ਨਸ਼ਾ ਤਸਕਰੀ ਦੇ ਦੋਸ਼ ‘ਚ ਅਮਰੀਕਾ ਜੇਲ੍ਹ ਕੱਟਣ ਵਾਲੇ ਦੋ ਮੁਲਜ਼ਮ ਹੁਣ ਚੰਡੀਗੜ੍ਹ ‘ਚ ਪੰਜ ਕਿਲੋ ਹੈਰੋਇਨ ਸਮੇਤ ਕਾਬੂ

ਨਸ਼ਾ ਤਸਕਰੀ ਦੇ ਦੋਸ਼ ‘ਚ ਅਮਰੀਕਾ ਜੇਲ੍ਹ ਕੱਟਣ ਵਾਲੇ ਦੋ ਮੁਲਜ਼ਮ ਹੁਣ ਚੰਡੀਗੜ੍ਹ ‘ਚ ਪੰਜ ਕਿਲੋ ਹੈਰੋਇਨ ਸਮੇਤ ਕਾਬੂ

ਲੁਧਿਆਣਾ/ਬਿਊਰੋ ਨਿਊਜ਼ :
ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਭਾਰਤ ਦੇ ਕਈ ਹਿੱਸਿਆਂ ਵਿੱਚ ਸਪਲਾਈ ਕਰਨ ਵਾਲੇ ਦੋ ਤਸਕਰਾਂ ਨੂੰ ਐਸਟੀਐਫ਼ ਦੀ ਟੀਮ ਨੇ ਨਾਕੇ ਦੌਰਾਨ ਚੰਡੀਗੜ੍ਹ ਰੋਡ ਸਥਿਤ ਸੈਕਟਰ 39 ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਅਮਰੀਕਾ ਰਹਿ ਚੁੱਕੇ ਹਨ ਤੇ ਉੱਥੇ ਵੀ ਨਸ਼ਾ ਤਸਕਰੀ ਦੇ ਦੋਸ਼ ਹੇਠ ਸਜ਼ਾ ਕੱਟ ਚੁੱਕੇ ਹਨ। ਦੋਵੇਂ ਮੁਲਜ਼ਮ ਉੱਥੋਂ ਡਿਪੋਰਟ ਕਰ ਕੇ ਵਾਪਸ ਭਾਰਤ ਭੇਜ ਦਿੱਤੇ ਗਏ ਸਨ। ਇਹ ਦੋਵੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਰਾਜਾ ਕੰਦੋਲਾ ਦੇ ਸਾਥੀ ਹਨ, ਜੋ ਜੇਲ੍ਹ ਵਿਚੋਂ ਹੀ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਗੋਰਾਇਆ ਦੇ ਪਿੰਡ ਮਨਸੂਰਪੁਰ ਵਾਸੀ ਪਲਵਿੰਦਰ ਸਿੰਘ ਸਿੱਧੂ ਉਰਫ਼ ਪਿੰਦਾ ਉਰਫ਼ ਪਾਲਾ, ਪਿੰਡ ਬਡਾਲਾ ਵਾਸੀ ਰਵਿੰਦਰ ਸਿੰਘ ਉਰਫ਼ ਰਵੀ ਤੇ ਸ਼ਹੀਦ ਭਗਤ ਸਿੰਘ ਨਗਰ ਸਥਿਤ ਪਿੰਡ ਹੱਪੋਵਾਲ ਦੇ ਰਹਿਣ ਵਾਲੇ ਕਪੂਰਥਲਾ ਜੇਲ੍ਹ ਵਿੱਚ ਬੰਦ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਪਾਲਾ ਅਤੇ ਰਵੀ ਨੂੰ ਵੀਰਵਾਰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਦੋਵਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਮੁਲਜ਼ਮ ਰਾਜਾ ਕੰਦੋਲਾ ਨੂੰ ਵੀ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਪੱਤਰਕਾਰ ਮਿਲਣੀ ਕਰਦਿਆਂ ਐਸਟੀਐਫ਼ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਸੈਕਟਰ 39 ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਮੁਲਜ਼ਮ ਇੱਕ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਹਨ, ਜਿਨ੍ਹਾਂ ਕੋਲ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਹੈ। ਦੋਵੇਂ ਮੁਲਜ਼ਮ ਨਸ਼ੀਲਾ ਪਦਾਰਥ ਸਪਲਾਈ ਕਰਨ ਜਾ ਰਹੇ ਹਨ, ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਨੂੰ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕਰ ਲਿਆ।
ਕੱਪੜੇ ਦੀ ਬਣਾਈ ਬੈਲਟ ਵਿੱਚ ਲੁਕਾਈ ਹੋਈ ਸੀ ਹੈਰੋਇਨ
ਪੁਲੀਸ ਨੂੰ ਚਕਮਾ ਦੇਣ ਲਈ ਮੁਲਜ਼ਮਾਂ ਨੇ ਇੱਕ ਕੱਪੜੇ ਦੀ ਬੈਲਟ ਬਣਵਾ ਕੇ ਉਸੇ ਵਿਚ ਹੈਰੋਇਨ ਰੱਖੀ ਹੋਈ ਸੀ ਤੇ ਉਸ ਨੂੰ ਆਪਣੀ ਪੈਂਟ ਨਾਲ ਬੰਨ੍ਹਿਆ ਹੋਇਆ ਸੀ। ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਢਾਈ-ਢਾਈ ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਭਾਰਤ ਆ ਕੇ ਦੋਵੇਂ ਮੁਲਜ਼ਮ ਕੰਦੋਲਾ ਦੇ ਸੰਪਰਕ ਵਿਚ ਆਏ
ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਦੋਵੇਂ ਮੁਲਜ਼ਮ ਭਾਰਤ ਆਉਣ ਤੋਂ ਬਾਅਦ ਸੰਪਰਕ ਵਿਚ ਆਏ ਤੇ ਚੰਗੇ ਦੋਸਤ ਬਣ ਗਏ। ਮੁਲਜ਼ਮਾਂ ਨੇ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਮੁਲਾਕਾਤ ਰਾਜਾ ਕੰਦੋਲਾ ਨਾਲ ਹੋਈ। ਉਸ ਤੋਂ ਬਾਅਦ ਤਿੰਨੇ ਮੁਲਜ਼ਮ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਕਰਨ ਲੱਗੇ।