ਅਕਾਲੀ ਆਗੂ ਮਨਜੀਤ ਸਿੰਘ ਜੀਕੇ ‘ਤੇ ਹਮਲਾ

ਅਕਾਲੀ ਆਗੂ ਮਨਜੀਤ ਸਿੰਘ ਜੀਕੇ ‘ਤੇ ਹਮਲਾ

ਮਨਜੀਤ ਸਿੰਘ ਜੀਕੇ ‘ਤੇ ਨਿਊਯਾਰਕ ‘ਚ ਹੋਏ ਹਮਲੇ ਸਮੇਂ ਦੀ ਤਸਵੀਰ।
ਨਿਊਯਾਰਕ/ਬਿਊਰੋ ਨਿਊਜ਼ :

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ‘ਤੇ ਕੈਲੀਫੋਰਨੀਆ ‘ਚ  ਬਾਦਲ ਦਲ ਦੀਆਂ ਪੰਜਾਬ ਵਿਚ ਸਿੱਖ ਵਿਰੋਧੀ ਕਾਰਵਾਈਆਂ ਤੋਂ ਖਫਾ ਹੋਏ ਸਿੱਖਾਂ ਨੇ ਹਮਲਾ ਕਰ ਦਿੱਤਾ, ਜਿਸ ‘ਚ ਉਨ੍ਹਾਂ ਦਾ ਇਕ ਸਾਥੀ ਜ਼ਖ਼ਮੀ ਹੋ ਗਿਆ। ਹਮਲਾ ਕਰਨ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਮਨਜੀਤ ਸਿੰਘ ਜੀਕੇ. ਦੀ ਕੁੱਟਮਾਰ ਕੀਤੀ । ਸ਼੍ਰੋਮਣੀ ਅਕਾਲੀ ਦਲ ਦੇ ਆਗੂ ‘ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਉਤੇ ਨਿਊਯਾਰਕ ‘ਚ ਹਮਲਾ ਕੀਤਾ ਗਿਆ ਸੀ। ਮਨਜੀਤ ਸਿੰਘ ਕੈਲੀਫੋਰਨੀਆ ਦੇ ਯੂਬਾ ਸ਼ਹਿਰ ਸਥਿਤ ਗੁਰਦੁਆਰੇ ਗਏ ਸਨ ਕਿ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ 30-35 ਲੋਕਾਂ ਦੇ ਗਰੁੱਪ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਕੈਲੀਫੋਰਨੀਆ ਤੋਂ ਮਨਜੀਤ ਸਿੰਘ ਨੇ ਫੋਨ ‘ਤੇ ਦੱਸਿਆ, ”ਮੈਂ ਜ਼ਖ਼ਮੀ ਹਾਂ। ਉਨ੍ਹਾਂ ਮੈਨੂੰ ਧੱਕਾ ਦਿੱਤਾ ਤੇ ਠੁੱਡੇ ਮਾਰੇ। ਇਹ ਇਕ ਜਾਨਲੇਵਾ ਹਮਲਾ ਸੀ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਕ ਸਾਥੀ ਹਸਪਤਾਲ ਦਾਖਲ ਹੈ ਅਤੇ ਪੁਲੀਸ ਨੇ ਹਮਲੇ ‘ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਯੂ-ਟਿਊਬ ਉੱਤੇ ਨਸ਼ਰ ਹੋਈ ਵੀਡੀਓ ਤੋਂ ਪਤਾ ਲਗਦਾ ਹੈ ਕਿ ਹਮਲਾ ਕਰਨ ਵਾਲਿਆਂ ਦੇ ਧੱਕਾ ਮਾਰਨ ਉਤੇ ਮਨਜੀਤ ਸਿੰਘ ਜੀਕੇ. ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਉਹਦੀ ਕੁੱਟਮਾਰ ਕੀਤੀ ਗਈ। ਬਾਅਦ ਵਿਚ ਜੀ.ਕੇ. ਦੇ ਸਾਥੀ ਉਸ ਨੂੰ ਉਠਾ ਕੇ ਪਰ੍ਹਾਂ ਲੈ ਗਏ। ਕੁਝ ਦਿਨ ਪਹਿਲਾਂ ਜੀਕੇ. ਨੇ ਦੋਸ਼ ਲਾਇਆ ਸੀ ਕਿ ਕੁਝ ਲੋਕਾਂ ਨੇ ਉਸ ਉੱਤੇ ਨਿਊਯਾਰਕ ਵਿਖੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਘਟਨਾ ਦੇ ਜੋ ਦ੍ਰਿਸ਼ ਸਾਹਮਣੇ ਆਏ ਸਨ ਉਨ੍ਹਾਂ ਵਿਚ ਕੁਝ ਨੌਜਵਾਨ ਸ਼੍ਰੋ.ਅ.ਦ. (ਬਾਦਲ) ਉੱਤੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਲਾ ਰਹੇ ਸਨ।
ਕੈਲੀਫੋਰਨੀਆ ਦੀ ਘਟਨਾ ਵਿਚ ਮਨਜੀਤ ਸਿੰਘ ਜੀ.ਕੇ ਦੀ ਪੱਗ ਲੱਥਣ ਨੂੰ ਸਿੱਖਾਂ ਦੇ ਇਕ ਹਿੱਸੇ ਵੱਲੋਂ ਮੰਦਭਾਗਾ ਦੱਸਿਆ ਜਾ ਰਿਹਾ ਹੈ ਤੇ ਯਕੀਨਨ ਕਿਸੇ ਵੀ ਸਿੱਖ ਦੀ ਇੰਝ ਦਸਤਾਰ ਲੱਥਣੀ ਮੰਦਭਾਗੀ ਗੱਲ ਹੀ ਹੈ। ਪਰ ਇਸ ਦੇ ਨਾਲ ਹੀ ਇਹ ਨਜ਼ਰੀਆ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਕੱਥੂਨੰਗਲ ਵਿਚ ਖਿਲਾਰੇ ਕੰਡੇ ਹੀ ਹਨ ਜਿਹੜੇ ਸ਼੍ਰੋ.ਅ.ਦ. (ਬਾਦਲ) ਵਾਲਿਆਂ ਨੂੰ ਕੈਲੀਫੋਰਨੀਆ ਵਿਚ ਜਾ ਕੇ ਚੁਗਣੇ ਪਏ।
ਜ਼ਿਕਰਯੋਗ ਹੈ ਕਿ ਬਾਦਲ ਦਲ ਨੇ ਅਕਤੂਬਰ 2006 ਵਿਚ ਇਸ ਤੋਂ ਵੱਧ ਵਿਓਂਤਬੰਦੀ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨਾਲ ਸਬੰਧਤ ਸਿੱਖਾਂ ਨੂੰ ਬਾਬਾ ਬੁੱਢਾ ਜੀ ਦੀ ਸ਼ਤਾਬਦੀ ਸਬੰਧੀ ਹੋ ਰਹੇ ਸਮਾਗਮ ਦੇ ਪੰਡਾਲ ਵਿਚ ਜਾਣ ਤੋਂ ਰੋਕਣ ਲਈ ਮਾਰੂ ਹਮਲਾ ਕੀਤਾ ਸੀ ਜਿਸ ਵਿਚ ਸ. ਸਿਮਰਨਜੀਤ ਸਿੰਘ ਮਾਨ ਸਮੇਤ ਕਈ ਸਿੱਖ ਆਗੂਆਂ ਉੱਤੇ ਰੋੜਿਆਂ, ਕਿਰਪਾਨਾਂ, ਡਾਂਗਾਂ ਤੇ ਗੋਲੀਆਂ ਨਾਲ ਹਮਲਾ ਕੀਤਾ ਸੀ। ਸਿੱਖ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਕੱਥੁਨੰਗਲ ਘਟਨਾ ਵੀ ਮੰਦਭਾਗੀ ਸੀ ਤੇ ਕੈਲੀਫੋਰਨੀਆ ਵਿਚ ਵਾਪਰੀ ਘਟਨਾ ਵੀ ਮੰਦਭਾਗੀ ਹੈ ਕਿਉਂਕਿ ਅਖੀਰ ਇਹ ਹੈ ਤਾਂ ਸਿੱਖਾਂ ਵਿਚਲੀ ਅੰਦਰੂਨੀ ਖਾਨਾਜੰਗੀ ਦਾ ਹੀ ਪ੍ਰਗਟਾਵਾ। ਇਸ ਦੇ ਨਾਲ ਹੀ ਇਹ ਘਟਨਾ ਸੱਤਾ ਦੇ ਨਸ਼ੇ ਵਿਚ ਸਿੱਖਾਂ ਨਾਲ ਹੀ ਵਧੀਕੀਆਂ ਕਰਨ ਵਾਲੇ ਸਿੱਖਾਂ ਵਿਚਲੇ ਹੀ ਹਿੰਦ ਹਕੂਮਤ ਪੱਖੀ ਲੋਕਾਂ ਲਈ ਸਬਕ ਵੀ ਹੈ ਤੇ ਇਸ ਗੱਲ ਦੀ ਤਸਦੀਕ ਵੀ ਕਰਦੀ ਹੈ ਕਿ ਆਪਣਾ ਬੀਜਿਆ ਵੱਢਣਾ ਵੀ ਪੈਂਦਾ ਹੈ।
ਐੱਸਐੱਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ‘ਚ ਕਿਹਾ ਕਿ ਮਨਜੀਤ ਸਿੰਘ ਜੀਕੇ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਗੁਰਦੁਆਰੇ ਦੇ ਬਾਹਰ ਸ਼੍ਰੋਮਣੀ ਅਕਾਲੀ ਦੇ ਆਗੂਆਂ ਖ਼ਿਲਾਫ਼ ਸ਼ਾਂਤੀਪੂਰਨ ਮੁਜ਼ਾਹਰਾ ਕਰ ਰਹੇ ਕਾਰਕੁਨਾਂ ਨੂੰ ਹਮਲੇ ਲਈ ਉਕਸਾਇਆ ਸੀ ਤੇ ਐੱਸਐੱਫਜੇ ਨੇ ਅਮਰੀਕਾ ਦੇ ਕਾਨੂੰਨ ਵਿਭਾਗ ‘ਚ ਜੀਕੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਅਮਰੀਕੀ ਇਮੀਗਰੇਸ਼ਨ ਵਿਭਾਗ ਤੋਂ ਮੰਗ ਕੀਤੀ ਕਿ ਅਮਰੀਕਾ ਵਿਚ ਜੀਕੇ ਦੀਆਂ ਗ਼ੈਰਕਾਨੂੰਨੀ ਕਾਰਵਾਈਆਂ ਦਾ ਨੋਟਿਸ ਲਿਆ ਜਾਵੇ।