮਾਂਡ ਸ੍ਰੀ ਖਹਿਰਾ ਨੇ ਹੱਥ ਵਿੱਚ ਰੱਖੀ ਸੀ, ਉਥੇ ਪਿਛਲੇ ਦਿਨੀਂ ਇੱਥੇ ਪੰਜਾਬ ਭਵਨ ਵਿੱਚ ਗੁਰਦਾਸਪੁਰ ਲਈ ਉਮੀਦਵਾਰ ਬਾਰੇ ਫ਼ੈਸਲਾ ਕਰਨ ਲਈ ਪਾਰਟੀ ਦੀ ਸੂਬਾ ਮੀਟਿੰਗ ਦੌਰਾਨ ਭਾਵੇਂ ਮੁੱਖ ਕੁਰਸੀ ਉਪਰ ਸ੍ਰੀ ਖਹਿਰਾ ਬਿਰਾਜਮਾਨ ਸਨ, ਪਰ ਬਾਅਦ ਵਿੱਚ ਮੀਡੀਆ ਦੇ ਰੂ-ਬ-ਰੂ ਮੁੱਖ ਤੌਰ ‘ਤੇ ਭਗਵੰਤ ਮਾਨ ਹੀ ਹੋਏ ਸਨ। ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਸੂਬੇ ਦੇ ਅਧਿਕਾਰਤ ਆਗੂਆਂ ਤੋਂ ਇਲਾਵਾ ਕੁਝ ਹੋਰ ਆਗੂਆਂ ਦੇ ਸ਼ਾਮਲ ਹੋਣ ਦੇ ਮੁੱਦੇ ‘ਤੇ ਵੀ ਮੁੱਖ ਨੇਤਾਵਾਂ ਵਿੱਚ ਕੁਝ ਕੁੜੱਤਣ ਪੈਦਾ ਹੋਈ ਸੀ। ਸ੍ਰੀ ਮਾਨ ਨੇ ਗੁਰਦਾਸਪੁਰ  ਚੋਣ ਲਈ ਸਾਰੇ ਵਿਧਾਇਕਾਂ ਸਮੇਤ ਪੰਜਾਬ ਭਰ ਦੀ ਲੀਡਰਸ਼ਿਪ ਦੀਆਂ ਵੱਖ-ਵੱਖ ਡਿਊਟੀਆਂ ਲਾ ਦਿੱਤੀਆਂ ਹਨ ਅਤੇ ਅਗਲੇ ਦਿਨੀਂ ਉਹ ਖ਼ੁਦ ਵੀ ਗੁਰਦਾਸਪੁਰ ਵਿੱਚ ਪੱਕੇ ਡੇਰੇ ਲਾ ਰਹੇ ਹਨ।