ਅਮਰੀਕਾ ਵਿਚ ਈਦ ਦੇ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ ਵਿੱਚ 3 ਜਖਮੀ

ਅਮਰੀਕਾ ਵਿਚ ਈਦ ਦੇ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ ਵਿੱਚ 3 ਜਖਮੀ
ਕੈਪਸ਼ਨ ਫਿਲਾਡੈਲਫੀਆ ਵਿਚ ਗੋਲੀਬਾਰੀ ਉਪਰੰਤ ਮੌਕੇ 'ਤੇ ਤਾਇਨਾਤ ਪੁਲਿਸ

* 5 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਲਿਆ ਹਿਰਾਸਤ ਵਿੱਚ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਫਿਲਾਡੈਲਫੀਆ ਸ਼ਹਿਰ ਵਿਚ ਈਦ ਦੇ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ ਵਿਚ ਘੱਟੋ ਘੱਟ 3 ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ ਜਿਨਾਂ ਵਿਚੋਂ ਇਕ ਦੇ ਢਿੱਡ ਵਿਚ ਗੋਲੀ ਵੱਜੀ ਹੈ। ਘਟਨਾ ਸਮੇ 1000 ਤੋਂ ਵਧ ਲੋਕ ਇਕ ਦੂਸਰੇ ਨਾਲ  ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਸਨ। ਗੋਲੀਬਾਰੀ ਉਪਰੰਤ ਲੋਕਾਂ ਵਿਚ ਭਗਦੜ  ਮੱਚ ਗਈ ਤੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਗਏ। ਫਿਲਾਡੈਲਫੀਆ ਪੁਲਿਸ ਵਿਭਾਗ ਦੇ ਇਕ ਬੁਲਾਰੇ ਕੈਵਿਨ ਜੇ ਬੈਥਲ ਨੇ ਕਿਹਾ ਹੈ ਕਿ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨਾਂ ਕੋਲੋਂ ਕਈ ਹਥਿਆਰ ਬਰਾਮਦ ਹੋਏ ਹਨ।   ਗੋਲੀਬਾਰੀ ਫਿਲਾਡੈਲਫੀਆ ਮਸਜਿਦ ਨੇੜੇ ਦੁਪਹਿਰ 2.30 ਵਜੇ ਦੇ  ਆਸ ਪਾਸ ਹੋਈ ਜਿਥੇ ਈਦ ਮਨਾਉਣ ਲਈ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ।  ਬੈਥਲ ਅਨੁਸਾਰ ਪੁਲਿਸ ਦਾ ਵਿਸ਼ਵਾਸ਼ ਹੈ ਕਿ ਦੋ ਧੜਿਆਂ ਵਿਚਾਲੇ ਗੋਲੀਬਾਰੀ  ਪਾਰਕ ਵਿਚ ਸ਼ੁਰੂ ਹੋਈ। ਉਨਾਂ ਕਿਹਾ ਗ੍ਰਿਫਤਾਰ ਵਿਅਕਤੀਆਂ ਵਿਚ ਇਕ  ਔਰਤ ਵੀ ਸ਼ਾਮਿਲ ਹੈ। ਗ੍ਰਿਫਤਾਰ 15 ਸਾਲਾ ਇਕ ਸ਼ੱਕੀ ਨੌਜਵਾਨ ਦੇ ਮੋਢੇ ਤੇ ਲੱਤ ਵਿਚ ਗੋਲੀ ਵੱਜੀ ਹੈ ਜਿਸ ਨੂੰ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ।